ਨਵੇਂ ਬਰੈਂਪਟਨ ਦੀ ਉਸਾਰੀ ਦਾ ਕੌਣ ਹਿਤੂ?

ਬਰੈਂਪਟਨ ਸਿਟੀ ਕਾਉਂਸਲ ਆਪੋ ਆਪਣੇ ਨਿੱਜੀ ਹਿੱਤਾਂ ਅਤੇ ਨਿੱਜੀ ਹਊਮੇ ਦੀਆਂ ਗੱਠੜੀਆਂ ਦੇ ਬੋਝ ਕਾਰਣ ਆਪਸ ਵਿੱਚ ਦੁਫਾੜ ਹੈ, ਇਹ ਕੋਈ ਨਵੀਂ ਖ਼ਬਰ ਨਹੀਂ ਹੈ। ਨਵੀਂ ਖ਼ਬਰ ਇਹ ਵੀ ਨਹੀਂ ਕਿ ਦੋ ਧੜਿਆਂ ਵਿੱਚ ਵੰਡੀ ਕਾਉਂਸਲ ਦਾ ਹਰ ਮੈਂਬਰ ਕਮਿਉਨਿਟੀ ਈਵੈਂਟਾਂ ਅਤੇ ਨਿੱਜੀ ਮੁਲਾਕਾਤਾਂ ਵਿੱਚ ਇਹ ਆਖਣੋਂ ਨਹੀਂ ਝਿਜਕਦਾ ਕਿ ਉਹ ‘ਲੋਕ ਸੇਵਾ’ ਹਿੱਤ’ ਜੁੰਮੇਵਾਰੀਆਂ ਦਾ ਬੋਝ ਢੋਅ ਰਿਹਾ ਹੈ। ਵੈਸੇ ਸਿਟੀ ਕਾਉਂਸਲ ਵਿੱਚ ਏਕਾ ਹੋਵੇ ਜਾਂ ਦੁਫਾੜ, ਇਸਦਾ ਇੱਥੇ ਵੱਸਦੀ ਬਹੁ-ਗਿਣਤੀ ਵੱਸੋਂ ਭਾਵ ਪਰਵਾਸੀ ਭਾਈਚਾਰਿਆਂ ਨੂੰ ਇੱਕ ਹੀ ਨਤੀਜਾ ਭੁਗਤਣਾ ਪੈਂਦਾ ਹੈ ਕਿ ਟੈਕਸ ਉਹ ਭਰਨ ਅਤੇ ਸਹੂਲਤਾਂ ਵੇਲੇ ਉਹਨਾਂ ਦੇ ਹਿੱਤ ਅੱਖੋਂ ਪਰੋਖੇ ਰਹਿ ਜਾਣ। ਖੈਰ, ਹੁਣ ਬਰੈਂਪਟਨ ਦੀ ਸਿਟੀ ਕਾਉਂਸਲ ਦੀ ਮੰਦੀ ਕਾਰਗੁਜ਼ਾਰੀ ਨੂੰ ਨਾ ਸਹਾਰਦੇ ਹੋਏ ਇੱਕ ਹੋਰ ਗਰੁੱਪ ਹੋਂਦ ਵਿੱਚ ਆਇਆ ਹੈ ਜਿਸਦਾ ਨਾਮ ‘ਨਿਊ ਬਰੈਂਪਟਨ’ ਭਾਵ ਨਵਾਂ ਬਰੈਂਪਟਨ ਹੈ।

ਨਵੇਂ ਬਰੈਂਪਟਨ ਦੇ ਬੋਰਡ ਆਫ ਡਾਇਰੈਕਟਰਾਂ ਵਿੱਚ ਉਹ ਨਾਮ ਸ਼ਾਮਲ ਹਨ ਜਿਹੜੇ ਬਰੈਂਪਟਨ ਵਿੱਚ ਵੱਡੇ ਕਾਰੋਬਾਰੀਆਂ ਜਾਂ ਬਰੈਂਪਟਨ ਬਾਰੇ ਪਾਲਸੀਆਂ ਬਣਾਉਣ ਵਾਲੇ ਵਾਲਿਆਂ ਦੀ ਬਾਂਹ ਮਰੋੜ ਸੱਕਣ ਦੀ ਸਮਰੱਥਾ ਰੱਖਦੇ ਹੋ ਸਕਦੇ ਹਨ। ਇਹਨਾਂ ਵਿੱਚ ਨੀਲ ਡੇਵਿਸ, ਰੌਡਰਿੱਕ ਰਾਈਸ, ਡੇਵ ਕਪਿਲ, ਇਸ ਪਰਿਵਾਰ ਦਾ ਇੱਕ ਹੋਰ ਮੈਂਬਰ ਮਨੋਜ ਕਪਿਲ ਅਤੇ ਇੱਕ ਹੋਰ ਮੈਂਬਰ ਕਵਿਤਾ ਕਪਿਲ, ਜੌਹਨ ਐਟਰੈਲ (ਟੋਏਓਟਾ ਗਰੁੱਪ), ਰੀਅਲ ਐਸਟੇਟ ਦੇ ਜੌਹਨ ਕੈਨਲੋਪੂਲਸ ਅਤੇ ਹੋਰ ਵੱਡੀ ਰੀਅਲ ਐਸਟੇਟ ਕੰਪਨੀ  (Inzola group) ਦੇ ਜੌਹਨ ਕੁਟਰੁਜ਼ੋਲਾ ਵਰਗੇ ਨਾਮ ਸ਼ਾਮਲ ਹਨ। ਦਰਅਸਲ ਵਿੱਚ ਜੌਹਨ ਕੁਟਰੁਜ਼ੋਲਾ ਗਰੁੱਪ ਦੇ ਵਿਜ਼ਨਰੀ ਭਾਵ ਗਰੁੱਪ ਨੂੰ ਦੂਰ-ਦ੍ਰਿਸ਼ਟੀ ਪਰਦਾਨ ਕਰਨ ਵਾਲੇ ਹਨ। ਜਿ਼ਆਦਾਤਰ ਮੈਂਬਰ ਵੱਡੇ ਰੀਅਲ ਐਸਟੇਟ ਖਿਡਾਰੀ ਹਨ।

 

ਇਸ ਮਜ਼ਬੂਤ ਜਾਪਣ ਵਾਲੇ ਗਰੁੱਪ ਦਾ 2018 ਦੀਆਂ ਸਿਟੀ ਚੋਣਾਂ ਤੋਂ ਪਹਿਲਾਂ ਹੋਂਦ ਵਿੱਚ ਆਉਣਾ ਇੱਕ ਦਿਲਚਸਪ ਪ੍ਰਕਿਰਿਆ ਹੈ। ਕੀ ਇਹ ਲੋਕ ਇੱਕ ਸਿਆਸੀ ਪਰੈਸ਼ਰ ਗਰੁੱਪ (Political pressure group)  ਵਜੋਂ ਕੰਮ ਕਰਨਗੇ ਤਾਂ ਜੋ ਅਗਲੀਆਂ ਚੋਣਾਂ ਵਿੱਚ ਸਿਟੀ ਕਾਉਂਸਲ ਲਈ ਜਿੱਤ ਦੇ ਸੰਭਾਵੀ ਉਮੀਦਵਾਰਾਂ ਤੋਂ ਕੁੱਝ ਉਹ ਗੱਲਾਂ ਮਨਵਾ ਸੱਕਣ ਜੋ ਉਹ ਸੋਚਦੇ ਹਨ ਕਿ ਬਰੈਂਪਟਨ ਲਈ ਚੰਗੀਆਂ ਹੋ ਸਕਦੀਆਂ ਹਨ। ਕੀ ਇਹ ਮੰਗਾਂ ਸਿਰਫ਼ ਇਸ ਗਰੁੱਪ ਦੇ ਮੈਂਬਰਾਂ ਦੇ ਬਿਜਨਸ ਹਿੱਤਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਣਗੀਆਂ ਜਿਸਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੀ ਕੋਈ ਐਸੀ ਆਵਾਜ਼ ਇਸ ਗਰੁੱਪ ਵਿੱਚ ਹੋਵੇਗੀ ਜੋ ਰਾਜਨੀਤੀ ਅਤੇ ਵਿਉਪਾਰਕ ਦ੍ਰਿਸ਼ਟੀਕੋਣ ਤੋਂ ਨਿਰੱਪਖ ਮਹਿਜ਼ ਕਮਿਉਨਿਟੀ ਦੀ ਆਵਾਜ਼ ਹੋਵੇ? ਇਹ ਸਾਰੇ ਸੁਆਲ ਹਨ ਜੋ ਇਸ ਗਰੁੱਪ ਦੇ ਮੈਂਬਰਾਂ ਨੂੰ ਖਿਆਲ ਵਿੱਚ ਰੱਖਣਾ ਲਾਭਦਾਇਕ ਹੋ ਸਕਦਾ ਹੈ ਅਤੇ ਬਰੈਂਪਟਨ ਵਾਸੀਆਂ ਨੂੰ ਅਗਲੀਆਂ ਚੋਣਾਂ ਤੋਂ ਪਹਿਲਾਂ ਚੇਤੇ ਰੱਖਣਾ ਚੰਗਾ ਰਹਿ ਸਕਦਾ ਹੈ।

ਇਸ ਗਰੁੱਪ ਦੇ ਦ੍ਰਿਸ਼ਟੀਕੋਣ ਦੀ ਇੱਕ ਝਲਕ ਇਸ ਗੱਲ ਤੋਂ ਪੈ ਸਕਦੀ ਹੈ ਕਿ ਗਰੁੱਪ ਦਾ ਉਦੇਸ਼ ਬਰੈਂਪਟਨ ਵਿੱਚ ਬਣਨ ਵਾਲੀ ਯੂਨੀਵਰਸਿਟੀ ਨੂੰ ਡਾਊਨ ਟਾਊਨ ਵਿੱਚ ਲਿਆਉਣਾ ਹੈ ਤਾਂ ਜੋ ਬਰੈਂਪਟਨ ਨੂੰ ‘ਭੱਵਿਖ ਦਾ ਮਾਡਲ ਕੈਨੇਡੀਅਨ ਸਿਟੀ’ (Model Canadian City of Future {MCCOF) ਬਣਾਇਆ ਜਾ ਸਕੇ। ਇਸ ਗੱਲ ਦਾ ਖਦਸ਼ਾ ਉਸ ਵੇਲੇ ਤੋਂ ਹੀ ਚਲਿਆ ਆ ਰਿਹਾ ਸੀ ਜਦੋਂ ਡਾਊਨ ਟਾਊਨ ਵਿੱਚ ਮੰਹਿਗੀਆਂ ਪ੍ਰਾਪਰਟੀਆਂ ਰੱਖਣ ਵਾਲੇ ਕੁੱਝ ਵਿਸ਼ੇਸ਼ ਘਰਾਣਿਆਂ ਦੇ ਮੈਂਬਰ ਯੂਨੀਵਰਸਿਟੀ ਲਈ ਵਿਜ਼ਨ ਤਿਆਰ ਕਰਨ ਵਾਲੇ ‘ਬਲਿਊ ਰਿਬਨ ਪੈਨਲ’ ਦਾ ਹਿੱਸਾ ਬਣੇ ਸਨ। ਇਸ ਗਰੁੱਪ ਨੇ ਸਤੰਬਰ 2017 ਵਿੱਚ www.change.org ਉੱਤੇ ਇੱਕ ਪਟੀਸ਼ਨ ਵੀ ਪਾਈ ਸੀ ਜਿਸ ਉੱਤੇ ਹੁਣ ਤੱਕ 425 ਲੋਕਾਂ ਨੇ ਹੀ ਵੋਟ ਪਾਈ ਹੈ ਪਰ ਗਰੁੱਪ ਦੀ ਆਪਣੀ ਵੈੱਬਸਾਈਟ ਉੱਤੇ ਇੱਕ ਹਜ਼ਾਰ ਤੋਂ ਵੱਧ ਲੋਕ ਸਾਈਨ ਕਰ ਚੁੱਕੇ ਹਨ। ਇਹ ਪਟੀਸ਼ਨ ਸਿਟੀ ਕਾਉਂਸਲ ਨੂੰ ਪੇਸ਼ ਕੀਤੀ ਜਾਵੇਗੀ।

 

ਦਿਲਚਸਪ ਗੱਲ ਇਹ ਹੈ ਕਿ ਇਸ ਗਰੁੱਪ ਵੱਲੋਂ ਬਰੈਂਪਟਨ ਸਿਟੀ ਵੱਲੋਂ ਹਜ਼ਾਰਾਂ ਲੋਕਾਂ ਦੀ ਸ਼ਮੂਲੀਅਤ ਅਤੇ ਲੱਖਾਂ ਡਾਲਰਾਂ ਦਾ ਖਰਚ ਕਰਨ ਤੋਂ ਬਾਅਦ ਤਿਆਰ ਕੀਤੇ ਜਾਣ ਵਾਲੇ ‘ਬਰੈਂਪਟਨ-2014 ਵਿਜ਼ਨ’ ਨਾਲ ਤਾਲਮੇਲ ਪੈਦਾ ਕਰਨ ਜਾਂ ਉਸਨੂੰ ਸੁਪੋਰਟ ਕਰਨ ਦਾ ਜਿ਼ਕਰ ਤੱਕ ਨਹੀਂ ਹੈ।

 

ਇਸ ਗਰੁੱਪ ਦੇ ਹਕੀਕੀ ਉਦੇਸ਼ ਕੀ ਹਨ, ਇਸ ਬਾਰੇ ਆਖਣਾ ਬਹੁਤ ਔਖਾ ਹੈ ਪਰ ਸੱਚਾਈ ਇਹ ਹੈ ਕਿ ਬਰੈਂਪਟਨ ਨੂੰ ਕੁੱਝ ਨਵਾਂ ਜਰੂਰ ਚਾਹੀਦਾ ਹੈ। ਉਹ ਨਵਾਂਪਣ ਕਿਹੋ ਜਿਹਾ ਹੋਵੇ, ਇਹ ਸੁਆਲ ਹੈ ਜਿਸਦਾ ਜਵਾਬ ਵਿਸ਼ੇਸ਼ ਹਿੱਤਾਂ ਵਾਲੇ ਲੋਕਾਂ ਨਾਲੋਂ ਆਮ ਕਮਿਉਨਿਟੀ ਦੇ ਆਗੂਆਂ ਕੋਲ ਵਧੇਰੇ ਚੰਗਾ ਹੋ ਸਕਦਾ ਹੈ। ਸਿਟੀ ਚੋਣਾਂ ਵਿੱਚ ਹਾਲੇ ਲੱਗਭੱਗ ਇੱਕ ਸਾਲ ਦਾ ਸਮਾਂ ਬਾਕੀ ਹੈ। ਉਸ ਵੇਲੇ ਪੰਜਾਬੀ ਕਮਿਉਨਿਟੀ ਦੇ ਮੈਂਬਰ ਇੱਕ-ਇੱਕ ਵਾਰਡ ਵਿੱਚੋਂ 6-7 ਤੱਕ ਉਮੀਦਵਾਰ ਬਣਨਗੇ। ਕੀ ਅਜਿਹੇ ਭੱਦਰ ਪੁਰਸ਼ ਹੁਣ ਥੋੜਾ ਬਹੁਤਾ ਸਮਾਂ ਕੱਢਣ ਦਾ ਕਸ਼ਟ ਕਰਨਗੇ ਤਾਂ ਜੋ ਜਾਣ ਸਕੱਣ ਕਿ ਮਹਿਜ਼ ਚੋਣਾਂ ਵਿੱਚ ਖੜਾ ਹੋਣ ਵਾਸਤੇ ਚੋਣ ਲੜਨੀ ਇੱਕ ਗੱਲ ਹੁੰਦੀ ਹੈ ਅਤੇ ਸਿਟੀ ਦੀਆਂ ਪਾਲਸੀਆਂ ਨੂੰ ਆਪਣੇ ਹਿੱਤਾਂ ਲਈ ਝੰਜੋਝਨ ਵਾਲਿਆਂ ਦੀ ਰਣਨੀਤੀ ਨੂੰ ਖਿਆਲ ਵਿੱਚ ਰੱਖ ਕੇ ਕਮਿਉਨਿਟੀ ਨੂੰ ਜਾਗਰਤ ਕਰਨਾ ਵੱਖਰੀ ਗੱਲ ਹੋ ਸਕਦੀ ਹੈ।