ਨਵੀਂ ਵੀਜ਼ਾ ਨੀਤੀ ਦਾ ਅਮਰੀਕੀ ਪਾਰਲੀਮੈਂਟ ਮੈਂਬਰਾਂ ਵੱਲੋਂ ਵਿਰੋਧ


ਵਾਸ਼ਿੰਗਟਨ, 5 ਜਨਵਰੀ (ਪੋਸਟ ਬਿਊਰੋ)- ਅਮਰੀਕਾ ਦੇ ਕਈ ਪਾਰਲੀਮੈਂਟ ਮੈਂਬਰਾਂ ਅਤੇ ਸੰਗਠਨਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਉਸ ਵਿਚਾਰ ਦੀ ਆਲੋਚਨਾ ਕੀਤੀ ਹੈ, ਜਿਸ ਵਿਚ ਐਚ-1-ਬੀ ਵੀਜ਼ਾ ਦਾ ਐਕਸਟੈਂਸ਼ਨ ਰੋਕਣ ਦੀ ਗੱਲ ਕਹੀ ਗਈ ਹੈ। ਇਨ੍ਹਾਂ ਪਾਰਲੀਮੈਂਟ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਨਾਲ ਪ੍ਰਤਿਭਾਸ਼ਾਲੀ ਲੋਕ ਅੱਗੇ ਤੋਂ ਅਮਰੀਕਾ ਵਿੱਚ ਨਹੀਂ ਰਹਿਣਗੇ, ਉਹ ਏਥੋਂ ਚਲੇ ਜਾਣਗੇ।
ਵਰਨਣ ਯੋਗ ਹੈ ਕਿ ਵੀਜ਼ਾ ਨਿਯਮ ਸਖਤ ਹੋਣ ਨਾਲ 5 ਤੋਂ ਸਾਢੇ 7 ਲੱਖ ਭਾਰਤੀਆਂ ਨੂੰ ਅਮਰੀਕਾ ਛੱਡ ਕੇ ਦੇਸ਼ ਮੁੜਨਾ ਪੈ ਸਕਦਾ ਹੈ। ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਬਾਇ ਅਮਰੀਕੀ, ਹਾਇਰ ਅਮਰੀਕੀ’ ਨੀਤੀ ਨੂੰ ਵਧਾਉਣ ਲਈ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਟੀ ਨੇ ਡ੍ਰਾਫਟ ਤਿਆਰ ਕੀਤਾ ਹੈ। ਪ੍ਰਭਾਵਸ਼ਾਲੀ ਡੈਮੋਕ੍ਰੇਟ ਪਾਰਲੀਮੈਂਟ ਮੈਂਬਰ ਤੁਲਸੀ ਗਬਾਰਡ ਨੇ ਕਿਹਾ ਕਿ ਵੀਜ਼ਾ ਨਿਯਮ ਸਖਤ ਹੋਣ ਨਾਲ ਪਰਿਵਾਰ ਖਿੱਲਰ ਜਾਣਗੇ। ਪ੍ਰਤਿਭਾਸ਼ਾਲੀ ਲੋਕ ਸਾਡੇ ਸਮਾਜ ਵਿੱਚੋਂ ਚਲੇ ਜਾਣਗੇ ਤੇ ਅਮਰੀਕਾ ਦੇ ਮਹੱਤਵ ਪੂਰਨ ਸਹਿਯੋਗੀ ਦੇਸ਼ ਭਾਰਤ ਨਾਲ ਰਿਸ਼ਤੇ ਖਰਾਬ ਹੋਣਗੇਮ ਕਿਉਂਕਿ ਲੱਖਾਂ ਭਾਰਤੀਆਂ ਨੂੰ ਦੇਸ਼ ਛੱਡਣਾ ਪਏਗਾ, ਜਿਨ੍ਹਾਂ ਵਿਚੋਂ ਕਈ ਲੋਕ ਛੋਟੇ ਬਿਜਨੈਸ ਦੇ ਮਾਲਕ ਹਨ ਤੇ ਨੌਕਰੀਆਂ ਪੈਦਾ ਕਰਦੇ ਹਨ। ਇਨ੍ਹਾਂ ਨਾਲ ਅਮਰੀਕੀ ਆਰਥਿਕਤਾ ਨੂੰ ਤਾਕਤ ਮਿਲਦੀ ਹੈ।
ਭਾਰਤੀ ਅਮਰੀਕੀ ਪਾਰਲੀਮੈਂਟ ਮੈਂਬਰ ਰਾਜਾ ਕ੍ਰਿਸ਼ਣਮੂਰਤੀ ਅਤੇ ਏ ਓ ਖੰਨਾ ਦਾ ਕਹਿਣਾ ਹੈ ਕਿ ਇਹ ਸੋਚ ਪ੍ਰਵਾਸੀ ਲੋਕਾਂ ਦੇ ਵਿਰੋਧ ਵਾਲੀ ਹੈ। ਸਾਡੇ ਮਾਤਾ-ਪਿਤਾ ਸਮੇਤ ਸੁੰਦਰ ਪਿਚਾਈ, ਐਲਨ ਮਸਕ, ਸੱਤਿਆ ਨਦੇਲਾ ਅਤੇ ਹੋਰ ਲੋਕ ਵੀ ਇਸੇ ਤਰ੍ਹਾਂ ਅਮਰੀਕਾ ਆਏ ਸਨ ਅਤੇ ਅੱਜ ਟਰੰਪ ਕਹਿ ਰਹੇ ਹਨ ਕਿ ਪ੍ਰਵਾਸੀ ਤੇ ਉਨ੍ਹਾਂ ਦੇ ਬੱਚਿਆਂ ਦੀ ਅਮਰੀਕਾ ਵਿਚ ਕੋਈ ਜਗ੍ਹਾ ਨਹੀਂ ਹੈ। ਇਮੀਗ੍ਰੇਸ਼ਨ ਵਾਇਰ ਅਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਤਰ੍ਹਾਂ ਦੇ ਸੰਗਠਨਾਂ ਨੇ ਵੀ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।