ਨਵਾਜ਼ ਸ਼ਰੀਫ ਨੂੰ ਨਵੀਂ ਸੱਟ, ਭ੍ਰਿਸ਼ਟਾਚਾਰ ਦੇ 16 ਪੈਂਡਿੰਗ ਕੇਸਾਂ ਦੀ ਜਾਂਚ ਮੁਕੰਮਲ ਕਰਨ ਦਾ ਹੁਕਮ

nawzz sharif
ਇਸਲਾਮਾਬਾਦ, 3 ਅਗਸਤ, (ਪੋਸਟ ਬਿਊਰੋ)- ਪਾਕਿਸਤਾਨ ਦੀ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਕਾਰਵਾਈ ਕਰਨ ਵਾਲੀ ਏਜੰਸੀ, ਨੈਸ਼ਨਲ ਅਕਾਊਂਟੇਬਿਲਟੀ ਬਿਊਰੋ (ਐਨ ਏ ਬੀ) ਦੇ ਮੁਖੀ ਕਮਰ ਜ਼ਮਾਨ ਚੌਧਰੀ ਨੇ ਬਿਊਰੋ ਨੂੰ ਹੁਕਮ ਦਿੱਤਾ ਹੈ ਕਿ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਭਰਾ ਸ਼ਹਿਬਾਜ਼ ਸ਼ਰੀਫ ਦੇ ਖ਼ਿਲਾਫ਼ ਭ੍ਰਿਸ਼ਟਾਚਾਰ 16 ਕੇਸਾਂ ਦੀ ਪੈਡਿੰਗ ਜਾਂਚ ਨੂੰ ਮੁਕੰਮਲ ਕਰੇ। ਮੀਡੀਆ ਰਿਪੋਰਟਾਂ ਮੁਤਾਬਿਕ 31 ਜੁਲਾਈ ਨੂੰ ਬਿਊਰੋ ਦੇ ਕਾਰਜਕਾਰੀ ਬੋਰਡ ਦੀ ਬੈਠਕ ਵਿੱਚ ਇਹ ਫ਼ੈਸਲਾ ਹੋਇਆ। ਇਸ ਦੌਰਾਨ ਸੁਪਰੀਮ ਕੋਰਟ ਵੱਲੋਂ ਪਾਨਾਮਾ ਪੇਪਰਜ਼ ਕੇਸ ਬਾਰੇ ਫ਼ੈਸਲੇ ਦੇ ਕਾਰਨ ਸ਼ਰੀਫ ਪਰਿਵਾਰ ਤੇ ਹੋਰਾਂ ਦੇ ਖ਼ਲਾਫ਼ ਚਾਰ ਫਾਈਲਾਂ ਖੋਲ੍ਹਣ ਦਾ ਵੀ ਨਿਰਣਾ ਕੀਤਾ ਗਿਆ ਹੈ।
ਕੌਮੀ ਅਖਬਾਰ ‘ਡਾਨ` ਦੀ ਰਿਪੋਰਟ ਮੁਤਾਬਕ 2000-2001 ਵਿੱਚ ਜਨਰਲ ਪ੍ਰਵੇਜ਼ ਮੁਸ਼ਰਫ ਦੇ ਰਾਜ ਦੌਰਾਨ ਨਵਾਜ਼ ਸ਼ਰੀਫ ਦੇ ਖ਼ਿਲਾਫ਼ 14 ਅਤੇ ਉਸ ਦੇ ਭਰਾ ਸ਼ਹਿਬਾਜ਼ ਸ਼ਰੀਫ ਦੇ ਖ਼ਿਲਾਫ਼ 2 ਕੇਸ ਦਰਜ ਹੋਏ ਸਨ ਜਿਨ੍ਹਾਂ ਦੀ ਜਾਂਚ ਨਵਾਜ਼ ਸ਼ਰੀਫ ਦੇ ਜਲਾਵਤਨ ਹੋ ਕੇ ਸਾਊਦੀ ਅਰਬ ਚਲੇ ਜਾਣ ਦੇ ਸਮਝੌਤੇ ਹੇਠ ਟਾਲ ਦਿੱਤੀ ਗਈ ਸੀ। ਇਹ ਮਾਮਲੇ ਅਪ੍ਰੈਲ 2006 ਵਿੱਚ ਦੋਬਾਰਾ ਖੋਲ੍ਹੇ ਗਏ ਸਨ, ਪਰ ਅਜੇ ਤੱਕ ਇਨ੍ਹਾਂ ਦੀ ਜਾਂਚ ਨਹੀਂਂ ਸੀ ਹੋਈ। ਨਵਾਜ਼ ਸ਼ਰੀਫ ਦੇ ਖ਼ਿਲਾਫ਼ ਫੈਡਰਲ ਜਾਂਚ ਏਜੰਸੀ ਵਿੱਚ ਗੈਰ-ਕਾਨੂੰਨੀ ਨਿਯੁਕਤੀਆਂ ਕਰਨ, ਲਾਹੌਰ ਡਿਵੈਂਲਪਮੈਂਟ ਅਥਾਰਟੀ ਵਿੱਚ ਬੇਨਿਯਮੀਆਂ ਕਰ ਕੇ ਪਲਾਂਟਾਂ ਦੀ ਅਲਾਟਮੈਂਟ ਅਤੇ ਰਾਏਵਿੰਡ ਰੋਡ ਦੀ ਉਸਾਰੀ ਕਰਵਾਉਣ ਦੇ ਦੋਸ਼ ਹਨ।