ਨਵਾਜ਼ ਸ਼ਰੀਫ ਨੇ ਲੀਡਰਾਂ ਨੂੰ ਰਾਹੀਲ ਸ਼ਰੀਫ ਦੇ ਵਿਵਾਦ ਵਿੱਚ ਪੈਣ ਤੋਂ ਰੋਕਿਆ

sharif
ਇਸਲਾਮਾਬਾਦ, 10 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨ ਦੀ ਫੌਜ ਦੇ ਸਾਬਕਾ ਮੁਖੀ ਜਨਰਲ ਰਾਹੀਲ ਸ਼ਰੀਫ ਨੂੰ ਸਾਊਦੀ ਅਰਬ ਦੀ ਅਗਵਾਈ ਵਾਲੇ 41 ਮੁਸਲਿਮ ਦੇਸ਼ਾਂ ਦੇ ਫੌਜੀ ਗਠਜੋੜ ਦਾ ਮੁਖੀ ਬਣਾਉਣ ਬਾਰੇ ਨਵਾਜ਼ ਸ਼ਰੀਫ ਨੇ ਆਪਣੇ ਪਾਰਟੀ ਨੇਤਾਵਾਂ ਨੂੰ ਕਿਹਾ ਕਿ ਉਹ ਰਾਹੀਲ ਦੇ ਵਿਰੁੱਧ ਕੋਈ ਵਿਵਾਦ ਪੂਰਨ ਬਿਆਨ ਨਾ ਦੇਣ। ਰਾਹੀਲ ਦੀ ਨਿਯੁਕਤੀ ਦਾ ਵਿਰੋਧ ਕਈ ਪਾਕਿਸਤਾਨੀ ਨੇਤਾਵਾਂ, ਸੇਵਾ ਮੁਕਤ ਫੌਜੀ ਅਫਸਰਾਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਨੇ ਕੀਤਾ ਹੈ। ਇਨ੍ਹਾਂ ਲੋਕਾਂ ਨੇ ਸੇਵਾ ਮੁਕਤ ਜਰਨਲ ਦੇ ਕਿਸੇ ਵਿਦੇਸ਼ੀ ਫੌਜੀ ਗਠਜੋੜ ਦੇ ਨਾਲ ਜੁੜਨ ਦੇ ਫੈਸਲੇ ਉੱਤੇ ਕਈ ਪੱਖਾਂ ਤੋਂ ਸਵਾਲ ਖੜਾ ਕਰਨ ਦਾ ਯਤਨ ਕੀਤਾ ਹੈ।
ਰੇਡੀਓ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਸ਼ਰੀਫ ਦੇ ਹਵਾਲੇ ਨਾਲ ਆਖਿਆ ਹੈ ਕਿ ‘ਨਵਾਜ਼ ਸ਼ਰੀਫ ਨੇ ਆਪਣੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾਵਾਂ ਨੂੰ ਸੇਵਾ ਮੁਕਤ ਰਾਹੀਲ ਸ਼ਰੀਫ ਬਾਰੇ ਹਰ ਵਿਵਾਦ ਪੂਰਨ ਬਿਆਨ ਦੇਣ ਤੋਂ ਰੋਕ ਦਿੱਤਾ ਹੈ। ਨਵਾਜ਼ ਸ਼ਰੀਫ ਨੇ ਕਿਹਾ ਕਿ ਪੂਰਾ ਦੇਸ਼ ਸਾਬਕਾ ਫੌਜ ਮੁਖੀ ਜਨਰਲ ਰਾਹੀਲ ਸ਼ਰੀਫ ਦੀਆਂ ਸ਼ਾਨਦਾਰ ਸੇਵਾਵਾਂ ਲਈ ਉਨ੍ਹਾਂ ਦੀ ਸ਼ਲਾਘਾ ਕਰਦਾ ਹੈ। ਸ਼ਰੀਫ ਦੇ ਨਿਰਦੇਸ਼ ਤੋਂ ਕੁਝ ਦਿਨ ਪਹਿਲਾਂ ਸਿੰਧ ਦੇ ਗਵਰਨਰ ਮੁਹੰਮਦ ਜੁਬੈਰ ਨੇ ਜਨਰਲ ਰਾਹੀਲ ਸ਼ਰੀਫ ਨੂੰ ‘ਇਕ ਆਮ ਜਨਰਲ’ ਦੱਸ ਕੇ ਕਿਹਾ ਸੀ ਕਿ ਉਸ ਨੂੰ ਏਨਾ ਵਧਾ-ਚੜ੍ਹਾ ਕੇ ਪੇਸ਼ ਨਹੀਂ ਕਰਨਾ ਚਾਹੀਦਾ। ਇਸ ਨਾਲ ਉਹਦੇ ਲਈ ਸਮੱਸਿਆਵਾਂ ਪੈਦਾ ਹੋਣਗੀਆਂ।
ਗਵਰਨਰ ਮੁਹੰਮਦ ਜੁਬੈਰ ਉਸ ਖਬਰ ਦਾ ਹਵਾਲਾ ਦੇ ਰਹੇ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ ਰਾਹੀਲ ਸ਼ਰੀਫ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਖੇਤੀ ਵਾਸਤੇ ਜ਼ਮੀਨ ਦਿੱਤੀ ਗਈ ਹੈ। ਗਵਰਨਰ ਨੇ ਕਿਹਾ, ‘ਸਾਊਦੀ ਅਰਬ ਵਾਲੇ ਫੌਜੀ ਗਠਜੋੜ ਦੇ ਮੁਖੀ ਵਜੋਂ ਰਾਹੀਲ ਦੇ ਕੰਮ ਨੂੰ ਅਸਾਧਾਰਣ ਚੀਜ਼ ਵਜੋਂ ਦੇਖਿਆ ਜਾ ਰਿਹਾ ਹੈ, ਜਦ ਕਿ ਇਕ ਆਮ ਵਿਅਕਤੀ ਵਜੋਂ ਇਹ ਉਨ੍ਹਾਂ ਦਾ ਅਧਿਕਾਰ ਹੈ।’ ਦੱਸਣ ਯੋਗ ਹੈ ਕਿ ਰਾਹੀਲ ਸ਼ਰੀਫ ਉਕਤ ਗਠਜੋੜ ਦੀ ਕਮਾਨ ਇਸ ਮਹੀਨੇ ਸੰਭਾਲਣ ਵਾਲੇ ਹਨ। ਇਸ ਗਠਜੋੜ ਨੂੰ ‘ਮੁਸਲਿਮ ਨਾਟੋ’ ਕਿਹਾ ਜਾ ਰਿਹਾ ਹੈ।