ਨਵੀਂ ਸਰਕਾਰ ਬਣਨ ਵੇਲੇ ਦੋ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰਾਂ ਵੱਲੋਂ ਅਸਤੀਫ਼ਾ

chanlarਪਟਿਆਲਾ, 15 ਮਾਰਚ, (ਪੋਸਟ ਬਿਊਰੋ)- ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਅਸਤੀਫ਼ਾ ਅੱਜ ਉਨ੍ਹਾਂ ਨੇ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ ਨੂੰ ਸੌਂਪਿਆ ਅਤੇ ਇਸ ਦੀ ਪੁਸ਼ਟੀ ਖੁਦ ਡਾ. ਜਸਪਾਲ ਸਿੰਘ ਨੇ ਕੀਤੀ ਹੈ। ਅਸਤੀਫ਼ਾ ਭਾਵੇਂ ਉਨ੍ਹਾਂ ਕੱਲ੍ਹ ਸ਼ਾਮੀਂ ਗਵਰਨਰ ਨੂੰ ਸੌਂਪ ਦਿੱਤਾ ਸੀ, ਪਰ ਇਸ ਦੀ ਕਿਸੇ ਅਧਿਕਾਰੀ ਨੂੰ ਅੱਜ ਤੱਕ ਵੀ ਕੋਈ ਖ਼ਬਰ ਨਹੀਂ ਸੀ।
ਵਰਨਣ ਯੋਗ ਹੈ ਕਿ ਡਾ. ਜਸਪਾਲ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਅਹੁਦਾ 11 ਦਸੰਬਰ 2007 ਨੂੰ ਸੰਭਾਲਿਆ ਸੀ ਅਤੇ ਉਨ੍ਹਾਂ ਨੂੰ ਤਿੰਨ ਸਾਲਾਂ ਦੀ ਮਿਲੀ ਮਿਆਦ ਵਿੱਚ 2010 ਅਤੇ ਫਿਰ 2013 ਵਿੱਚ ਵਾਧਾ ਕੀਤਾ ਗਿਆ ਸੀ। ਪਿਛਲੀ ਵਾਰ 11 ਦਸੰਬਰ 2015 ਨੂੰ ਤਿੰਨ ਸਾਲਾਂ ਲਈ ਫਿਰ ਡਾ. ਜਸਪਾਲ ਸਿੰਘ ਦੇ ਅਹੁਦੇ ਦੀ ਮਿਆਦ ਵਧਾਈ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਡਾ. ਜਸਪਾਲ ਸਿੰਘ ਨੇ ਆਪਣੇ ਸੇਵਾ ਕਾਲ ਵਿੱਚ ਹਮੇਸ਼ਾ ਵਿਵਾਦਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਕੋਈ ਵਿਵਾਦ ਉੱਠਦਾ ਸੀ ਤਾਂ ਉਨ੍ਹਾਂ ਕਦੇ ਵੀ ਖ਼ੁਦ ਉਸ ਬਾਰੇ ਕੁਝ ਨਹੀਂ ਸੀ ਕਿਹਾ, ਸਗੋਂ ਅਧਿਕਾਰੀਆਂ ਦੀ ਟੀਮ ਮਸਲੇ ਹੱਲ ਕਰਦੀ ਸੀ। ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਜਾਂ ਅਧਿਆਪਕਾਂ ਤੇ ਕਰਮਚਾਰੀਆਂ ਦਾ ਕੋਈ ਸੰਘਰਸ਼ ਵੀ ਹੁੰਦਾ ਤਾਂ ਉਹ ਦਫ਼ਤਰ ਵਿੱਚ ਨਹੀਂ ਸੀ ਆਉਂਦੇ। ਹੁਣ ਵੀ ਉਹ ਦਫ਼ਤਰ ਨਹੀਂ ਆ ਰਹੇ ਸਨ, ਕਿਉਂਕਿ ਨਵੇਂ ਨਿਯੁਕਤ ਟੀਚਰਾਂ ਦੀ ਛੁੱਟੀ ਕਰਾਉਣ ਲਈ ਕਰਮਚਾਰੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ ਅਤੇ ਉਹ ਵਿਵਾਦ ਵਿੱਚ ਨਹੀਂ ਸੀ ਪੈਣਾ ਚਾਹੁੰਦੇ।
ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਵੀ ਅੱਜ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਅਸਤੀਫਾ ਪੰਜਾਬ ਦੇ ਗਵਰਨਰ ਤੇ ਇਸ ਯੂਨੀਵਰਸਿਟੀ ਦੇ ਚਾਂਸਲਰ ਨੂੰ ਭੇਜਿਆ ਅਤੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ 31 ਮਾਰਚ ਤੱਕ ਅਹੁਦੇ ਤੋਂ ਵਿਹਲਾ ਕਰ ਦਿੱਤਾ ਜਾਵੇ। ਮਿਲੀ ਜਾਣਕਾਰੀ ਮੁਤਾਬਕ ਪ੍ਰੋ. ਅਜਾਇਬ ਸਿੰਘ ਬਰਾੜ ਪਿਛਲੇ ਕੁਝ ਸਮੇਂ ਤੋਂ ਛੁੱਟੀ ਉਤੇ ਗੁੜਗਾਉਂ ਵਿੱਚ ਆਪਣੇ ਘਰ ਵਿੱਚ ਪਰਿਵਾਰ ਨਾਲ ਰਹਿ ਰਹੇ ਹਨ। ਇਸ ਬਾਰੇ ਪ੍ਰੋ. ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਸਿਹਤ ਠੀਕ ਨਹੀਂ ਅਤੇ ਉਸ ਦੇ ਲਈ ਸਮਾਂ ਦੇਣਾ ਜ਼ਰੂਰੀ ਹੈ, ਇਸ ਲਈ ਉਨ੍ਹਾਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਪ੍ਰੋ. ਬਰਾੜ 15 ਜੁਲਾਈ 2009 ਨੂੰ ਤਿੰਨ ਸਾਲਾਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ ਸਨ। ਇਸ ਪਿੱਛੋਂ ਦੋ ਵਾਰ ਉਨ੍ਹਾਂ ਦੀ ਮਿਆਦ ਵਧਾਈ ਗਈ ਸੀ। ਉਹ ਇਸ ਤੋਂ ਪਹਿਲਾਂ ਲਖਨਊ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ। ਉਨ੍ਹਾਂ ਦੀ ਪਤਨੀ ਡਾ. ਸਰਵਜੀਤ ਬਰਾੜ ਅੰਮ੍ਰਿਤਸਰ ਖਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਹਨ ਅਤੇ ਪਿਛਲੇ ਕੁਝ ਸਮੇਂ ਤੋਂ ਉਹ ਵੀ ਛੁੱਟੀ ਉੱਤੇ ਹਨ।