ਨਵਾਂ ਸੱਭਿਆਚਾਰ

-ਐਮ ਐਨ ਸਿੰਘ

ਇਕ ਦਿਨ ਮੈਂ
ਸੂਰਜ ਨੂੰ ਪੁੱਛਿਆ,
ਤੂੰ ਉਦਾਸ ਕਿਉਂ ਹੈ?

ਉਸ ਨੇ ਆਖਿਆ,
ਸਰਦੀ ਤੇ ਕੱਕਰ ਦੀ ਆਗੋਸ਼ ‘ਚ
ਸੁੱਤੇ ਪਏ ਸ਼ਹਿਰ ਨੂੰ,
ਜਗਾਉਣ ਲਈ,

ਮੈਂ ਖੋਲ੍ਹ ਦਿੱਤੀਆਂ ਹਨੇਰੇ
ਸੂਰਜ ਦੀਆਂ ਬਾਰੀਆਂ।

ਕੋਸੀ ਧੁੱਪ ‘ਚ
ਫੜਫੜਾ ਤੇ ਅੰਗੜਾਈਆਂ ਲੈ ਰਹੇ ਹਨ ਪੰਛੀ।

ਪਰ ਆਸਮਾਨ ਨੂੰ
ਛੂਹ ਰਹੀਆਂ ਇਮਾਰਤਾਂ
ਤੇ ਖੁੱਲ੍ਹੀਆਂ ਸੜਕਾਂ ਵਾਲੇ
ਇਸ ਸ਼ਹਿਰ ‘ਚ
ਹਾਲੇ ਵੀ ਸੌਂ ਰਹੇ ਲੋਕ।

ਕਿਉਂ ਨਹੀਂ ਗਲੀਆਂ ‘ਚ ਖੇਡਦੇ ਹੁਣ ਬੱਚੇ
ਕਿਉਂ ਨਹੀਂ ਸੱਥਾਂ ‘ਚ ਬੈਠੇ ਦਿਸਦੇ ਲੋਕ
ਤੇ ਕਿਉਂ
ਕੁਦਰਤ ਦਾ ਆਨੰਦ ਮਾਣਨ ਤੋਂ
ਇਨਕਾਰੀ ਹਨ ਲੋਕ।

ਮੈਂ ਸੂਰਜ ਨੂੰ ਆਖਿਆ,
ਇਸ ਆਲੀਸ਼ਾਨ ਇਮਾਰਤਾਂ ਵਾਲੇ ਸ਼ਹਿਰ ‘ਚ
ਹੁਣ ਪੜ੍ਹੇ ਲਿਖੇ ਤੇ
ਨਵੇਂ ਯੁੱਗ ਦੇ ਲੋਕ ਵਸਦੇ ਹਨ

ਸੱਥਾਂ ‘ਚ ਬੈਠਣਾ,
ਇਕ ਦੂਜੇ ਦਾ ਦੁੱਖ ਸੁੱਖ ਪੁੱਛਣਾ
ਤੇ ਗਲੀਆਂ ‘ਚ ਬੱਚਿਆਂ ਦਾ ਖੇਡਣਾ,
ਇਨ੍ਹਾਂ ਲਈ ਜਿਵੇਂ ਸਮੇਂ ਦੀ ਬਰਬਾਦੀ ਹੈ।

ਚਿਹਰੇ ‘ਤੇ ਗਹਿਰੀ ਚੁੱਪ,
ਘਰਾਂ ਦੇ ਦਰਵਾਜ਼ੇ ਬੰਦ ਰੱਖਣਾ
ਇਸ ਸ਼ਹਿਰ ਦਾ ਨਵਾਂ ਸੱਭਿਆਚਾਰ ਹੈ।