ਨਵਾਜ਼ ਸ਼ਰੀਫ ਨੇ ਕਸ਼ਮੀਰ ਮਸਲੇ ਵਿੱਚ ਮਦਦ ਲਈ ਅਮਰੀਕਾ ਨੂੰ ਹਾਕ ਮਾਰੀ

Nawaz-Sharif-APਇਸਲਾਮਾਬਾਦ, 3 ਜੁਲਾਈ, (ਪੋਸਟ ਬਿਊਰੋ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਸ਼ਮੀਰ ਮਸਲੇ ਦੇ ਹੱਲ ਲਈ ਅਮਰੀਕਾ ਨੂੰ ਆਪਣੀ ਭੂਮਿਕਾ ਨਿਭਾਉਣ ਲਈ ਤਰਲਾ ਮਾਰਿਆ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਬੈਠਕ ਤੋਂ ਬਾਅਦ ਪਾਕਿਸਤਾਨ ਵਿੱਚ ਆਏ ਅਮਰੀਕਾ ਦੇ ਸ਼ਕਤੀਸ਼ਾਲੀ ਸੈਨਟਰਾਂ ਦੇ ਵਫਦ ਨਾਲ ਇੱਕ ਮੀਟਿੰਗ ਵਿੱਚ ਨਵਾਜ਼ ਸ਼ਰੀਫ ਨੇ ‘ਨਿਹੱਥੇ ਕਸ਼ਮੀਰੀ ਲੋਕਾਂ ਉੱਤੇ’ ਭਾਰਤ ਵੱਲੋਂ ਕੀਤੇ ਜਾ ਰਹੇ ਕਥਿਤ ਜ਼ੁਲਮਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਉੱਤੇ ਚਿੰਤਾ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਅਤੇ ਖਾਸ ਕਰ ਕੇ ਅਮਰੀਕਾ ਨੂੰ ਕਸ਼ਮੀਰੀ ਲੋਕਾਂ ਦੇ ਦੁੱਖਾਂ ਦਾ ਅੰਤ ਕਰਨ ਲਈ ਆਪਣਾ ਯੋਗਦਾਨ ਦੇਣ ਲਈ ਕਿਹਾ ਗਿਆ ਹੈ। ‘ਡਾਅਨ’ ਦੀ ਰਿਪੋਰਟ ਮੁਤਾਬਕ ਸੈਨੇਟਰ ਜਾਨ ਮਕੈਨ ਦੀ ਅਗਵਾਈ ਹੇਠ ਪਾਕਿਸਤਾਨ ਆਏ ਅਮਰੀਕਾ ਦੇ5 ਮੈਂਬਰੀ ਵਫਦ ਨੇ ਭਾਰਤ-ਪਾਕਿ ਨੂੰ ਕਸ਼ਮੀਰ ਮਸਲਾ ਗੱਲਬਾਤ ਨਾਲ ਸੁਲਝਾਉਣ ਲਈ ਕਿਹਾ ਹੈ। ਨਵਾਜ਼ ਸ਼ਰੀਫ ਨੇ ਇਸ ਵਫਦ ਨੂੰ ਪਾਕਿਸਤਾਨ ਵੱਲੋਂ ਅੱਤਵਾਦ ਦੇ ਖ਼ਿਲਾਫ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਦੱਸਿਆ ਤੇ ਸੈਨੇਟਰ ਮਕੈਨ ਨੇ ਇਸ ਖਿੱਤੇ ਵਿੱਚ ਸ਼ਾਂਤੀ ਦੀ ਬਹਾਲੀ ਤੇ ਸਥਿਰਤਾ ਬਣਾਈ ਰੱਖਣ ਲਈ ਅਮਰੀਕਾ ਤੇ ਪਾਕਿਸਤਾਨ ਵਿਚਾਲੇ ਸਹਿਯੋਗ ਜਾਰੀ ਰੱਖਣ ਉੱਤੇ ਰਜ਼ਾਮੰਦੀ ਪ੍ਰਗਟ ਕੀਤੀ ਹੈ।
ਇਸ ਦੌਰਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਅੱਜ ਕਿਹਾ ਕਿ ਭਾਰਤ ਨਾਲ ਅਜਿਹੀ ਕਿਸੇ ਗੱਲਬਾਤ ਵਿੱਚ ਪਾਕਿਸਤਾਨ ਹਿੱਸਾ ਨਹੀਂ ਲਵੇਗਾ, ਜਿਸ ਵਿਚ ਕਸ਼ਮੀਰ ਮੁੱਦੇ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਸਾਰੇ ਵਿਵਾਦਿਤ ਮੁੱਦਿਆਂ ਦਾ ਹੱਲ ਗੱਲਬਾਤ ਨਾਲ ਕਰਨਾ ਚਾਹੁੰਦਾ ਹੈ। ਵਿਦੇਸ਼ ਮੰਤਰਾਲੇ ਵਿੱਚ ਮਕਬੂਜ਼ਾ ਕਸ਼ਮੀਰ ਤੋਂ ਆਏ ਕਸ਼ਮੀਰ ਜਰਨਲਿਸਟ ਫੋਰਮ ਦੇ 20 ਮੈਂਬਰੀ ਵਫ਼ਦ ਨੂੰ ਸੰਬੋਧਨ ਕਰਦਿਆਂ ਸਰਤਾਜ ਅਜ਼ੀਜ਼ ਨੇ ਕਿਹਾ ਕਿ ਕਸ਼ਮੀਰ ਮੁੱਦੇ ਨੂੰ ਸ਼ਾਮਲ ਕੀਤੇ ਬਿਨਾਂ ਭਾਰਤ ਵੱਲੋਂ ਆਪਣੀਆਂ ਸ਼ਰਤਾਂ ਉੱਤੇ ਗੱਲਬਾਤ ਦੀ ਇੱਛਾ ਨੂੰ ਕਦੇ ਨਹੀਂਂ ਮੰਨਿਆ ਜਾਵੇਗਾ।