ਨਵਜੋਤ ਸਿੱਧੂ ਦੇ ਕਮੇਡੀ ਸ਼ੋਅ ਦਾ ਕੇਸ ਹਾਈ ਕੋਰਟ ਜਾ ਪੁੱਜਾ

navjot singh sidhuਚੰਡੀਗੜ੍ਹ, 8 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਦੇ ਲੋਕਲ ਬਾਡੀਜ਼ ਬਾਰੇ ਕੈਬਨਿਟ ਮੰਤਰੀ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵੱਲੋਂ ਰਾਜਨੀਤੀ ਦੇ ਨਾਲ ਟੀ ਵੀ ਉੱਤੇ ਜਾਰੀ ਕਾਮੇਡੀ ਸ਼ੋਅ ਕਰਦੇ ਰਹਿਣ ਦਾ ਮੁੱਦਾ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕੋਲ ਪਹੁੰਚ ਗਿਆ।
ਪ੍ਰਸਿੱਧ ਵਕੀਲ ਐਚ ਸੀ ਅਰੋੜਾ ਨੇ ਇਸ ਮੁੱਦੇ ‘ਤੇ ਜਨਹਿੱਤ ਪਟੀਸ਼ਨ ਦਾਇਰ ਕਰਕੇ ਇਸ ਨੂੰ ਚੁਣੌਤੀ ਦਿੱਤੀ ਹੈ। ਇਸ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਿੱਧੂ ਵੱਲੋਂ ਰਾਜਨੀਤੀ ਦੇ ਨਾਲ ਨਿੱਜੀ ਕਮਾਈ ਦੇ ਲਈ ਟੀ ਵੀ ਸ਼ੋਅ ਕਰਦੇ ਰਹਿਣਾ ‘ਪੰਜਾਬ ਸਰਕਾਰ ਇੰਪਲਾਈਜ਼ ਕੰਡਕਟ ਰੂਲਜ਼ 1966’ ਦੇ ਨਿਯਮ 15 ਦੀਆਂ ਵਿਵਸਥਾਵਾਂ ਦੀ ਉਲੰਘਣਾ ਹੈ, ਕਿਉਂ ਜੋ ਇਹ ਨਿਯਮ ਕਿਸੇ ਸਰਕਾਰੀ ਮੁਲਾਜ਼ਮ ਨੂੰ ਨਿੱਜੀ ਕਰੋਬਾਰ ਜਾਂ ਵਣਜ ਨਾ ਕਰ ਸਕਣ ਦਾ ਪਾਬੰਦ ਕਰਦਾ ਹੈ ਅਤੇ ਆਂਧਰਾ ਪ੍ਰਦੇਸ਼ ਹਾਈ ਕੋਰਟ ਵੱਲੋਂ ਵੀ ਇਕ ਕੇਸ ‘ਚ ਉਥੋਂ ਦੇ ਇਕ ਮੰਤਰੀ ਨੂੰ ਫਿਲਮਾਂ ਕਰਨ ਤੋਂ ਰੋਕਿਆ ਗਿਆ ਹੋਣ ਦਾ ਹਵਾਲਾ ਵੀ ਦਿੱਤਾ ਗਿਆ। ਇਸੇ ਤਰ੍ਹਾਂ ਸੁਪਰੀਮ ਕੋਰਟ ਵੱਲੋਂ ਬੀ ਸੀ ਸੀ ਆਈ (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਚੇਅਰਮੈਨ ਨੂੰ ਸਿਰਫ ਇਸੇ ਗੱਲ ਲਈ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੋਣ ਦਾ ਹਵਾਲਾ ਕੱਲ੍ਹ ਹਾਈ ਕੋਰਟ ‘ਚ ਦਿੱਤਾ ਗਿਆ ਕਿ ਚੇਅਰਮੈਨ ਦੇ ਜਵਾਈ ਦੀ ਆਪਣੀ ਆਈ ਪੀ ਐਲ ਕ੍ਰਿਕਟ ਟੀਮ ਖੇਡ ਰਹੀ ਸੀ। ਕੋਰਟ ਰੂਮ ਵਿੱਚ ਮੌਜੂਦ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਤੋਂ ਜਦੋਂ ਹਾਈ ਕੋਰਟ ਬੈਂਚ ਨੇ ਇਸ ਮੁੱਦੇ ਬਾਰੇ ਰਾਏ ਜਾਨਣੀ ਚਾਹੀ ਤਾਂ ਨੰਦਾ ਨੇ ਸਿਰਫ ਇੰਨਾ ਕਿਹਾ ਕਿ ਉਹ ਇਥੇ ਸਿਰਫ ਪੰਜਾਬ ਸਰਕਾਰ ਦੇ ਕਾਨੂੰਨੀ ਮੁੱਦਿਆਂ ‘ਤੇ ਨੁਮਾਇੰਦਗੀ ਕਰਨ ਆਏ ਹਨ। ਜਸਟਿਸ ਐਸ ਐਸ ਸਾਰੋਂ ਦੀ ਅਗਵਾਈ ਵਾਲੇ ਡਵੀਜ਼ਨ ਬੈਂਚ ਨੇ ਹੁਣ ਅਗਲੇੀ ਕਾਰਵਾਈ ਕਰਨ ਲਈ ਕੇਸ ਦੀ ਸੁਣਵਾਈ ਆਉਂਦੀ 11 ਮਈ ਤੱਕ ਅੱਗੇ ਪਾ ਦਿੱਤੀ ਹੈ।