ਨਵਾਜ਼ ਸ਼ਰੀਫ ਉੱਤੇ ਮਨੀ ਲਾਂਡਰਿੰਗ ਲਈ ਕਰੋੜਾਂ ਰੁਪਏ ਭਾਰਤ ਭੇਜਣ ਦਾ ਦੋਸ਼

* ਵਰਲਡ ਬੈਂਕ ਨੇ ਰਿਪੋਰਟ ਰੱਦ ਕੀਤੀ
ਇਸਲਾਮਾਬਾਦ, 8 ਮਈ, (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਉੱਤੇ ਭਾਰਤ ਵਿੱਚ ਕਰੋੜਾਂ ਰੁਪਏ ਦਾ ਕਾਲਾ ਧਨ ਜਮ੍ਹਾ ਕਰਵਾਉਣ ਦਾ ਦੋਸ਼ ਲਾਇਆ ਗਿਆ ਹੈ। ਜਿਓ ਨਿਊਜ਼ ਟੀ ਵੀ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ (ਐੱਨ ਏ ਬੀ) ਨੇ ਇਕ ਸਥਾਨਕ ਮੀਡੀਆ ਰਿਪੋਰਟ ਦਾ ਨੋਟਿਸ ਲੈਂਦੇ ਹੋਏ ਇਸ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਵਰਨਣ ਯੋਗ ਹੈ ਕਿ ਜਿਓ ਨਿਊਜ਼ ਦੀ ਰਿਪੋਰਟ ਮੁਤਾਬਕ ਨਵਾਜ਼ ਸ਼ਰੀਫ ਤੇ ਹੋਰਨਾਂ ਨੇ ਭਾਰਤ ਵਿੱਚ 490 ਕਰੋੜ ਡਾਲਰ ਗੈਰ ਕਾਨੂੰਨੀ ਤਰੀਕੇ ਨਾਲ ਜਮ੍ਹਾ ਕਰਾਏ ਹਨ। ਜਿਓ ਨਿਊਜ਼ ਨੇ ਐੱਨ ਏ ਬੀ ਵਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਦੱਸਿਆ ਹੈ ਕਿ ਬਿਊਰੋ ਦੇ ਚੇਅਰਮੈਨ ਨੇ ਮੀਡੀਆ ਰਿਪੋਰਟ ਦਾ ਨੋਟਿਸ ਲਿਆ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਲੈਣ-ਦੇਣ ਦਾ ਵਰਲਡ ਬੈਂਕ ਦੇ ਮਾਈਗ੍ਰੇਸ਼ਨ ਐਂਡ ਰੈਮਿਟੰਸ ਬੁਕ 2016 ਵਿੱਚ ਵੀ ਜ਼ਿਕਰ ਕੀਤਾ ਹੋਇਆ ਹੈ। ਨਿਊਜ਼ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਕਮ ਵਿੱਚ ਭਾਰਤੀ ਵਿੱਤ ਮੰਤਰਾਲੇ ਵਿੱਚ ਜਮ੍ਹਾ ਕਰਵਾਈ ਗਈ ਹੈ, ਇਸ ਲਈ ਭਾਰਤ ਦਾ ਫਾਰਨ ਐਕਸਚੇਂਜ ਰਿਜ਼ਰਵ ਵੱਧ ਗਿਆ ਅਤੇ ਪਾਕਿਸਤਾਨ ਨੂੰ ਇਸ ਨਾਲ ਨੁਕਸਾਨ ਹੋਇਆ ਹੈ।
ਇਸ ਤੋਂ ਪਹਿਲਾਂ ਵੀ ਨਵਾਜ਼ ਸ਼ਰੀਫ ਉੱਤੇ ਭ੍ਰਿਸ਼ਟਾਚਾਰ ਦੇ ਤਿੰਨ ਕੇਸ ਚੱਲ ਰਹੇ ਹਨ। ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਹੀ ਪਾਕਿਸਤਾਨ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਪਹਿਲਾਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਯੋਗ ਕਰਾਰ ਦਿੱਤਾ ਅਤੇ ਫਿਰ ਕਿਸੇ ਵੀ ਜਨਤਕ ਅਹੁਦੇ ਲਈ ਸਾਰੀ ਉਮਰ ਲਈ ਅਯੋਗ ਐਲਾਨ ਕਰ ਦਿੱਤਾ ਸੀ।
ਪਾਕਿਸਤਾਨੀ ਮੀਡੀਆ ਦੀਆਂ ਇਨ੍ਹਾਂ ਰਿਪੋਰਟਾਂ ਨੂੰ ਵਰਲਡ ਬੈਂਕ ਨੇ ਗਲਤ ਕਿਹਾ ਹੈ, ਜਿਨ੍ਹਾਂ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮਨੀ ਲਾਂਡਰਿੰਗ ਲਈ 490 ਕਰੋੜ ਡਾਲਰ ਭਾਰਤ ਨੂੰ ਭੇਜੇ ਸਨ। ਵਰਲਡ ਬੈਂਕ ਨੇ ਇਕ ਬਿਆਨ ਵਿੱਚ ਕਿਹਾ ਕਿ ਮੀਡੀਆ ਵਿੱਚ ਵਰਲਡ ਬੈਂਕ ਦੀ 2016 ਦੀ ਇਕ ਰਿਪੋਰਟ ਦੇ ਹਵਾਲੇ ਨਾਲ ਕੁਝ ਖਬਰਾਂ ਆਈਆਂ ਹਨ, ਇਹ ਖਬਰਾਂ ਗਲਤ ਹਨ। ਵਰਲਡ ਬੈਂਕ ਨੇ ਕਿਹਾ ਕਿ ਰਿਪੋਰਟ ਵਿੱਚ ਮਨੀ ਲਾਂਡਰਿੰਗ ਦੀ ਕੋਈ ਗੱਲ ਹੀ ਸ਼ਾਮਲ ਨਹੀਂ ਹੈ ਤੇ ਨਾ ਇਸ ਵਿੱਚ ਕਿਸੇ ਵਿਅਕਤੀ ਦਾ ਨਾਂ ਸ਼ਾਮਲ ਹੈ।