ਨਵੇਂ ਉੱਪ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ ਮੌਕੇ ਸਿਆਸੀ ਧਿਰਾਂ ਵੱਲੋਂ ਸਵਾਗਤ

vise pਨਵੀਂ ਦਿੱਲੀ, 12 ਅਗਸਤ, (ਪੋਸਟ ਬਿਊਰੋ)- ਭਾਰਤ ਦੇ 13ਵੇਂ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅੱਜ ਅਹੁਦਾ ਸੰਭਾਲਣ ਤੋਂ ਬਾਅਦ ਦਿੱਤੇ ਭਾਸ਼ਣ ਵਿੱਚ ਕਿਹਾ ਕਿ ਲੋਕਤੰਤਰ ਵਿੱਚ ਸਾਰਾ ਕਿੱਸਾ ਨੰਬਰਾਂ ਦਾ ਹੈ।
ਇਸ ਮੌਕੇ ਹਾਕਮ ਧਿਰ ਅਤੇ ਵਿਰੋਧੀ ਧਿਰ ਦੋਵਾਂ ਨੂੰ ਨਿਸਚਿਤ ਸਮਾਂ ਦਿੱਤੇ ਜਾਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਵੈਂਕਈਆ ਨਾਇਡੂ ਨੇ ਕਿਹਾ ਕਿ ਇਸ ਲਈ ਸਦਨ ਨੂੰ ਰੁਕਾਵਟਾਂ ਦੀ ਥਾਂ ਰਣਨੀਤਕ ਢੰਗ ਨਾਲ ਚਲਾਉਣਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਭਾ ਦੇ ਚੇਅਰਮੈਨ ਹੋਣ ਦੇ ਨਾਤੇ ਉਹ ਯਕੀਨੀ ਬਣਾਉਣਗੇ ਕਿ ਜਦੋਂ ਬਿੱਲ ਉੱਤੇ ਬਹਿਸ ਹੋਵੇ ਤਾਂ ਵਿਰੋਧੀ ਧਿਰ ਨੂੰ ਆਪਣੀ ਗੱਲ ਕਹਿਣ ਦਿੱਤੀ ਜਾਵੇ, ਪਰ ਆਖਰ ਸਰਕਾਰ ਨੂੰ ਆਪਣੇ ਤਰੀਕੇ ਨਾਲ ਕੰਮ ਕਰਨ ਦਿੱਤਾ ਜਾਵੇਗਾ, ਕਿਉਂਕਿ ਸਰਕਾਰ ਦੇ ਕੋਲ ਲੋਕਾਂ ਦਾ ਫਤਵਾ ਹੈ। ਭਾਜਪਾ ਦੇ ਪ੍ਰਧਾਨ ਰਹਿ ਚੁੱਕੇ ਵੈਂਕਈਆ ਨਾਇਡੂ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਭੂਮਿਕਾ ਸਿਆਸਤ ਤੋਂ ਉੱਪਰ ਹੈ। ਉਨ੍ਹਾ ਨੇ ‘ਰੁਕਾਵਟਾਂ ਤੇ ਅੜਿੱਕੇ’ ਰਾਹੀਂ ਵਿਰੋਧ ਪ੍ਰਦਰਸ਼ਨ ਦੇ ਚੱਲਣ ਨੂੰ ਮੰਦ-ਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਸ ਅਮਲ ਨੂੰ ਪ੍ਰਭਾਵੀ ਬਹਿਸਾਂ ਅਤੇ ਚਰਚਾ ਦੇ ਤਰੀਕਿਆਂ ਵਿੱਚ ਬਦਲਣਾ ਇਸ ਸਮੇਂ ਦੀ ਮੰਗ ਹੈ’
ਇਸ ਤੋਂ ਪਹਿਲਾਂ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਾਇਡੂ ਨੂੰ ਭਾਰਤ ਦੇ 13ਵੇਂ ਉਪ-ਰਾਸ਼ਟਰਪਤੀ ਵਜੋਂ ਵੈਂਕਈਆ ਨਾਇਡੂ ਨੂੰ ਸਹੁੰ ਚੁਕਾਈ ਗਈ। ਨਾਇਡੂ ਨੇ ਸਹੁੰ ਚੁੱਕਣ ਤੋਂ ਪਹਿਲਾਂ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇ ਨਾਲ ਸਰਦਾਰ ਪਟੇਲ ਅਤੇ ਦੀਨਦਿਆਲ ਉਪਾਧਿਆਏ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ
ਬਾਅਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਵੈਂਕਈਆ ਨਾਇਡੂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕਈ ਸਾਲਾਂ ਤੱਕ ਪਾਰਲੀਮੈਂਟ ਦੇ ਮਾਹੌਲ ਵਿੱਚ ਰਚੇ-ਮਿਚੇ ਨਾਇਡੂ ਸ਼ਾਇਦ ਇਸ ਦੇਸ਼ ਦੇ ਪਹਿਲੇ ਇਹੋ ਜਿਹੇ ਉਪ-ਰਾਸ਼ਟਰਪਤੀ ਹਨ, ਜੋ ਸਦਨ ਦੀ ਹਰ ਬਾਰੀਕੀ ਤੋਂ ਵਾਕਿਫ਼ ਹਨ। ਮੋਦੀ ਨੇ ਨਾਇਡੂ ਨੂੰ ਸੁਤੰਤਰ ਭਾਰਤ ਵਿੱਚ ਪੈਦਾ ਹੋਣ ਵਾਲੇ ਪਹਿਲੇ ਉਪ-ਰਾਸ਼ਟਰਪਤੀ ਆਖਿਆ ਅਤੇ ‘ਜੇ ਪੀ ਅੰਦੋਲਨ ਦੀ ਪੈਦਾਇਸ਼’ ਅਤੇ ਸਧਾਰਨ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਨਾਇਡੂ ਦੀ ਸ਼ਲਾਘਾ ਕਰਨ ਦੇ ਨਾਲ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦਾ ਲੋਕਤੰਤਰ ਇੰਨਾ ਪ੍ਰਪੱਕ ਹੋ ਗਿਆ ਹੈ ਕਿ ਸਧਾਰਨ ਪਿਛੋਕੜ ਵਾਲੇ ਲੋਕ ਸੰਵਿਧਾਨ ਦੇ ਸਭ ਤੋਂ ਉੱਚੇ ਅਹੁਦਿਆਂ ਉੱਤੇ ਬੈਠੇ ਹਨ।
ਦੂਸਰੇ ਪਾਸੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਇਸ ਨੂੰ ਅਮੀਰੀ-ਗਰੀਬੀ ਦੇ ਨਾਲ ਜੋੜਨ ਦੀ ਥਾਂ ਲੋਕਤੰਤਰ ਦੀ ਤਾਕਤ ਦਾ ਕ੍ਰਿਸ਼ਮਾ ਦੱਸਿਆ। ਉਨ੍ਹਾਂ ਮਹਾਤਮਾ ਗਾਂਧੀ, ਸਰਦਾਰ ਪਟੇਲ, ਸੁਭਾਸ਼ ਚੰਦਰ ਬੋਸ, ਮੌਲਾਨਾ ਅਬੁਲ ਕਲਾਮ ਆਜ਼ਾਦ, ਪੰਡਿਤ ਮੋਤੀ ਲਾਲ ਨਹਿਰੂ ਆਦਿ ਕਈ ਸ਼ਖ਼ਸੀਅਤਾਂ ਦਾ ਜ਼ਿਕਰ ਕੀਤਾ, ਜੋ ਰਈਸ ਸਨ, ਪਰ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਤੇ ਅਜਿਹਾ ਸੰਵਿਧਾਨ ਦਿੱਤਾ ਕਿ ਅੱਜ ਕੋਈ ਕੁਝ ਵੀ ਬਣ ਸਕਦਾ ਹੈ। ਆਜ਼ਾਦ ਨੇ ਨਾਇਡੂ ਨੂੰ ਉਨ੍ਹਾਂ ਦੇ ਅਹੁਦੇ ਦਾ ਫਰਜ਼ ਯਾਦ ਕਰਵਾਉਂਦਿਆਂ ਕਿਹਾ ਕਿ ਭਾਵੇਂ ਉਹ ਕਦੇ ਇੱਕ ਪਾਰਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ, ਪਰ ਇਸ ਅਹੁਦੇ ਉੱਤੇ ਰਹਿੰਦਿਆਂ ਉਨ੍ਹਾਂ ਨੇ ਨਿਆਂ ਕਰਨਾ ਹੈ।