ਨਵਾਜ਼ ਸ਼ਰੀਫ ਨੂੰ ਅਯੋਗ ਕਰਾਰ ਦੇਣ ਵਾਲੇ ਜੱਜ ਦੇ ਘਰ ‘ਤੇ ਫਾਇਰਿੰਗ


ਲਾਹੌਰ, 16 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨੀ ਸੁਪਰੀਮ ਕੋਰਟ ਦੇ ਜਿਸ ਜੱਜ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਅਹੁਦੇ ਅਤੇ ਪਾਰਲੀਮੈਂਟ ਮੈਂਬਰੀ ਦੇ ਅਯੋਗ ਠਹਿਰਾਇਆ ਸੀ, ਉਨ੍ਹਾਂ ਦੇ ਘਰ ਬਾਹਰ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ।
ਸੁਪਰੀਮ ਕੋਰਟ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਸਟਿਸ ਇਜਾਜ਼ ਉਲ ਅਹਸਨ ਦੀ ਮਾਡਲ ਟਾਊਨ ਲਾਹੌਰ ਵਾਲੀ ਰਿਹਾਇਸ਼ ‘ਤੇ ਕੱਲ੍ਹ ਤੜਕੇ ਚਾਰ ਵਜੇ ਅਤੇ ਫਿਰ ਸਵੇਰੇ 9 ਵਜੇ ਬੰਦੂਕਧਾਰੀਆਂ ਨੇ ਗੋਲੀਆਂ ਚਲਾਈਆਂ ਹਨ ਤੇ ਇਸ ਦੌਰਾਨ ਕੋਈ ਜਾਨੀ ਨੁਕਾਸਨ ਨਹੀਂ ਹੋਇਆ। ਘਟਨਾ ਦਾ ਪਤਾ ਲੱਗਣ ‘ਤੇ ਪਾਕਿਸਤਾਨ ਦੇ ਚੀਫ ਜਸਟਿਸ ਮੀਆਂ ਸਾਕਿਬ ਨਿਸਾਰ ਜਸਟਿਸ ਅਹਸਨ ਦੇ ਘਰ ਗਏ ਅਤੇ ਉਨ੍ਹਾਂ ਪੰਜਾਬ ਪੁਲਸ ਮੁਖੀ ਆਰਿਫ ਨਵਾਜ਼ ਖਾਨ ਨੂੰ ਤਲਬ ਕਰ ਲਿਆ। ਬਿਆਨ ‘ਚ ਕਿਹਾ ਗਿਆ ਹੈ ਕਿ ਚੀਫ ਜਸਟਿਸ ਖੁਦ ਇਸ ਮਾਮਲੇ ‘ਤੇ ਨਜ਼ਰ ਰੱਖ ਰਹੇ ਹਨ। ਪੁਲਸ ਬੁਲਾਰੇ ਨੇ ਦੱਸਿਆ ਕਿ ਸਬੂਤ ਲੱਭਣ ਲਈ ਫੋਰੈਂਸਿਕ ਟੀਮ ਘਟਨਾ ਸਥਾਨ ‘ਤੇ ਗਈ ਤੇ ਇਲੀਟ ਫੋਰਸ ਦੇ ਕਮਾਂਡੋਜ਼ ਨੇ ਇਲਾਕੇ ਨੂੰ ਘੇਰੇ ‘ਚ ਲੈ ਲਿਆ ਹੈ। ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ, ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਬਿਲਾਵਲ ਭੁੱਟੋ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਅਤੇ ਲਾਹੌਰ ਦੀ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।