ਨਵਾਜ਼ ਸ਼ਰੀਫ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਦੀ ਸੁਣਵਾਈ ਅੱਗੇ ਪਈ


ਇਸਲਾਮਾਬਾਦ, 3 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਆਪਣੇ ਖਿਲਾਫ ਚੱਲਦੇ ਭ੍ਰਿਸ਼ਟਾਚਾਰ ਦੇ ਕੇਸ ਦੀ ਸੁਣਵਾਈ ਲਈ ਅੱਜ ਭ੍ਰਿਸ਼ਟਾਚਾਰ ਰੋਕੂ ਅਦਾਲਤ ਵਿਚ ਪੇਸ਼ ਹੋਏ। ਇਸ ਮੌਕੇ ਅਦਾਲਤ ਨੇ ਨਵਾਜ਼ ਸ਼ਰੀਫ, ਉਨ੍ਹਾਂ ਦੀ ਧੀ ਅਤੇ ਜਵਾਈ ਦੇ ਖਿਲਾਫ ਪਨਾਮਾ ਪੇਪਰ ਕਾਂਡ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਸੁਣਵਾਈ 7 ਨਵੰਬਰ ਤੱਕ ਲਈ ਮੁਲਤਵੀ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ ਨਵਾਜ਼ ਸ਼ਰੀਫ (67) ਅਤੇ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਲੰਡਨ ਵਿਚਲੀ ਜਾਇਦਾਦ ਦੀ ਮਾਲਕੀ ਲਈ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਅਣ-ਐਲਾਨੀ ਕਮਾਈ ਵਾਲੇ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਪਾਰਲੀਮੈਂਟ ਮੈਂਬਰੀ ਲਈ ਅਯੋਗ ਐਲਾਨ ਕੀਤੇ ਜਾਣ ਪਿੱਛੋਂ ਨਵਾਜ਼ ਸ਼ਰੀਫ ਨੂੰ ਜੁਲਾਈ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ 8 ਸਤੰਬਰ ਨੂੰ ਨਵਾਜ਼ ਸ਼ਰੀਫ, ਉਸ ਦੇ ਪੁੱਤਰਾਂ ਤੇ ਜਵਾਈ ਦੇ ਖਿਲਾਫ 3 ਕੇਸ ਦਰਜ ਕੀਤੇ ਸਨ। ਲੰਡਨ ਤੋਂ ਵੀਰਵਾਰ ਦੇਸ ਪਰਤੇ ਨਵਾਜ਼ ਸ਼ਰੀਫ ਸ਼ੁੱਕਰਵਾਰ ਨੂੰ ਆਪਣੇ ਵਕੀਲਾਂ ਨਾਲ ਅਦਾਲਤ ਪੁੱਜੇ। ਉਹ ਗਲੇ ਦੇ ਕੈਂਸਰ ਨਾਲ ਜੂਝ ਰਹੀ ਆਪਣੀ ਪਤਨੀ ਕੁਲਸੁਮ ਨਵਾਜ ਕੋਲ ਪਿਛਲੇ ਮਹੀਨੇ ਲੰਡਨ ਗਏ ਸਨ।
ਅੱਜ ਦੀ ਸੁਣਵਾਈ ਵਿਚ ਨਵਾਜ਼ ਸ਼ਰੀਫ ਦੀ ਧੀ ਮਰੀਅਮ ਅਤੇ ਜਵਾਈ ਮੁਹੰਮਦ ਸਫਦਰ ਵੀ ਅਦਾਲਤ ਵਿੱਚ ਮੌਜੂਦ ਸਨ। ਸੁਣਵਾਈ ਦੇ ਸ਼ੁਰੂ ਵਿਚ ਬਚਾਅ ਪੱਖ ਨੇ ਜਵਾਬਦੇਹੀ ਜੱਜ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਫੈਸਲੇ ਉੱਤੇ ਵਿਚਾਰ ਕਰਨ ਨੂੰ ਕਿਹਾ, ਜਿਸ ਨੇ ਕੱਲ੍ਹ ਜਵਾਬਦੇਹੀ ਅਦਾਲਤ ਨੂੰ ਹੁਕਮ ਦਿੱਤਾ ਸੀ ਕਿ ਉਹ ਭ੍ਰਿਸ਼ਟਾਚਾਰ ਦੇ ਤਿੰਨਾਂ ਕੇਸਾਂ ਨੂੰ ਇਕੱਠੇ ਕਰਨ ਦੇ ਸੰਬੰਧ ਵਿਚ ਨਵਾਜ਼ ਸ਼ਰੀਫ ਦੀ ਮੰਗ ਉੱਤੇ ਫਿਰ ਵਿਚਾਰ ਕਰੇ। ਇਸ ਦਲੀਲ ਤੋਂ ਬਾਅਦ ਅਦਾਲਤ ਨੇ ਕੇਸ ਦੀ ਸੁਣਵਾਈ 7 ਨਵੰਬਰ ਤੱਕ ਮੁਲਤਵੀ ਕਰ ਦਿੱਤੀ।
ਸੁਣਵਾਈ ਤੋਂ ਬਾਅਦ ਨਵਾਜ਼ ਸ਼ਰੀਫ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਆਸਿਫ ਅਲੀ ਜਰਦਾਰੀ ‘ਕਿਸੇ ਨੂੰ ਖੁਸ਼’ ਕਰਨ ਲਈ ਉਨ੍ਹਾਂ ਦੇ ਖਿਲਾਫ ਬੋਲ ਰਹੇ ਹਨ। ਉਨ੍ਹਾਂ ਕਿਹਾ, ‘ਮੈਂ ਕੁਝ ਨਹੀਂ ਕਹਿਣਾ, ਕਿਉਂਕਿ ਹਾਲਾਤ ਤੇ ਕਾਰਵਾਈ ਸਭ ਦੇ ਸਾਹਮਣੇ ਹਨ।’ ਅਦਾਲਤ ਦੇ ਆਲੇ-ਦੁਆਲੇ ਅੱਜ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ ਸੀ।