ਨਵਜੋਤ ਸਿੱਧੂ ਦੇ ਸਸਪੈਂਡ ਕੀਤੇ ਇੰਜੀਨੀਅਰਾਂ ਨੂੰ ਹਾਈ ਕੋਰਟ ਨੇ ਸਟੇਅ ਦਿੱਤਾ

hc
ਚੰਡੀਗੜ੍ਹ, 5 ਅਗਸਤ (ਪੋਸਟ ਬਿਊਰੋ)- ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕੱਲ੍ਹ ਓਦੋਂ ਵੱਡਾ ਝਟਕਾ ਲੱਗਾ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਸ ਵੱਲੋਂ ਪਿਛਲੇ ਦਿਨੀਂ ਸਸਪੈਂਡ ਕੀਤੇ ਸੁਪਰਡੈਂਟ ਇੰਜੀਨੀਅਰਾਂ ਵਿੱਚੋਂ ਤਿੰਨਾਂ ਦੇ ਸਸਪੈਨਸ਼ਨ ਉੱਤੇ ਸਟੇਅ ਦੇ ਦਿੱਤੀ।
ਨਿਯਮ ਅਣਗੌਲੇ ਕਰ ਕੇ ਮਿਊਂਸਪਲ ਵਰਕ ਅਲਾਟ ਕਰਨ ਦੇ ਦੋਸ਼ ਵਿੱਚ ਇੱਕ ਮਹੀਨਾ ਪਹਿਲਾਂ ਸਸਪੈਂਡ ਕੀਤੇ ਗਏ ਚਾਰ ਸੁਪਰਡੈਂਟ ਇੰਜੀਨੀਅਰਾਂ (ਐਸ ਈ) ਵਿੱਚੋਂ ਤਿੰਨਾਂ ਨੇ ਸਰਕਾਰ ਦੇ ਫੈਸਲੇ ਖਿਲਾਫ ਹਾਈ ਕੋਰਟ ਦੀ ਸ਼ਰਨ ਲਈ ਸੀ। ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਨੇ ਇਨ੍ਹਾਂ ਦੇ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਸਨ। ਹਾਈ ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਪਿੱਛੋਂ ਇਨ੍ਹਾਂ ਅਫਸਰਾਂ ਦੇ ਸਸਪੈਂਸ਼ਨ ਆਰਡਰ ਉੱਤੇ ਸਟੇਅ ਜਾਰੀ ਕਰਦੇ ਹੋਏ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 11 ਅਕਤੂਬਰ ਤੱਕ ਜਵਾਬ ਮੰਗਿਆ ਹੈ। ਬੀਤੀ ਛੇ ਜੁਲਾਈ ਨੂੰ ਇਨ੍ਹਾਂ ਅਧਿਕਾਰੀਆਂ ਨੂੰ ਸਸਪੈਂਡ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ।
ਰੋਪੜ ਦੇ ਸੁਪਰਡੈਂਟ ਇੰਜੀਨੀਅਰ ਪਵਨ ਕੁਮਾਰ, ਲੁਧਿਆਣਾ ਦੇ ਧਰਮ ਸਿੰਘ ਅਤੇ ਅੰਮ੍ਰਿਤਸਰ ਦੇ ਪੀ ਕੇ ਗੋਇਲ ਦੀ ਸਾਂਝੀ ਪਟੀਸ਼ਨ ਰਾਹੀਂ ਕੋਰਟ ਨੂੰ ਦੱਸਿਆ ਗਿਆ ਕਿ ਪਟੀਸ਼ਨਰਾਂ ਦੀ ਮੀਡੀਆ ਕੋਲ ਨਿਖੇਧੀ ਕਰਕੇ ਦੋਸ਼ੀ ਠਹਿਰਾਇਆ ਗਿਆ ਹੈ। ਸਰਕਾਰ ਨੇ ਸਸਪੈਨਸ਼ਨ ਦੇ ਹੁਕਮ ਦਿੱਤੇ ਤੇ ਸੰਬੰਧਤ ਵਿਭਾਗ ਦੇ ਮੰਤਰੀ ਨੇ ਪ੍ਰੈਸ ਵਿੱਚ ਜਾਣਕਾਰੀ ਦਿੰਦਿਆਂ ਪਟੀਸ਼ਨਰਾਂ ‘ਤੇ ਦੋਸ਼ ਮੜ੍ਹ ਦਿੱਤਾ। ਪਟੀਸ਼ਨਰ ਦੇ ਵਕੀਲ ਡੀ ਐਸ ਪਟਵਾਲੀਆ ਅਤੇ ਸਹਿਜਬੀਰ ਸਿੰਘ ਨੇ ਦਲੀਲਾਂ ਪੇਸ਼ ਕਰ ਕੇ ਛੇ ਜੁਲਾਈ ਦੇ ਹੁਕਮ ਰੱਦ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਮੁੜ ਸੰਬੰਧਤ ਵਿਭਾਗ ‘ਚ ਜੁਆਇਨ ਕਰਵਾਇਆ ਜਾਏ। ਪਟੀਸ਼ਨ ‘ਚ ਸਸਪੈਂਸ਼ਨ ਦੇ ਹੁਕਮ ਨੂੰ ਤਾਨਾਸ਼ਾਹੀ ਕਰਾਰ ਦੇ ਕੇ ਕੋਰਟ ਨੂੰ ਦੱਸਿਆ ਗਿਆ ਕਿ ਪਟੀਸ਼ਨਰਾਂ ਦਾ ਕੈਰੀਅਰ ਬੇਦਾਗ ਰਿਹਾ ਹੈ।