ਨਵਾਜ਼ ਸ਼ਰੀਫ਼ ਉੱਤੇ ਭ੍ਰਿਸ਼ਟਾਚਾਰ ਦੇ ਇਕ ਹੋਰ ਕੇਸ ਵਿੱਚ ਚਾਰਜ ਲੱਗਾ


ਇਸਲਾਮਾਬਾਦ, 19 ਅਕਤੂਬਰ, (ਪੋਸਟ ਬਿਊਰੋ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਣ ਲਈ ਮਜਬੂਰ ਕੀਤੇ ਗਏ ਨਵਾਜ਼ ਸ਼ਰੀਫ਼ ਦੇ ਖ਼ਿਲਾਫ਼ ਇਸ ਦੇਸ਼ ਦੀ ਭ੍ਰਿਸ਼ਟਾਚਾਰ ਰੋਕੂ ਅਦਾਲਤ (ਨੈਸ਼ਨਲ ਅਕਾਊਂਟੇਬਿਲਟੀ ਬਿਊਰੋ) ਨੇ ਭ੍ਰਿਸ਼ਟਾਚਾਰ ਦੇ ਤੀਸਰੇ ਕੇਸ ਵਿੱਚ ਦੋਸ਼ ਤੈਅ ਕਰ ਦਿੱਤੇ ਹਨ। ਇਹ ਕੇਸ ਵੀ ਉਨ੍ਹਾਂ ਵੱਲੋਂ ਵਿਦੇਸ਼ਾਂ ਵਿੱਚ ਨਿਵੇਸ਼ ਅਤੇ ਬੇਹਿਸਾਬੀ ਜਾਇਦਾਦ ਬਣਾਉਣ ਦੇ ਦੋਸ਼ਾਂ ਨਾਲ ਸਬੰਧਤ ਹੈ।
ਨੈਸ਼ਨਲ ਅਕਾਊਂਟੇਬਿਲਟੀ ਬਿਊਰੋ ਦੇ ਜਸਟਿਸ ਮੁਹੰਮਦ ਬਸ਼ੀਰ ਨੇ 67 ਸਾਲਾ ਨਵਾਜ਼ ਸ਼ਰੀਫ਼ ਦੇ ਖ਼ਿਲਾਫ਼ ਉਸ ਦੀ ਆਮਦਨ ਦੇ ਜਾਣੇ ਜਾਂਦੇ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਉਣ ਬਾਰੇ ਦੋਸ਼ ਤੈਅ ਕੀਤੇ ਹਨ। ਵਰਨਣ ਯੋਗ ਹੈ ਕਿ ਨੈਸ਼ਨਲ ਅਕਾਊਂਟੇਬਿਲਟੀ ਬਿਊਰੋ ਨੇ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਦੇ ਖ਼ਿਲਾਫ਼ ਪਿਛਲੀ 8 ਸਤੰਬਰ ਨੂੰ ਭ੍ਰਿਸ਼ਟਾਚਾਰ ਦੇ ਤਿੰਨ ਕੇਸ ਦਰਜ ਕੀਤੇ ਸਨ, ਜਿਨ੍ਹਾਂ ਵਿੱਚੋਂ ਇਹ ਇਕ ਵਿੱਚ ਹੁਣ ਦੋਸ਼ ਤੈਅ ਕੀਤੇ ਗਏ ਹਨ। ਇਹ ਕੇਸ ਨਵਾਜ਼ ਸ਼ਰੀਫ਼ ਨੂੰ ਸੁਪਰੀਮ ਕੋਰਟ ਵੱਲੋਂ ਬੀਤੀ 28 ਜੁਲਾਈ ਨੂੰ ਪਨਾਮਾ ਦਸਤਾਵੇਜ਼ ਕੇਸ ਵਿੱਚ ਅਯੋਗ ਠਹਿਰਾਏ ਜਾਣ ਤੋਂ ਬਾਅਦ ਦਰਜ ਕੀਤਾ ਗਿਆ ਸੀ। ਅੱਜ ਦੀ ਸੁਣਵਾਈ ਮੌਕੇ ਨਵਾਜ਼ ਸ਼ਰੀਫ਼ ਅਦਾਲਤ ਵਿੱਚ ਹਾਜ਼ਰ ਨਹੀਂ ਸੀ ਤੇ ਜੱਜ ਨੇ ਇਸ ਕੇਸ ਦੀ ਚਾਰਜਸ਼ੀਟ ਉਨ੍ਹਾਂ ਦੇ ਵਕੀਲ ਜ਼ਾਫਿਰ ਖ਼ਾਨ ਨੂੰ ਪੜ੍ਹ ਕੇ ਸੁਣਾਈ। ਵਕੀਲ ਜ਼ਾਕਿਰ ਖ਼ਾਨ ਨੇ ਅਦਾਲਤ ਅੱਗੇ ਨਵਾਜ਼ ਸ਼ਰੀਫ਼ ਨੂੰ ਬੇਗੁਨਾਹ ਕਰਾਰ ਦਿੰਦੇ ਹੋਏ ਦਲੀਲਾਂ ਪੇਸ਼ ਕੀਤੀਆਂ। ਨਵਾਜ਼ ਸ਼ਰੀਫ਼ ਖੁਦ ਇਸ ਵਕਤ ਲੰਡਨ ਵਿੱਚ ਆਪਣੀ ਪਤਨੀ ਕੁਲਸੁਮ ਦੇ ਕੋਲ ਹਨ, ਜਿਹੜੀ ਗਲੇ ਦੇ ਕੈਂਸਰ ਤੋਂ ਪੀੜਤ ਹੈ ਤੇ ਉਸ ਦੇ ਤਿੰਨ ਅਪਰੇਸ਼ਨ ਹੋ ਚੁੱਕੇ ਹਨ। ਲੰਡਨ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਨਵਾਜ਼ ਸ਼ਰੀਫ ਨੇ ਅਦਾਲਤ ਵੱਲੋਂ ਆਪਣੇ ਆਪ ਨੂੰ ਅਯੋਗ ਕਰਾਰ ਦਿੱਤੇ ਜਾਣ ਦੀ ਨਿਖੇਧੀ ਕੀਤੀ ਤੇ ਆਪਣੀ ਗ਼ੈਰਹਾਜ਼ਰੀ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਜਾਣ ਨੂੰ ਇਨਸਾਫ਼ ਦਾ ਕਤਲ ਕਿਹਾ। ਉਨ੍ਹਾਂ ਐਲਾਨ ਵੀ ਕੀਤਾ ਕਿ ਉਹ ਕੇਸ ਦੀ 26 ਅਕਤੂਬਰ ਨੂੰ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਦੇਸ਼ ਪਰਤ ਆਉਣਗੇ।