ਨਵਜੋਤ ਸਿੱਧੂ ਦੀ ਤਿੱਖੀ ਤੇ ਤੇਜ਼ ਸਿਆਸਤ


-ਕੁਲਜੀਤ ਬੈਂਸ
ਚੰਗੀਆਂ ਮਾੜੀਆਂ ਖਬਰਾਂ ਰਾਹੀਂ ਲਗਾਤਾਰ ਛਾਏ ਰਹਿਣ ਦੇ ਪੱਖ ਤੋਂ ਪੰਜਾਬ ਸਰਕਾਰ ਅੰਦਰ ਮੁੱਖ ਮੰਤਰੀ ਦੇ ਬਰਾਬਰ ਜੇ ਕੋਈ ਸਿਆਸਤਦਾਨ ਤੁਲਦਾ ਹੈ ਤਾਂ ਉਹ ਨਵਜੋਤ ਸਿੰਘ ਸਿੱਧੂ ਹੈ। ਉਹ ਸਥਾਨਕ ਸਰਕਾਰਾਂ, ਸੈਰ ਸਪਾਟਾ ਪੁਰਾਤੱਤਵ ਅਤੇ ਅਜਾਇਬ ਘਰ ਮਹਿਕਮਿਆਂ ਦੇ ਮੰਤਰੀ ਹਨ, ਜਿਨ੍ਹਾਂ ਨੂੰ ਉਹ ਅਕਸਰ ‘ਡੇਢ’ ਮਹਿਕਮਾ ਆਖਦੇ ਹਨ। ਸਥਾਨਕ ਸਰਕਾਰਾਂ ਵਾਲਾ ਮਹਿਕਮਾ ਪੂਰਾ ਤੇ ਬਾਕੀ ਸਭ ਮਿਲਾ ਕੇ ਅੱਧੇ ਮਹਿਕਮੇ ਬਰਾਬਰ। ਉਂਜ ਉਨ੍ਹਾਂ ਦੀ ਭੱਜ ਨੱਠ ਨੂੰ ਦੇਖਦਿਆਂ ਜੇ ਤੁਸੀਂ ਸੋਚਦੇ ਹੋਵੋ ਕਿ ਉਹ ਉਪ ਮੁੱਖ ਮੰਤਰੀ ਹਨ ਤਾਂ ਤੁਹਾਡੀ ਇਹ ਖਤਾ ਮੁਆਫ ਹੋ ਸਕਦੀ ਹੈ। ਇਹ ਉਹੀ ਰੁਤਬਾ ਹੈ, ਜਿਸ ਦੀ ਤਾਂਘ ਉਹ ਸਦਾ ਰੱਖਦੇ ਰਹੇ ਹਨ।
ਇਕ ਤੋਂ ਬਾਅਦ ਇਕ ਲੜਾਈ ਲੜਦਿਆਂ ਸਿੱਧੂ ਉਸ ਕੇਸ ਵਿੱਚੋਂ ਵੀ ਸਹੀ ਸਲਾਮਤ ਬਾਹਰ ਆ ਗਏ ਜੋ ਉਨ੍ਹਾਂ ਦੀ ਗੱਡੀ ਲੀਹੋਂ ਲਾਹ ਸਕਦਾ ਸੀ, ਪਰ ਇਸ ਤੋਂ ਬਾਅਦ ਉਨ੍ਹਾਂ ਲਈ ਸਿਆਸੀ ਖਿੱਚ-ਧੂਹ ਹੋਰ ਤਿੱਖੀ ਹੋ ਗਈ ਅਤੇ ਇਹ ਕੰਮ ਉਨ੍ਹਾਂ ਦੀ ਆਪਣੀ ਹੀ ਪਾਰਟੀ ਤੋਂ ਸਿਵਾ ਹੋਰ ਕੌਣ ਕਰ ਸਕਦਾ ਹੈ। ਇਸ ਤੋਂ ਪਹਿਲਾਂ ਭਾਜਪਾ ਨੂੰ ਉਨ੍ਹਾਂ ਦੇ ਆਪ-ਮੁਹਾਰੇਪਣ ਨੂੰ ਕਾਬੂ ਹੇਠ ਰੱਖਣ ਤੇ ਅਨੁਸ਼ਾਸਨ ਹੇਠ ਚਲਾਉਣ ਲਈ ਜੂਝਣਾ ਪੈ ਰਿਹਾ ਸੀ। ਅੱਜ ਕੱਲ੍ਹ ਸਿੱਧੂ ਪੰਜਾਬ ਕਾਂਗਰਸ ਤੇ ਸ਼ਾਇਦ ਸਰਕਾਰ ਅੰਦਰ ਵੀ ਸਿਆਸੀ ਪੱਖ ਤੋਂ ਨਿੱਖੜੇ ਪਏ ਹਨ। ਮਾਝੇ ਦੇ ਵਿਧਾਇਕ ਜੋ ਉਨ੍ਹਾਂ ਆਪਣੇ ਨਾਲ ਤਿਆਰ ਕੀਤੇ ਹੋਏ ਸਨ, ਅੱਜ ਕੱਲ੍ਹ ਵਜ਼ਾਰਤ ਵਿੱਚ ਥਾਂ ਮਿਲਣ ਤੋਂ ਬਾਅਦ ਠੰਢੇ ਜਿਹੇ ਪੈ ਗਏ ਹਨ।
ਸਰਕਾਰ ਵਿੱਚ ਉਨ੍ਹਾਂ ਦੀ ਇਸ ਹਾਲਤ ਦੇ ਸਪੱਸ਼ਟ ਸੰਕੇਤ ਉਨ੍ਹਾਂ ਵੱਲੋਂ ਮਾਈਨਿੰਗ ਬਾਰੇ ਤਜਵੀਜ਼ ਕੀਤੀ ਨੀਤੀ ਰੱਦ ਕਰਨ ਲਈ ਬਣੀ ਇੱਕਜੁੱਟਤਾ ਹੈ। ਉਨ੍ਹਾਂ ਦੇ ਸੁਝਾਵਾਂ ਨਾਲ ਕਿਸੇ ਦੀ ਅਸਹਿਮਤੀ ਹੋ ਸਕਦੀ ਹੈ, ਜਾਂ ਜਿਸ ਢੰਗ ਨਾਲ ਉਨ੍ਹਾਂ ਰਿਪੋਰਟ ਤਿਆਰ ਕੀਤੀ, ਕੋਈ ਉਸ ਤੋਂ ਔਖਾ ਹੋ ਸਕਦਾ ਹੈ, ਪਰ ਜਿਸ ਤਰ੍ਹਾਂ ਉਨ੍ਹਾਂ ਨੂੰ ਪਿਛਾਂਹ ਧੱਕਿਆ ਗਿਆ, ਉਸ ਤੋਂ ਪ੍ਰਸ਼ਾਸਕੀ ਨੁਕਤਿਆਂ ਦੀ ਥਾਂ ਸਿਆਸੀ ਮੰਤਵ ਵੱਧ ਜਾਪਦਾ ਹੈ। ਨਾਜਾਇਜ਼ ਕਾਲੋਨੀਆਂ ਦੀ ਨੇਮਬੰਦੀ ਵਾਲੇ ਮਾਮਲੇ ਦਾ ਹਸ਼ਰ ਵੀ ਇਹੀ ਹੋਇਆ। ਉਨ੍ਹਾਂ ਦੇ ਵਧ ਰਹੇ ਸਿਆਸੀ ਗਰਾਫ ਤੋਂ ਸੂਬਾਈ ਲੀਡਰਸ਼ਿਪ ਅੰਦਰਲੀ ਬੇਚੈਨੀ ਦੀ ਸ਼ਨਾਖਤ ਸਹਿਜੇ ਹੀ ਹੋ ਸਕਦੀ ਹੈ।
ਅੱਜ ਤੱਕ ਦੇ ਸਫਰ ਦੌਰਾਨ ਨਵਜੋਤ ਸਿੱਧੂ ਦੀ ਸਿਆਸੀ ਫਿਤਰਤ ਹਰ ਵਾਰ ਗੇਂਦ ਨੂੰ ਸਹੀ ਥਾਂ ‘ਤੇ ਕੈਚ ਕਰਨ ਦੀ ਰਹੀ ਹੈ। ਜਦੋਂ ਸਿੱਧੂ ਅਦਾਲਤ ਦਾ ਫੈਸਲਾ ਬੇਸਬਰੀ ਨਾਲ ਉਡੀਕ ਰਹੇ ਸਨ ਤਾਂ ਪਾਰਟੀ ਦੇ ਕਈ ਸੀਨੀਅਰ ਤੇ ਜੂਨੀਅਰ ਲੀਡਰਾਂ ਦੇ ਮਨਾਂ ਅੰਦਰ ਲੱਡੂ ਫੁੱਟ ਰਹੇ ਸਨ। ਫੈਸਲੇ ਤੋਂ ਤੁਰੰਤ ਬਾਅਦ ਪਟਿਆਲੇ ਦੇ ਇਸ ਸ਼ਾਹੀ ਕ੍ਰਿਕਟਰ ਨੇ ਰਾਹੁਲ ਗਾਂਧੀ ਕੋਲ ਦਿੱਲੀ ਫੇਰੀ ਪਾਈ ਅਤੇ ਐਨ ਲੋੜ ਵੇਲੇ ਇਸ ਮਾਮਲੇ ਵਿੱਚ ਦਿੱਤੇ ਸਮਰਥਨ ਲਈ ਧੰਨਵਾਦ ਕੀਤਾ। ਦੂਜੇ ਦਿਨ ਉਨ੍ਹਾਂ ਦੀਆਂ ਲੱਤਾਂ ਖਿੱਚਣ ਵਾਲੇ ਸੰਗਦੇ ਸੰਗਾਉਂਦੇ ਉਨ੍ਹਾਂ ਨੂੰ ਵਧਾਈਆਂ ਦੇਣ ਲੱਗੇ। ਸਿੱਧੂ ਆਪਣੀ ਸਿਆਸਤ ਤੋਂ ਬਾਖਬਰ ਹੈ, ਇਹ ਭਾਵੇਂ ਰਾਜ ਸਭਾ ਤੋਂ ਅਸਤੀਫੇ ਦਾ ਕੇਸ ਸੀ, ਜਾਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਪਾਰਟੀ ਦੀ ਥਾਂ ਕਾਂਗਰਸ ਦੀ ਚੋਣ ਕਰਨਾ ਸੀ। ਅੱਜ ਤੱਕ ਉਹ ਐਨ ਲੀਹ ‘ਤੇ ਰਹੇ ਹਨ।
ਕਾਂਗਰਸ ਵਿੱਚ ਨਾਲ ਦਿਆਂ ਵਿੱਚ ਰੜਕਣ ਦਾ ਕਾਰਨ ਸ਼ਾਇਦ ਸਿੱਧੂ ਦੀ ਲੋਕਪ੍ਰਿਯਤਾ ਹੈ, ਭਾਵੇਂ ਕਈ ਵਾਰ ਉਹ ਕੁਝ ਜ਼ਿਆਦਾ ਉਤਸ਼ਾਹ ਦਿਖਾ ਜਾਂਦੇ ਹਨ। ਉਨ੍ਹਾਂ ਵੱਲੋਂ ਲੋੜਵੰਦ ਲੋਕਾਂ ਨੂੰ ਆਪਣੇ ਪੱਲਿਓਂ ਪੈਸੇ ਦੇਣੇ ਆਮ ਗੱਲ ਹੈ। ਘੱਟੋ-ਘੱਟ ਉਨ੍ਹਾਂ ਦੇ ਸਮਰਥਕ ਇਹ ਯਕੀਨ ਕਰਦੇ ਹਨ ਕਿ ਉਹ ਸਾਰਾ ਕੁਝ ਦਿਲੋਂ ਕਹਿੰਦੇ ਤੇ ਕਰਦੇ ਹਨ, ਉਪ ਚੋਣ ਮੁਹਿੰਮ ਦੌਰਾਨ ਉਨ੍ਹਾਂ ਦਾ ਸ਼ਾਹਕੋਟ ਦਾ ਭਾਸ਼ਨ ਖੂਬ ਹਿੱਟ ਰਿਹਾ। ਬਿਆਸ ਦਰਿਆ ਵਿੱਚ ਪੂੰਗ ਛੱਡਣ ਵੇਲੇ ਉਹ ਕਿਸ਼ਤੀ ਵਿੱਚ ਚੜ੍ਹਨੋਂ ਨਹੀਂ ਉਕੇ, ਯਕੀਨਨ ਖਬਰਾਂ ਇਵੇਂ ਹੀ ਬਣਦੀਆਂ ਹਨ।
ਉਂਜ ਉਨ੍ਹਾਂ ਨੂੰ ਸ਼ੋਸ਼ੇਬਾਜ਼ ਮੰਨਣ ਵਾਲਿਆਂ ਨੂੰ ਉਨ੍ਹਾਂ ਦੀ ਜਿਸ ਗੱਲ ਨੇ ਆਪਣੇ ਰਾਏ ਬਦਲਣ ਤੇ ਉਨ੍ਹਾਂ ਨੂੰ ਵੱਧ ਸੰਜੀਦਗੀ ਨਾਲ ਲੈਣ ਦੇ ਰਾਹ ਪਾਇਆ, ਉਹ ਹੈ ਆਪਣੇ ਪ੍ਰਸ਼ਾਸਨਿਕ ਦਾਇਰੇ ਵਿੱਚ ਆਉਣ ਵਾਲੇ ਕਾਰਜਾਂ ਨੂੰ ਪੂਰੀ ਦਿ੍ਰੜਤਾ ਤੇ ਊਰਜਾ ਨਾਲ ਨਿਭਾਉਣਾ। ਉਨ੍ਹਾਂ ਨੇ ਕਈ ਸ਼ਹਿਰੀ ਸੰਸਥਾਵਾਂ ਖਿਲਾਫ ਜਾਂਚ ਦੇ ਹੁਕਮ ਦਿੱਤੇ ਅਤੇ ਆਈ ਏ ਐਸ ਅਫਸਰਾਂ ਖਿਲਾਫ ਕਾਰਵਾਈ ਦੀ ਸਿਫਾਰਸ਼ ਕਰਨ ਤੋਂ ਵੀ ਨਹੀਂ ਝਿਜਕੇ।
ਦੂਜੇ ਬੰਨੇ ਸਿੱਧੂ ਦੀ ਜਲਦਬਾਜ਼ੀ ਉਨ੍ਹਾਂ ਵੱਲੋਂ ਅਗਾਂਹ ਭਰੇ ਇਕ ਕਦਮ ਨੂੰ ਦੋ ਕਦਮ ਪਿਛਾਂਹ ਖਿੱਚ ਲੈਂਦੀ ਹੈ। ਅਜਿਹੇ ਵਾਅਦੇ ਵੀ ਸਾਹਮਣੇ ਹਨ, ਜੋ ਉਨ੍ਹਾਂ ਮੌਕੇ ਉੱਤੇ ਕੀਤੇ, ਤੇ ਮਗਰੋਂ ਉਹ ਇਨ੍ਹਾਂ ਨੂੰ ਪੂਰੇ ਨਹੀਂ ਕਰ ਸਕੇ। ਉਨ੍ਹਾਂ ਵੱਲੋਂ ਪਟਿਆਲਾ ਦੇ ਮੇਅਰ ਦੀ ਸਰਕਾਰੀ ਰਿਹਾਇਸ਼ ਉੱਤੇ ਛਾਪਾ ਆਪਣੇ ਸਿਰ ਕੀਤਾ ਗੋਲ ਹੋ ਨਿਬੜਿਆ। ਨਸ਼ਿਆਂ ਬਾਰੇ ਐਸ ਟੀ ਐਫ ਰਿਪੋਰਟ ਨਸ਼ਰ ਕਰਨ ਦੇ ਮਾਮਲੇ ਨੇ ਉਨ੍ਹਾਂ ਤੇ ਮੁੱਖ ਮੰਤਰੀ ਵਿਚਕਾਰ ਤਲਖੀ ਵਧਾਈ। ਨਵਜੋਤ ਸਿੱਧੂ ਤੇਜ਼ ਖੇਡ ਖੇਡ ਰਹੇ ਹਨ। ਉਹ ਸੈਂਕੜੇ ਤੋਂ ਪਹਿਲਾਂ ਆਊਟ ਵੀ ਹੋ ਸਕਦੇ ਹਨ। ਕੀ ਉਨ੍ਹਾਂ ਨੂੰ ਇਹ ਖੇਡ ਬਦਲਣੀ ਚਾਹੀਦੀ ਹੈ? ਇਸ ਦਾ ਜਵਾਬ ਇਕ ਹੋਰ ਸਵਾਲ ਦੇ ਰੂਪ ਵਿੱਚ ਹੋ ਸਕਦਾ ਹੈ, ਜੇ ਮੈਦਾਨ ਵਿੱਚ ਉਹ ਕਦੇ ਸੁਨੀਲ ਗਵਾਸਕਰ ਦੀ ਰੀਸ ਕਰਦੇ, ਕੀ ਅੱਜ ਅਸੀਂ ਉਨ੍ਹਾਂ ਨੂੰ ਜਾਣਦੇ ਹੁੰਦੇ? ਸ਼ੈਰੀ ਸੁਸਤੀ ਨਹੀਂ ਜਾਣਦਾ।