ਨਵਾਜ਼ ਨੂੰ ਫਸਾਉਣ ਵਾਲੇ ਇਮਰਾਨ ਦੀ ਪਾਰਟੀ ਵੀ ਦੋਸ਼ਾਂ ਵਿੱਚ ਘਿਰੀ

imran khan
* ਕਾਰਜਕਾਰੀ ਪ੍ਰਧਾਨ ਮੰਤਰੀ ਉੱਤੇ ਵੀ ਭ੍ਰਿਸ਼ਟਾਚਾਰ ਦਾ ਕੇਸ ਚੱਲਦਾ ਪਿਐ
ਇਸਲਾਮਾਬਾਦ, 31 ਜੁਲਾਈ, (ਪੋਸਟ ਬਿਊਰੋ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤੇ ਗਏ ਨਵਾਜ਼ ਸ਼ਰੀਫ ਦੀ ਪਾਰਟੀ ਨੇ ਅੱਜ ਵਿਰੋਧੀ ਧਿਰ ਦੇ ਨੇਤਾ ਇਮਰਾਨ ਖਾਨ ਉੱਤੇ ਵਿਦੇਸ਼ਾਂ ਤੋਂ ਫੰਡ ਲੈਣ ਦੇ ਮਾਮਲੇ ਵਿੱਚ ਉਸ ਦੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਚੱਲਦੇ ਕੇਸ ਵਿੱਚ ਜਾਅਲੀ ਦਸਤਾਵੇਜ ਪੇਸ਼ ਕਰਨ ਦਾ ਦੋਸ਼ ਲਾਇਆ ਹੈ।
ਵਰਨਣ ਯੋਗ ਹੈ ਕਿ ਨਵਾਜ਼ ਸ਼ਰੀਫ ਦੀ ਗੱਦੀ ਛੁਡਾਉਣ ਤੱਕ ਜਾਣ ਵਾਲਾ ਕੇਸ ਇਮਰਾਨ ਖਾਨ ਦੀ ਪਾਰਟੀ ਵੱਲੋਂ ਹੀ ਚੁੱਕਿਆ ਗਿਆ ਸੀ। ਹੁਣ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸੀਨੀਅਰ ਆਗੂ ਆਸਿਫ ਕ੍ਰਿਮਾਨੀ ਨੇ ਤਹਿਰੀਕ-ਏ-ਇਨਸਾਫ ਪਾਰਟੀ (ਪੀ ਟੀ ਆਈ) ਦੇ ਚੇਅਰਮੈਨ ਇਮਰਾਨ ਖਾਨ ਉੱਤੇ ਦੋਸ਼ ਲਾਇਆ ਹੈ ਕਿ ਜਿਹੜੇ ਸ਼ੇਖ ਰਸ਼ੀਦ ਨੂੰ ਇਮਰਾਨ ਖਾਨ ਨੇਤਾ ਮੰਨਣ ਲਈ ਤਿਆਰ ਨਹੀਂ ਸੀ ਅਤੇ ਕਈ ਦੋਸ਼ ਲਾਉਂਦਾ ਸੀ, ਹੁਣ ਉਸੇ ਨੂੰ ਉਸ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਨਾਮਜ਼ਦ ਕਰ ਦਿੱਤਾ ਹੈ। ਕ੍ਰਿਮਾਨੀ ਦਾ ਇਹ ਬਿਆਨ ਸ਼ੁੱਕਰਵਾਰ ਨੂੰ ਨਵਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਅਯੋਗ ਕਰਾਰ ਦਿੱਤੇ ਜਾਣ ਪਿੱਛੋਂ ਬੀਤੇ ਦਿਨ ਇਮਰਾਨ ਦੀ ਪਾਰਟੀ ਵੱਲੋਂ ਇਸ ਨੂੰ ਭਿਸ਼ਟਾਚਾਰ ਦੇ ਖ਼ਿਲਾਫ਼ ਜਿੱਤ ਕਰਾਰ ਦੇਣ ਦੀ ਰੈਲੀ ਤੋਂ ਬਾਅਦ ਆਇਆ ਹੈ। ਕ੍ਰਿਮਾਨੀ ਨੇ ਤਹਿਰੀਕ-ਏ-ਇਨਸਾਫ ਪਾਰਟੀ ਦੀ ਰੈਲੀ ਨੂੰ ‘ਮਿਊਜ਼ਕ ਨਾਈਟ` ਅਤੇ ਇਸ ਪਾਰਟੀ ਨੂੰ ਘੁਟਾਲਾ ਪਾਰਟੀ ਦਾ ਨਾਂਅ ਦੇਂਦਿਆਂ ਕਿਹਾ ਕਿ ਇਸ ਦੇ ਨੇਤਾ ਇਮਰਾਨ ਖਾਨ ਨੂੰ ਅਦਾਲਤ ਵਿੱਚ ਜਾਅਲੀ ਦਸਤਾਵੇਜ ਪੇਸ਼ ਕਰਨ ਉੱਤੇ ਸ਼ਰਮਿੰਦਗੀ ਨਹੀਂ ਹੋਈ। ਉਨ੍ਹਾਂ ਨੇ ਇਮਰਾਨ ਖਾਨ ਤੋਂ ਪੁੱਛਿਆ ਕਿ ਉਹ ਖੁਦ ਆਪਣੀ ਵਿਦੇਸ਼ੀ ਜਾਇਦਾਦ ਦਾ ਐਲਾਨ ਕਿਉਂ ਨਹੀਂ ਕਰਦੇ ਅਤੇ ਹੁਣ ਵੀ ਆਪਣੀ ਤਲਾਕ ਸ਼ੁਦਾ ਪਤਨੀ ਤੋਂ ਤੋਹਫੇ ਕਿਉਂ ਲੈਂਦੇ ਹਨ?’ ਵਰਨਣ ਯੋਗ ਹੈ ਕਿ ਬੀਤੇ ਦਿਨ ਹਜ਼ਾਰਾਂ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕ੍ਰਿਕਟਰ ਤੋਂ ਸਿਆਸੀ ਨੇਤਾ ਬਣੇ ਇਮਰਾਨ ਖਾਨ ਨੇ ਕਿਹਾ ਹੈ ਕਿ ਜੇ ਅਦਾਲਤ ਵਿੱਚ ਉਸ ਦੇ ਖ਼ਲਾਫ਼ ਚੱਲ ਰਹੇ ਭਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ ਸਾਬਿਤ ਹੋਏ ਤਾਂ ਉਹ ਰਾਜਨੀਤੀ ਤੋਂ ਸੰਨਿਆਸ ਲੈ ਲਵੇਗਾ।
ਦੂਸਰੇ ਪਾਸੇ ਇਹ ਨਵੀਂ ਖਬਰ ਆਈ ਹੈ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਪਾਰਟੀ ਵੱਲੋਂ ਪਾਕਿਸਤਾਨ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਅਹੁਦੇ ਲਈ ਅੱਗੇ ਕੀਤੇ ਗਏ ਆਗੂ ਸ਼ਾਹਿਦ ਖਕਾਨ ਅੱਬਾਸੀ ਦੇ ਖਿਲਾਫ਼ ਕੁਦਰਤੀ ਗੈਸ ਠੇਕੇ ਬਾਰੇ ਪਾਕਿਸਤਾਨ ਦਾ ਕੌਮੀ ਜਵਾਬਦੇਹੀ ਬਿਊਰੋ 22000 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਬਾਰੇ ਸਾਬਕਾ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਖੁਦ ਵੀ ਕੌਮੀ ਜਵਾਬਦੇਹੀ ਬਿਊਰੋ ਵੱਲੋਂ ਤਰਲ ਕੁਦਰਤੀ ਗੈਸ (ਐਲ ਐਨ ਜੀ) ਦੀ ਇੰਪੋਰਟ ਦਾ ਠੇਕਾ ਦੇਣ ਬਾਰੇ ਸਾਲ 2015 ਵਿਚ ਦਰਜ ਹੋਏ ਮਾਮਲੇ ਦਾ ਮੁੱਖ ਦੋਸ਼ੀ ਹੈ। ਇਸ ਕੇਸ ਵਿਚ ਦੂਸਰੇ ਸ਼ੱਕੀ ਦੋਸ਼ੀ ਸਾਬਕਾ ਪੈਟਰੋਲੀਅਮ ਸੈਕਟਰੀ ਆਬਿਦ ਸਈਦ, ਅੰਤਰ ਰਾਜੀ ਗੈਸ ਸਿਸਟਮ ਦੇ ਮੈਨੇਜਿੰਗ ਡਾਇਰੈਕਟਰ ਮੋਬਿਨ ਸੌਲੁਤ, ਨਿੱਜੀ ਕੰਪਨੀ ਇੰਗੋਰ ਦੇ ਸੀ ਈ ਓ ਇਮਰਾਨ ਉਲ ਹੱਕ ਅਤੇ ਸੂਈ ਸਾਉਥਰਨ ਗੈਸ ਕੰਪਨੀ ਦੇ ਸਾਬਕਾ ਐਮ ਡੀ ਜ਼ੁਹੈਰ ਅਹਿਮਦ ਸਿੱਦੀਕੀ ਲਿਖੇ ਗਏ ਹਨ।