ਨਵਾਜ਼ੂਦੀਨ ਦੀ ਗੰਜੀ ਲੁਕ

sidqui
ਇਸ ਸਮੇਂ ਨਵਾਜ਼ੂਦੀਨ ਸਿਦੀਕੀ ਕਈ ਫਿਲਮਾਂ ਦੀ ਸ਼ੂਟਿੰਗ Ḕਚ ਬਿਜ਼ੀ ਹੈ। ‘ਬਾਬੂਮੋਸ਼ਾਯ ਬੰਦੂਕਬਾਜ’, ‘ਮੁੰਨਾ ਮਾਈਕਲ’, ‘ਮੰਟੋ’ ਅਤੇ ‘ਮੌਮ’ ਵਰਗੀਆਂ ਫਿਲਮਾਂ ਵਿੱਚ ਉਹ ਇੱਕ ਦੂਜੇ ਤੋਂ ਇਕਦਮ ਵੱਖਰੀ ਤਰ੍ਹਾਂ ਦੀ ਭੂਮਿਕਾ ਹੀ ਨਹੀਂ, ਸਗੋਂ ਵੱਖ-ਵੱਖ ਲੁਕਸ ਵਿੱਚ ਵੀ ਨਜ਼ਰ ਆਏਗਾ। ਹਾਲਾਂਕਿ ਇਨ੍ਹਾਂ ਸਾਰੀਆਂ ਫਿਲਮਾਂ ਵਿੱਚੋਂ ਸ੍ਰੀਦੇਵੀ ਦੇ ਲੀਡ ਰੋਲ ਵਾਲੀ ਫਿਲਮ ‘ਮੌਮ’ ਵਿੱਚ ਉਸ ਦੀ ਲੁਕ ਸਭ ਤੋਂ ਵੱਖਰੀ ਹੈ। ਇਸ ਫਿਲਮ ਵਿੱਚ ਉਹ ਇੱਕ ਅਜਿਹੇ ਵਿਅਕਤੀ ਦੀ ਭੂਮਿਕਾ Ḕਚ ਹੈ ਜਿਸ ਦੇ ਅੱਗੇ ਦੇ ਸਿਰ Ḕਤੇ ਗੰਜਾਪਣ ਹੈ ਅਤੇ ਉਹ ਹਮੇਸ਼ਾ ਐਨਕ ਲਾਈ ਰੱਖਦਾ ਹੈ। ਇਸ ਫਿਲਮ ਵਿੱਚ ਉਹ ਖਾਸ ਭੂਮਿਕਾ ਨਿਭਾ ਰਿਹਾ ਹੈ, ਪਰ ਆਪਣੀ ਲੁਕ ਲਈ ਉਸ ਨੂੰ ਕੁਝ ਜ਼ਿਆਦਾ ਹੀ ਮਿਹਨਤ ਕਰਨੀ ਪਈ।
ਨਵਾਜ਼ ਦੇ ਦੱਸਣ ਅਨੁਸਾਰ, ”ਅਸੀਂ ਇਸ ਲੁਕ ਉੱਤੇ 15 ਦਿਨ ਕੰਮ ਕੀਤਾ। ਇਸ ਤੋਂ ਬਾਅਦ ਅਸੀਂ ਇਸ ਨੂੰ ਆਖਰੀ ਰੂਪ ਦੇ ਸਕੇ। ਡਾਇਰੈਕਟਰ ਰਵੀ ਉਦਯਵਾਰ ਦੀ ਯੋਜਨਾ ਕੁਝ ਵੱਖਰਾ ਕਰਨ ਦੀ ਸੀ। ਆਮ ਤੌਰ ਉੱਤੇ ਕਿਰਦਾਰ ਦੀ ਰਚਨਾ ਪਹਿਲਾਂ ਹੁੰਦੀ ਹੈ ਤੇ ਉਸ ਤੋਂ ਬਾਅਦ ਉਸ ਦੀ ਲੁਕ ਤੈਅ ਕੀਤੀ ਜਾਂਦੀ ਹੈ, ਪਰ ਫਿਲਮ ‘ਮੌਮ’ ਲਈ ਇਸ ਦੇ ਇਕਦਮ ਉਲਟ ਕੀਤਾ ਗਿਆ। ਅਸੀਂ ਕਈ ਲੁਕਸ ਬਣਾ ਕੇ ਦੇਖੀਆਂ ਕਿ ਮੇਰਾ ਕਿਰਦਾਰ ਕਿਸ ਤਰ੍ਹਾਂ ਚੱਲੇਗਾ, ਗੱਲ ਕਰੇਗਾ ਜਾਂ ਹਾਵ ਭਾਵ ਕਿੱਦਾਂ ਦੇ ਹੋਣਗੇ। ਇਸ ਲੁਕ ਲਈ ਅਸੀਂ ਪ੍ਰੋਸਥੈਟਿਕਸ ਦੀ ਵਰਤੋਂ ਕੀਤੀ ਹੈ ਤੇ ਇਸ ਪੂਰੀ ਲੁਕ ਵਿੱਚ ਆਉਣ ਤੇ ਇਸ ਨੂੰ ਹਟਾਉਣ ਦੀ ਪ੍ਰਕਿਰਿਆ ਵਿੱਚ ਤਿੰਨ ਘੰਟੇ ਲੱਗ ਜਾਂਦੇ ਸਨ। ਇੰਨਾ ਮੇਕਅਪ ਅਤੇ ਨਕਲੀ ਚਮੜੀ ਲਗਾ ਕੇ ਮੁੰਬਈ ਅਤੇ ਦਿੱਲੀ ਦੀ ਗਰਮੀ ਵਿੱਚ ਸ਼ੂਟਿੰਗ ਕਰਨ Ḕਚ ਬੜੀ ਮੁਸ਼ਕਲ ਹੋਈ।’
ਗੱਲ ਜਾਰੀ ਰੱਖਦੇ ਹੋਏ ਨਵਾਜੂਦੀਨ ਨੇ ਕਿਹਾ, ‘ਫਿਲਮ ਨਿਰਮਾਤਾ ਬੋਨੀ ਕਪੂਰ ਪ੍ਰੋਸਥੈਟਿਕਸ ਤਿਆਰ ਕਰਨ ਲਈ ਵਿਦੇਸ਼ੀ ਮੇਕਅਪ ਕਲਾਕਾਰਾਂ ਨੂੰ ਲਿਆਉਣਾ ਚਾਹੁੰਦੇ ਸਨ, ਪਰ ਕਿਉਂਕਿ ਸ਼ੂਟਿੰਗ ਲੰਬੀ ਚੱਲਣੀ ਸੀ, ਅਸੀਂ ਲਾਸ ਏਂਜਲਸ ਵਿੱਚ ਟ੍ਰੇਂਡ ਇੱਕ ਸਥਾਨਕ ਮੇਕਅਪ ਕਲਾਕਾਰ ਦੀਆਂ ਸੇਵਾਵਾਂ ਲੈਣਾ ਠੀਕ ਸਮਝਿਆ।’ ਨਵਾਜੂਦੀਨ ਆਪਣੀ ਇਸ ਭੂਮਿਕਾ ਬਾਰੇ ਜ਼ਿਆਦਾ ਦੱਸਣ ਤੋਂ ਅਸਮਰੱਥਾ ਪ੍ਰਗਟਾਉਂਦਾ ਹੈ, ਪਰ ਇੰਨਾ ਕਹਿੰਦਾ ਹੈ, ‘ਇਹ ਭੂਮਿਕਾ ਸ੍ਰੀਦੇਵੀ ਨਾਲ ਸਪੈਸ਼ਲ ਬਣ ਗਈ। ਉਹ ਮੇਰੀ ਫੇਵਰਿਟ ਹੀਰੋਇਨ ਹੈ ਤੇ ਲੱਗਦਾ ਹੈ ਕਿ ਉਹ ਦੇਸ਼ ਦੀ ਬੈਸਟ ਅਦਾਕਾਰਾ ਹੈ।’