ਨਲਵੀ ਵੱਲੋਂ ਝੀਂਡਾ ਦਾ ਵਿਰੋਧ: ਇਹੋ ਝੀਂਡਾ ਸੌ ਬੰਦੇ ਲੈ ਕੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਉੱਤੇ ਕਬਜ਼ੇ ਕਰਨ ਗਿਆ ਸੀ

didar singh nalvi
ਚੰਡੀਗੜ੍ਹ, 6 ਅਪ੍ਰੈਲ (ਪੋਸਟ ਬਿਊਰੋ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀ ਪੰਥ ਵਿੱਚ ਵਾਪਸੀ ਉੱਤੇ ਸਵਾਲ ਉਠਾ ਦਿੱਤੇ ਹਨ।
ਜਗਦੀਸ਼ ਸਿੰਘ ਝੀਂਡਾ ਨੂੰ ਜੁਲਾਈ 2014 ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਦੇ ਹੱਕ ਵਿੱਚ ਖੜੋਣ ਕਰ ਕੇ ਓਦੋਂ ਜਥੇਦਾਰ ਅਕਾਲ ਤਖਤ ਨੇ ਇਸ ਕਾਰਵਾਈ ਨੂੰ ਪੰਥ ਵਿਰੋਧੀ ਮੰਨ ਕੇ ਝੀਂਡਾ ਨੂੰ ਪੰਥਕ ਵਿਰੋਧੀ ਕਾਰਵਾਈ ਦੇ ਦੋਸ਼ ਹੇਠ ਪੰਥ ਵਿੱਚੋਂ ਛੇਕ ਦਿੱਤਾ ਸੀ। ਹੁਣ 4 ਅਪਰੈਲ ਝੀਂਡਾ ਨੇ ਅਕਾਲ ਤਖਤ ਵਿਖੇ ਪੇਸ਼ ਹੋ ਕੇ ਖਿਮਾ ਜਾਚਣਾ ਕੀਤੀ ਤੇ ਜਥੇਦਾਰ ਨੇ ਉਨ੍ਹਾਂ ਨੂੰ ਫਿਰ ਪੰਥ ਵਿੱਚ ਸ਼ਾਮਲ ਕਰ ਲਿਆ ਹੈ। ਝੀਂਡਾ ਨੇ ਇਸ ਦੀ ਮੁਆਫੀ ਮੰਗ ਕੇ ਜਥੇਦਾਰ ਨੂੰ ਬੇਨਤੀ ਕੀਤੀ ਸੀ ਕਿ 2014 ਵਿੱਚ ਜੋ ਹਰਿਆਣਾ ਅਸੈਂਬਲੀ ਵਿੱਚ ਵੱਖਰੀ ਕਮੇਟੀ ਬਾਰੇ ਐਕਟ ਪਾਸ ਕੀਤਾ ਗਿਆ ਤੇ ਉਨ੍ਹਾਂ ਨੇ ਵੱਖਰੀ ਕਮੇਟੀ ਲਈ ਜੋ ਯਤਨ ਕੀਤੇ ਸਨ, ਉਨ੍ਹਾਂ ਦੀ ਵੱਡੀ ਭੁੱਲ ਸੀ। ਇਸ ਲਈ ਉਹ ਅਕਾਲ ਤਖਤ ਤੋਂ ਮੁਆਫੀ ਮੰਗਦੇ ਤੇ ਬੇਨਤੀ ਕਰਦੇ ਹਨ ਕਿ ਉਨ੍ਹਾਂ ਦੀ ਭੁੱਲ ਬਖਸ਼ ਕੇ ਪੰਥ-ਵਾਪਸੀ ਕੀਤੀ ਜਾਵੇ।
ਦੀਦਾਰ ਸਿੰਘ ਨਲਵੀ ਨੇ ਇਸ ਉਤੇ ਸਵਾਲ ਚੁਕਦਿਆਂ ਕਿਹਾ ਕਿ ਇਹ ਹਰਿਆਣਾ ਦੇ ਸਿੱਖਾਂ ਵਿਰੁੱਧ ਅਕਾਲੀ ਦਲ ਬਾਦਲ, ਸ਼੍ਰੋਮਣੀ ਕਮੇਟੀ ਅਤੇ ਝੀਂਡਾ ਦੀ ਡੂੰਘੀ ਸਾਜ਼ਿਸ਼ ਜਾਪਦੀ ਹੈ। ਇਸ ਨੂੰ ਧਾਰਮਕ ਛਤਰੀ ਜਥੇਦਾਰ ਅਕਾਲ ਤਖਤ ਨੇ ਪ੍ਰਦਾਨ ਕੀਤੀ ਹੈ। ਨਲਵੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਕਿ ਝੀਂਡਾ ਨੇ ਗੁਰੂ ਘਰ ਜਾਂ ਮਰਿਆਦਾ ਦੀ ਉਲੰਘਣਾ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਅੱਜ ਤੋਂ ਕਰੀਬ ਛੇ ਸਾਲ ਪਹਿਲਾਂ ਉਨ੍ਹਾਂ ਨੇ ਤਕਰੀਬਨ 100 ਬੰਦੇ ਨਾਲ ਲੈ ਕੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਕੁਰੂਕਸ਼ੇਤਰ ਉਤੇ ਜਬਰੀ ਕਬਜ਼ਾ ਕਰਨ ਦਾ ਯਤਨ ਕੀਤਾ ਸੀ, ਪਰ ਪ੍ਰਬੰਧਕਾਂ ਨੇ ਭਾਰੀ ਫੋਰਸ ਸੱਦ ਲਈ ਤਾਂ ਝੀਂਡਾ ਦੀ ਕੋਸ਼ਿਸ਼ ਅਸਫਲ ਹੋ ਗਈ ਸੀ। ਇਸ ਦੋਸ਼ ਲਈ ਉਨ੍ਹਾਂ ਨੂੰ ਅਕਾਲ ਤਖਤ ਬੁਲਾਇਆ ਗਿਆ ਤੇ ਧਰਾਮਕ ਸਜ਼ਾ ਦਿੱਤੀ ਗਈ ਸੀ। ਉਨ੍ਹਾ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਚਾਰ ਅਪ੍ਰੈਲ ਨੂੰ ਇਸ ਪੰਥ ਵਿਰੋਧੀ ਨੂੰ ਪੰਥ ਵਿੱਚ ਵਾਪਸ ਲੈਣ ਤੋਂ ਪਹਿਲਾਂ ਉਸ ਦੇ ਪਿਛਲੇ ਕਾਰਨਾਮਿਆਂ ਉਤੇ ਝਾਤ ਮਾਰਨੀ ਚਾਹੀਦੀ ਸੀ।