ਨਵਾਜ਼ ਸ਼ਰੀਫ ਤੇ ਪਰਵਾਰ ਵਿਰੁੱਧ ਮਾਣਹਾਨੀ ਦੀ ਅਰਜ਼ੀ ਰੱਦ


ਇਸਲਾਮਾਬਾਦ, 13 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੇ ਭਰਾ ਅਤੇ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਜਵਾਈ ਕੈਪਟਨ ਮੁਹੰਮਦ ਸਫਦਰ ਅਤੇ ਹੋਰ ਮੈਂਬਰਾਂ ਵਿਰੁੱਧ ਦਾਇਰ ਮਾਣਹਾਨੀ ਪਟੀਸ਼ਨ ਰੱਦ ਕਰ ਦਿੱਤੀ ਹੈ।
ਇਕ ਅੰਗਰੇਜੀ ਅਖਬਾਰ ਦੇ ਮੁਤਾਬਕ ਪਾਕਿਸਤਾਨ ਦੇ ਮੁੱਖ ਜੱਜ ਮੀਆਂ ਸਾਕਿਬ ਨਿਸਾਰ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਨਿਆਂ ਪਾਲਿਕਾ ਵਿਰੁੱਧ ਦਿੱਤੇ ਬਿਆਨਾਂ ਦੀ ਸਹੀ ਸਮੇਂ ਜਾਂਚ ਕੀਤੀ ਜਾਵੇਗੀ। ਮਾਣਹਾਨੀ ਪਟੀਸ਼ਨਾਂ ਮਹਿਮੂਦ ਅਖਤਰ ਨਕਵੀ ਨੇ ਦਾਇਰ ਕੀਤੀਆਂ ਸਨ। ਸੁਣਵਾਈ ਦੌਰਾਨ ਪਟੀਸ਼ਨ ਕਰਤਾ ਨੇ ਕਿਹਾ ਕਿ ਨਵਾਜ਼ ਸ਼ਰੀਫ ਨੂੰ ਹਟਾਉਣ ਦਾ ਫੈਸਲਾ ਆਉਣ ਪਿੱਛੋਂ ਸਾਬਕਾ ਪ੍ਰਧਾਨ ਮੰਤਰੀ ਨੇ ਕਈ ਸਿਆਸੀ ਰੈਲੀਆਂ ਵਿਚ ਅਦਾਲਤਾਂ ਦਾ ਜ਼ਬਾਨੀ ਅਪਮਾਨ ਕੀਤਾ ਸੀ। ਇਸ ਉੱਤੇ ਮੁੱਖ ਜੱਜ ਨੇ ਜਵਾਬ ਦਿੱਤਾ ਕਿ ਵੱਖ-ਵੱਖ ਬਿਆਨ ਅਦਾਲਤ ਦੇ ਰਿਕਾਰਡ ਵਿਚ ਪਹਿਲਾਂ ਹੀ ਮੌਜੂਦ ਹਨ, ਸਹੀ ਸਮਾਂ ਆਏ ਤੋਂ ਇਸ ਕੇਸ ਦੀ ਸੁਣਵਾਈ ਹੋਵੇਗੀ। ਅਦਾਲਤ ਨੇ ਡੈਨੀਅਲ ਅਜੀਜ਼, ਤਲਾਲ ਚੌਧਰੀ, ਖਵਾਜ਼ਾ ਸਾਦ ਰਫੀਕ, ਨੈਯਰ ਭੁਕਾਰੀ, ਫਿਰਦੌਸ ਆਸ਼ਿਕ ਅਵਾਨ ਅਤੇ ਯੂਸੁਫ ਰਜ਼ਾ ਗਿਲਾਨੀ ਵਿਰੁੱਧ ਅਦਾਲਤ ਦੀਆਂ ਸਾਰੀਆਂ ਮਾਣਹਾਨੀ ਪਟੀਸ਼ਨਾਂ ਨੂੰ ਵੀ ਰੱਦ ਕਰ ਦਿੱਤਾ।
ਸਾਲ 2017 ਵਿਚ ਨਕਵੀ ਨੇ ਦੋਵਾਂ ਸ਼ਰੀਫ ਭਰਾਵਾਂ, ਜਾਵੇਦ ਹਾਸ਼ਮੀ, ਰੇਲਵੇ ਮੰਤਰੀ ਸਾਦ ਰਫੀਕ, ਡੈਨੀਅਲ ਅਜੀਜ਼ ਅਤੇ ਹੋਰਨਾਂ ਦੇ ਵਿਰੁੱਧ ਮਾਣਹਾਨੀ ਪਟੀਸ਼ਨ ਸੀਨੀਅਰ ਅਦਾਲਤ ਵਿਚ ਦਾਇਰ ਕੀਤੀ ਸੀ। ਦੂਜੇ ਪਾਸੇ ਸੁਪਰੀਮ ਕੋਰਟ ਨੇ ਸਾਲ 2012 ਵਿਚ ਐੱਨ ਆਰ ਓ ਕੇਸ ਵਿਚ ਸਵਿਸ ਅਧਿਕਾਰੀਆਂ ਨੂੰ ਪੱਤਰ ਲਿਖਣ ਲਈ ਦੋਸ਼ੀ ਠਹਿਰਾਏ ਜਾਣ ਵਿਰੁੱਧ ਯੂਸੁਫ ਰਜ਼ਾ ਗਿਲਾਨੀ ਦੀ ਮੁੜ ਵਿਚਾਰ ਪਟੀਸ਼ਨ ਨੂੰ ਸੁਣਵਾਈ ਲਈ ਸੁਰੱਖਿਅਤ ਰੱਖ ਲਿਆ ਸੀ। ਬੈਂਚ ਨੇ ਪਾਕਿਸਤਾਨ ਤਹਿਰੀਕੇ ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਵਿਰੁੱਧ ਇਸੇ ਪਟੀਸ਼ਨਰ ਦੀ ਇੱਕ ਮਾਣਹਾਨੀ ਅਰਜ਼ੀ ਸੁਣਵਾਈ ਲਈ ਰੱਖ ਲਈ। ਦਿਲਚਸਪ ਗੱਲ ਇਹ ਹੈ ਕਿ ਇਸੇ ਬੈਂਚ ਨੇ ਸਾਬਕਾ ਮੁੱਖ ਜੱਜ ਇਖਤਿਆਰ ਮੁਹੰਮਦ ਚੌਧਰੀ ਦੀ ਆਲੋਚਨਾ ਕਰਨ ਲਈ ਨਸੀਰ ਕਯਾਨੀ ਵੱਲੋਂ ਦਾਇਰ ਇਕ ਮਾਣਹਾਨੀ ਪਟੀਸ਼ਨ ਨੂੰ ਸੁਣਵਾਈ ਲਈ ਸੁਰੱਖਿਅਤ ਰੱਖ ਲਿਆ ਹੈ। ਜੱਜ ਚੌਧਰੀ ਦੇ ਰਿਟਾਇਰ ਹੋਣ ਮਗਰੋਂ ਸਾਲ 2014 ਵਿਚ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ।