ਨਵਾਜ਼ ਸ਼ਰੀਫ ਦੀ ਤਿਕੜਮ ਨੇ ਸ਼ਾਹਬਾਜ਼ ਸ਼ਰੀਫ ਨੂੰ ਠਿੱਬੀ ਲਾਈ

nawaz sharif
ਲਾਹੌਰ, 6 ਅਗਸਤ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਰਵਾਰ ਵਿੱਚ ਸਿਆਸਤ ਖੇਡ ਕੇ ਆਪਣੇ ਛੋਟੇ ਭਰਾ ਸ਼ਾਹਬਾਜ਼ ਦੇ ਪ੍ਰਧਾਨ ਮੰਤਰੀ ਬਣਨ ਦੇ ਰਾਹ ਵਿੱਚ ਕੰਡੇ ਬੀਜ ਦਿੱਤੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਆਪਣਾ ਵਾਰਸ ਐਲਾਨਿਆ ਸੀ। ਪੀ ਐੱਮ ਐੱਲ-ਐੱਨ ਆਗੂਆਂ ਮੁਤਾਬਕ ਸ਼ਾਹਬਾਜ਼ ਸੁਨਹਿਰਾ ਮੌਕਾ ਮਿਲਣ ਤੋਂ ਖੁੰਝ ਗਿਆ, ਕਿਉਂਕਿ 10 ਮਹੀਨਿਆਂ ਬਾਅਦ 2018 ‘ਚ ਹੋਣ ਵਾਲੀਆਂ ਚੋਣਾਂ ਦੌਰਾਨ ਉਸ ਨੂੰ ਗੱਦੀ ‘ਤੇ ਬੈਠਣ ਦਾ ਮੌਕਾ ਮਿਲਣਾ ਮੁਸ਼ਕਲ ਜਾਪਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਪੀ ਐੱਮ ਐੱਲ-ਐੱਨ ਚੋਣਾਂ ਜਿੱਤ ਜਾਂਦੀ ਹੈ ਤਾਂ ਨਵਾਜ਼ ਸ਼ਰੀਫ ਦੇ ਪਰਵਾਰ ਵਿੱਚੋੋਂ ਕੋਈ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੀ ਦੌੜ ਵਿੱਚ ਆ ਜਾਵੇਗਾ।
ਪਾਰਟੀ ਦੇ ਇੱਕ ਸੀਨੀਅਰ ਆਗੂ ਮੁਤਾਬਕ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨੂੰ ਭਿ੍ਰਸ਼ਟਾਚਾਰ ਦੇ ਕੇਸਾਂ ਵਿੱਚੋਂ ਜੇ ਰਾਹਤ ਨਾ ਮਿਲੀ ਤਾਂ ਉਸ ਦੀ ਮਾਂ ਤੇ ਨਵਾਜ਼ ਦੀ ਪਤਨੀ ਕਲਸੂਮ ਅਗਲੀ ਚੋਣਾਂ ‘ਚ ਪ੍ਰਧਾਨ ਮੰਤਰੀ ਬਣਨ ਵਾਸਤੇ ਦਾਅਵੇਦਾਰ ਹੋਏਗੀ। ਉਸ ਦਾ ਕਹਿਣਾ ਹੈ ਕਿ ਸ਼ਰੀਫ ਨੂੰ ਸ਼ਾਹਬਾਜ਼ ਤੋਂ ਖਦਸ਼ਾ ਹੈ ਕਿ ਜੇ ਉਹ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਉਹ ਪਾਰਟੀ ‘ਤੇ ਕਾਬਜ਼ ਹੋ ਜਾਵੇਗਾ ਅਤੇ ਪੰਜਾਬ ਸੂਬੇ ਦੀ ਕੁਰਸੀ ਉਹ ਆਪਣੇ ਪੁੱਤਰ ਹਮਜ਼ਾ ਨੂੰ ਸੌਂਪ ਦੇਵੇਗਾ। ਇੱਕ ਹੋੋਰ ਆਗੂ ਨੇ ਕਿਹਾ ਕਿ ਸ਼ਰੀਫ ਨੇ ਜ਼ਬਰਦਸਤ ਪਰਵਾਰਕ ਸਿਆਸਤ ਖੇਡੀ ਹੈ। ਪਹਿਲਾਂ ਉਸ ਨੇ ਭਰਾ ਨੂੰ ਵਾਰਸ ਐਲਾਨਿਆ। ਬਾਅਦ ਵਿੱਚ ਪਾਰਟੀ ਵਿੱਚ ਅਜਿਹਾ ਮਾਹੌਲ ਬਣਾਇਆ ਕਿ ਸ਼ਾਹਬਾਜ਼ ਦੇ ਪੰਜਾਬ ਛੱਡਣ ‘ਤੇ ਪਾਰਟੀ ਨੂੰ ਨੁਕਸਾਨ ਹੋਏਗਾ ਅਤੇ 2018 ਦੀਆਂ ਚੋਣਾਂ ‘ਚ ਮੁਕਾਬਲਾ ਔਖਾ ਹੋ ਜਾਵੇਗਾ। ਦੂਜੇ ਪਾਸੇ ਸ਼ਾਹਬਾਜ਼ ਜ਼ੋਰ ਲਾਉਂਦਾ ਰਿਹਾ ਕਿ ਉਸ ਨੂੰ ਕੇਂਦਰ ‘ਚ ਲਿਆਂਦਾ ਜਾਵੇ ਅਤੇ ਪੰਜਾਬ ਉਸ ਦੇ ਪੁੱਤਰ ਹਮਜ਼ਾ ਦੇ ਹਵਾਲੇ ਕੀਤਾ ਜਾਵੇ, ਪਰ ਉਸ ਦੀਆਂ ਕੋਸ਼ਿਸ਼ਾਂ ‘ਤੇ ਪਾਣੀ ਫੇਰ ਦਿੱਤਾ ਗਿਆ। ਮਰੀਅਮ ਵੀ ਨਹੀਂ ਚਾਹੰਦੀ ਕਿ ਉਸ ਦਾ ਚਾਚਾ ਕੇਂਦਰ ਅਤੇ ਪੰਜਾਬ ਦੀ ਗੱਦੀ ਸੰਭਾਲੇ। ਆਗੂ ਨੇ ਕਿਹਾ ਕਿ ਸ਼ਾਹਬਾਜ਼ ਨੂੰ ਕੇਂਦਰ ਤੋਂ ਲਾਂਭੇ ਰੱਖ ਕੇ ਨਵਾਜ਼ ਸ਼ਰੀਫ ਹਾਲੇ ਪਾਰਟੀ ‘ਤੇ ਕਬਜ਼ਾ ਰੱਖਣਾ ਤੇ ਭਵਿੱਖ ਵਿੱਚ ਆਪਣੇ ਪਰਵਾਰ ‘ਚੋਂ ਕਿਸੇ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ।