ਨਵੀਂ ਛਪਾਈ ਦੇ ਬਾਅਦ ਭਾਰਤ ਦੇ ਨੋਟ ਸੌ ਫੀਸਦੀ ਦੇਸੀ ਹੋ ਜਾਣਗੇ

new notes
ਨਵੀਂ ਦਿੱਲੀ, 1 ਸਤੰਬਰ (ਪੋਸਟ ਬਿਊਰੋ)- ਭਾਰਤ ਦੇ ਬਹੁਤੇ ਲੋਕਾਂ ਨੂੰ ਸ਼ਾਇਦ ਇਹ ਪਤਾ ਨਾ ਹੋਵੇ ਕਿ ਦੇਸ਼ ਵਿੱਚ ਜੋ ਨੋਟ ਛਾਪੇ ਜਾਂਦੇ ਹਨ, ਉਨ੍ਹਾਂ ਨਾਲ ਜੁੜੀਆਂ ਜ਼ਿਆਦਾ ਚੀਜ਼ਾਂ ਵਿਦੇਸ਼ੀ ਹੁੰਦੀਆਂ ਹਨ। ਕਾਗਜ਼ ਤੇ ਸਿਆਹੀ ਤੋਂ ਲੈ ਕੇ ਉਨ੍ਹਾਂ ਦਾ ਸਕਿਓਰਟੀ ਥ੍ਰੈੱਡ ਤੱਕ ਵਿਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਹੈ। ਇਨ੍ਹਾਂ ਨੋਟਾਂ ਵਿੱਚ ਵਰਤੇ ਜਾਂਦੇ ਸਕਿਓਰਿਟੀ ਸਟੈਂਡਰਡ ਵੀ ਵਿਦੇਸ਼ੀ ਹਨ। ਜਿਨ੍ਹਾਂ ਦੀ ਵਰਤੋਂ ਕਈ ਦੇਸ਼ ਕਰਦੇ ਹਨ।
ਹੁਣ ਰਿਜ਼ਰਵ ਬੈਂਕ ਆਫ ਇੰਡੀਆ (ਆਰ ਬੀ ਆਈ) ਵਿਦੇਸ਼ੀ ਤਕਨੀਕੀ, ਵਿਦੇਸ਼ੀ ਸਿਆਹੀ ਅਤੇ ਸੁਰੱਖਿਆ ਸਟੈਂਡਰਡ ਦੀ ਜਗ੍ਹਾ ਦੇਸੀ ਤਕਨੀਕ, ਦੇਸੀ ਸਿਆਹੀ ਤੇ ਦੇਸੀ ਸੁਰੱਖਿਆ ਸਟੈਂਡਰਡ ਦੀ ਵਰਤੋਂ ਕਰਨ ਲੱਗੀ ਹੈ। ਅਸਲ ਵਿੱਚ ਨੋਟਬੰਦੀ ਦੇ ਦੌਰਾਨ ਆਰ ਬੀ ਆਈ ਸਭ ਕੋਸ਼ਿਸ਼ਾਂ ਦੇ ਬਾਵਜੂਦ ਆਮ ਜਨਤਾ ਨੂੰ ਸਮੇਂ ‘ਤੇ ਲੋੜੀਂਦੀ ਮਾਤਰਾ ਵਿੱਚ ਨਵੇਂ ਨੋਟ ਨਹੀਂ ਪਹੁੰਚਾ ਸਕੀ ਸੀ। ਕਰੰਸੀ ਪ੍ਰਬੰਧ ਦੇ ਪੱਧਰ ‘ਤੇ ਕਈ ਖ਼ਾਮੀਆਂ ਸਾਹਮਣੇ ਆਈਆਂ ਸਨ ਜਿਸ ਤੋਂ ਆਮ ਜਨਤਾ ਨੂੰ ਕਾਫੀ ਪ੍ਰੇਸ਼ਾਨੀ ਉਠਾਉਣਈ ਪਈ ਸੀ। ਹੁਣ ਕਰੰਸੀ ਪ੍ਰਬੰਧ ਪੱਕੇ ਕਰਨ ਦੀ ਮੁਹਿੰਮ ਚੱਲ ਰਹੀ ਹੈ। ਮਕਸਦ ਇਹ ਹੈ ਕਿ ਤਿੰਨ ਵਿੱਚੋਂ ਪੰਜ ਸਾਲਾਂ ਦੇ ਅੰਦਰ ਨੋਟਾਂ ਵਿੱਚ ਵਰਤੇ ਜਾਣ ਵਾਲੇ ਕਾਗਜ਼ ਤੋਂ ਲੈ ਕੇ ਇਨ੍ਹਾਂ ਦੀ ਸਿਆਹੀ ਤੱਕ ਦੇ ਉਤਪਾਦਨ ਵਿੱਚ ਦੇਸ਼ ਆਤਮ ਨਿਰਭਰ ਹੋ ਸਕੇ। ਕਰੰਸੀ ਪ੍ਰਬੰਧ ਆਰ ਬੀ ਆਈ ਲਈ ਕਿੰਨਾ ਅਹਿਮ ਹੋ ਗਿਆ ਹੈ, ਇਸ ਨੂੰ ਇਸ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਬੈਂਕ ਘੱਟ ਤੋਂ ਘੱਟ ਤਿੰਨ ਤਰ੍ਹਾਂ ਦੀਆਂ ਕਮੇਟੀਆਂ ਦੀਆਂ ਰਿਪੋਰਟਾਂ ‘ਤੇ ਕੰਮ ਕਰ ਰਿਹਾ ਹੈ। ਇਨ੍ਹਾਂ ਵਿੱਚ ਸਭ ਤੋਂ ਅਹਿਮ ਇਹ ਹੈ ਕਿ ਆਉਣ ਵਾਲੇ ਸਾਰੇ ਨੋਟਾਂ ਵਿੱਚ ਵਰਤੇ ਜਾਣ ਵਾਲੇ ਸੁਰੱਖਿਆ ਸਟੈਂਡਰਡ ਦੂਸਰੇ ਦੇਸ਼ਾਂ ਤੋਂ ਪੂਰੀ ਤਰ੍ਹਾਂ ਅਲੱਗ ਹੋਣੇ ਚਾਹੀਦੇ ਹਨ।