ਨਵਾਂ ਫੈਸਲਾ: ਆਧਾਰ ਕਾਰਡ ਦੀ ਥਾਂ ਹੁਣ ਕੋਈ ਵੀ ਪਛਾਣ ਪੱਤਰ ਦੇ ਕੇ ਕੰਮ ਚੱਲਦਾ ਰਹੇਗਾ


ਨਵੀਂ ਦਿੱਲੀ, 10 ਜਨਵਰੀ, (ਪੋਸਟ ਬਿਊਰੋ)- ਆਧਾਰ ਕਾਰਡ ਨਾਲ ਸੰਬੰਧਤ ਡਾਟਾ ਲੀਕ ਹੋਣ ਦੀਆਂ ਖ਼ਬਰਾਂ ਦੇ ਕਾਰਨ ਭਾਰਤ ਸਰਕਾਰ ਆਧਾਰ ਕਾਰਡ ਦੀ ਸੁਰੱਖਿਆ ਦਾ ਪੱਕਾ ਪ੍ਰਬੰਧ ਕਰਨ ਰੁੱਝ ਗਈ ਹੈ। ਨਵੀਂ ਤਜਵੀਜ਼ ਮੁਤਾਬਕ ਲੋਕਾਂ ਨੂੰ ਆਧਾਰ ਕਾਰਡ ਦੀ ਵਰਚੂਅਲ ਆਈ ਡੀ ਬਣਾਉਣ ਦਾ ਮੌਕਾ ਦਿਤਾ ਜਾਵੇਗਾ ਤੇ ਜਿੱਥੇ ਆਧਾਰ ਵੇਰਵਾ ਦੇਣਾ ਜ਼ਰੂਰੀ ਹੋਵੇ, ਓਥੇ 12 ਅੰਕਾਂ ਦਾ ਆਧਾਰ ਨੰਬਰ ਦੀ ਬਜਾਏ 16 ਨੰਬਰ ਦੀ ਵਰਚੂਅਲ ਆਈ ਡੀ ਦਿੱਤੀ ਜਾਵੇਗੀ।
ਆਧਾਰ ਕਾਰਡ ਅਥਾਰਟੀ (ਯੂ ਆਈ ਡੀ ਏ ਆਈ) ਦੇ ਮੁਤਾਬਕ ਵਰਚੂਅਲ ਆਈ ਡੀ ਬਣਾਉਣ ਵਾਲੀ ਸਹੂਲਤ ਇੱਕ ਜੂਨ ਤੋਂ ਚਾਲੂ ਹੋ ਜਾਵੇਗੀ। ਅਥਾਰਟੀ ਦਾ ਕਹਿਣਾ ਹੈ ਕਿ ਇਕ ਮਾਰਚ ਤੋਂ ਇਹ ਸਹੂਲਤ ਆਉਣ ਦਾ ਮਤਲਬ ਹੈ ਕਿ ਇੱਕ ਜੂਨ ਤੋਂ ਸਾਰੀਆਂ ਏਜੰਸੀਆਂ ਲਈ ਇਹ ਯੋਜਨਾ ਲਾਗੂ ਕਰਨੀ ਲਾਜ਼ਮੀ ਹੋਵੇਗੀ ਅਤੇ ਕੋਈ ਵੀ ਏਜੰਸੀ ਵਰਚੂਅਲ ਆਈ ਡੀ ਪ੍ਰਵਾਨ ਕਰਨ ਤੋਂ ਇਨਕਾਰ ਨਹੀਂ ਕਰ ਸਕਦੀ। ਅਥਾਰਟੀ ਦੇ ਦੱਸਣ ਮੁਤਾਬਕ ਇਹ ਇੱਕ ਸੀਮਤ ਕੇ ਵਾਈ ਸੀ (ਨੋ ਯੁਅਰ ਕਸਟਮਰ) ਹੋਵੇਗੀ। ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਏਜੰਸੀਆਂ ਨੂੰ ਕਿਸੇ ਵੀ ਵਿਅਕਤੀ ਦੇ ਆਧਾਰ ਕਾਰਡ ਦੇ ਵੇਰਵੇ ਤਕ ਪਹੁੰਚਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਏਜੰਸੀਆਂ ਇਸ ਆਈ ਡੀ ਨਾਲ ਕੰਮ ਚਲਾ ਲੈਣਗੀਆਂ। ਇਹ ਆਈ ਡੀ ਕਿਸੇ ਓ ਟੀ ਪੀ ਨੰਬਰ ਵਾਂਗ ਸਿਰਫ਼ ਕੁਝ ਸਮੇਂ ਲਈ ਹੋਵੇਗੀ ਅਤੇ ਕੋਈ ਵੀ ਵਿਅਕਤੀ ਜਦ ਚਾਹੇ, ਲੋੜ ਪੈਣ ਉੱਤੇ ਨਵੀਂ ਆਈ ਡੀ ਬਣਾ ਕੇ ਪੇਸ਼ ਕਰ ਸਕੇਗਾ। ਉਹ ਅਪਣੀ ਮਰਜ਼ੀ ਦਾ ਨੰਬਰ ਕੋਡ ਚੁਣ ਕੇ ਸੰਬੰਧਤ ਏਜੰਸੀ ਨੂੰ ਪੇਸ਼ ਕਰ ਸਕਦਾ ਹੈ। ਇਸ ਨਾਲ ਨਾ ਸਿਰਫ਼ ਆਧਾਰ ਕਾਰਡ ਦਾ ਵੇਰਵਾ ਸੁਰੱਖਿਅਤ ਰਹੇਗਾ ਸਗੋਂ ਮੋਬਾਈਲ ਨੰਬਰ ਵਾਂਗ ਆਈ ਡੀ ਕੋਡ ਨੂੰ ਵੀ ਸੌਖੀ ਤਰ੍ਹਾਂ ਯਾਦ ਰਖਿਆ ਜਾ ਸਕੇਗਾ। ਖਾਸ ਗੱਲ ਇਹ ਹੈ ਕਿ ਏਜੰਸੀਆਂ ਸੰਬੰਧਤ ਵਿਅਕਤੀ ਦੇ ਆਧਾਰ ਕਾਰਡ ਨੰਬਰ ਤਕ ਨਹੀਂ ਪਹੁੰਚ ਸਕਣਗੀਆਂ ਅਤੇ ਇਸ ਆਈ ਡੀ ਨਾਲ ਜ਼ਰੂਰੀ ਕੰਮ ਕਰਨਗੀਆਂ।