ਨਵਾਜ਼ ਸ਼ਰੀਫ ਤੇ ਪਰਵਾਰ ਦੇ ਖਾਤੇ ਸੀਲ ਕਰ ਦਿੱਤੇ ਗਏ

nawaz sharif
ਲਾਹੌਰ, 23 ਸਤੰਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਅਹੁਦੇ ਤੋਂ ਹਟਾਏ ਗਏ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਜਿਹੜੇ ਪਨਾਮਾ ਪੇਪਰ ਲੀਕੇਜ ਘੁਟਾਲੇ ਦਾ ਸਾਹਮਣਾ ਕਰ ਰਹੇ ਹਨ, ਨੂੰ ਕੱਲ੍ਹ ਇਕ ਹੋਰ ਝਟਕਾ ਦਿੰਦਿਆਂ ਪਾਕਿਸਤਾਨ ਦੀ ਭਿ੍ਰਸ਼ਟਾਚਾਰ ਵਿਰੋਧੀ ਅਥਾਰਟੀ ਨੇ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਵਾਰ ਦੇ ਬੈਂਕ ਖਾਤੇ ਸੀਲ ਕਰਨ ਲਈ ਹੁਕਮ ਜਾਰੀ ਕਰ ਦਿੱਤਾ ਹੈ।
ਨੈਸ਼ਨਲ ਅਕਾਊਂਟੇਬਿਲਟੀ ਬਿਊਰੋ (ਐਨ ਏ ਬੀ) ਨੇ ਨਵਾਜ਼ ਸ਼ਰੀਫ ਦੀ ਰਾਵਲਪਿੰਡੀ ਅਤੇ ਲਾਹੌਰ ਸਥਿਤ ਰਿਹਾਇਸ਼ ਦੇ ਬਾਹਰ ਕੁਰਕੀ ਦੇ ਨੋਟਿਸ ਚਿਪਕਾ ਦਿੱਤੇ ਹਨ। ਐਨ ਏ ਬੀ ਦੇ ਇਕ ਅਧਿਕਾਰੀ ਦੇ ਮੁਤਾਬਕ ਉਨ੍ਹਾਂ ਸਟੇਟ ਬੈਂਕ ਆਫ ਪਾਕਿਸਤਾਨ ਤੇ ਹੋਰ ਵਪਾਰਕ ਬੈਂਕਾਂ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਤੱਕ ਨਵਾਜ਼ ਸ਼ਰੀਫ ਤੇ ਉਨ੍ਹਾਂ ਦੇ ਬੱਚੇ ਐਨ ਏ ਬੀ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਜਾਮ ਕਰ ਦਿੱਤਾ ਜਾਵੇ।
ਦੂਸਰੇ ਪਾਸੇ ਨਵਾਜ਼ ਸ਼ਰੀਫ ਨੂੰ ਆਪਣੇ ਬੱਚਿਆਂ ਸਮੇਤ ਕੱਲ੍ਹ ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਨੇ 26 ਸਤੰਬਰ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਮੁੜ ਸੰਮਨ ਜਾਰੀ ਕੀਤੇ ਹਨ। ਦੱਸਣ ਯੋਗ ਹੈ ਕਿ ਨਵਾਜ਼ ਸ਼ਰੀਫ ਆਪਣੀ ਬਿਮਾਰ ਪਤਨੀ ਦੀ ਲੰਡਨ ਦੇ ਹਸਪਤਾਲ ‘ਚ ਆਪਣੇ ਪਰਵਾਰ ਸਮੇਤ ਦੇਖਭਾਲ ਕਰ ਰਹੇ ਹਨ।