ਨਰੇਸ਼ ਅਗਰਵਾਲ ਨੇ ਪ੍ਰਧਾਨ ਮੰਤਰੀ ਮੋਦੀ ਲਈ ਜਾਤੀ ਵਾਲੇ ਸ਼ਬਦ ਦੀ ਵਰਤੋਂ ਕੀਤੀ


ਲਖਨਊ, 12 ਫਰਵਰੀ (ਪੋਸਟ ਬਿਊਰੋ)- ਕੱਲ੍ਹ ਇਥੇ ਹੋਏ ਅਖਿਲ ਭਾਰਤੀ ਵੈਸ਼ ਮਹਾ ਸੰਮੇਲਨ ਦੇ ਇਜਲਾਸ ਵਿੱਚ ਉਦੋਂ ਹੰਗਾਮਾ ਸ਼ੁਰੂ ਹੋ ਗਿਆ, ਜਦੋਂ ਮੁੱਖ ਮਹਿਮਾਨ ਨਰੇਸ਼ ਅਗਰਵਾਲ ਨੇ ਪ੍ਰਧਾਨ ਮੰਤਰੀ ਲਈ ਜਾਤੀ ਸੂਚਕ ਸ਼ਬਦ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੂੰ ਵੈਸ਼ਯਾ ਸਮਾਜ ਦਾ ਹਿੱਸਾ ਮੰਨਣ ਤੋਂ ਨਾਂਹ ਕਰ ਦਿੱਤੀ। ਇਹੋ ਨਹੀਂ, ਉਨ੍ਹਾਂ ਨੇ ਕਾਂਗਰਸ ਅਤੇ ਸਾਬਕਾ ਪ੍ਰਧਾਨ ਮੰਤਰੀ ਨਹਿਰੂ ਬਾਰੇ ਵੀ ਕਿਹਾ ਕਿ ਨਹਿਰੂ ਪਰਵਾਰ ਨੇ ਗਾਂਧੀ ਦਾ ਪਰਵਾਰ ਖਤਮ ਕਰ ਦਿੱਤਾ। ਇਸ ‘ਤੇ ਸੰਮੇਲਨ ਵਿੱਚ ਹਾਜ਼ਰ ਸਾਹੂ ਸਮਾਜ ਦੇ ਲੋਕਾਂ ਨੇ ਖੁੱਲ੍ਹ ਕੇ ਹੰਗਾਮਾ ਕੀਤਾ ਤੇ ਨਰੇਸ਼ ਅਗਰਵਾਲ ਨੂੰ ਮੁਆਫੀ ਮੰਗਣ ਦੀ ਮੰਗ ਕਰਨ ਲੱਗ ਪਏ। ਹੰਗਾਮੇ ਨੂੰ ਦੇਖਦੇ ਹੋਏ ਸੰਮੇਲਨ ਤੁਰੰਤ ਬੰਦ ਕਰ ਦਿੱਤਾ ਗਿਆ।
ਇਸ ਪ੍ਰੋਗਰਾਮ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਨਰੇਸ਼ ਅਗਰਵਾਲ ਨੇ ਕਿਹਾ ਕਿ ਮੈਂ ਜੋ ਕਿਹਾ, ਉਹ ਕੋਈ ਨਵੀਂ ਚੀਜ਼ ਨਹੀਂ, ਹਰ ਆਦਮੀ ਦੀ ਜਾਤੀ ਹੁੰਦੀ ਹੈ, ਕੋਈ ਆਗੂ ਆਪਣੀ ਜਾਤੀ ਨਹੀਂ ਦੱਸਦਾ ਤੇ ਜਨਤਾ ਉਸ ਦੀ ਜਾਤੀ ਦੱਸਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਦੀ ਜਾਤੀ ਦੀ ਗੱਲ ਨਹੀਂ ਕਰਦੇ, ਜਨਤਾ ਦੀ ਜਾਤੀ ਦੀ ਗੱਲ ਕਰਦੇ ਹਾਂ। ਨਹਿਰੂ ਤੇ ਕਾਂਗਰਸ ਬਾਰੇ ਆਪਣੇ ਬਿਆਨ ਬਾਰੇ ਕਿਹਾ ਕਿ ਕਾਂਗਰਸ ਨੇ ਜਿਨ੍ਹਾਂ ਵੈਸ਼ ਸਮਾਜ ਨੂੰ ਨਕਾਰਿਆ, ਓਨਾ ਕਿਸੇ ਹੋਰ ਨੇ ਨਹੀਂ। ਮੈਂ ਜਦੋਂ ਕਾਂਗਰਸ ਵਿੱਚ ਕਿਹਾ ਤਾਂ ਅਣਡਿੱਠ ਰਿਹਾ। ਸੰਮੇਲਨ ਵਿੱਚ ਉਠੇ ਵਿਰੋਧ ਨੂੰ ਉਨ੍ਹਾਂ ਨੇ ਭਾਜਪਾ ਦੇ ਲੋਕਾਂ ਦਾ ਵਿਰੋਧ ਦੱਸਿਆ। ਵਰਣਨ ਯੋਗ ਹੈ ਕਿ ਲਖਨਊ ਦੇ ਹਜਰਤਗੰਜ ਇਲਾਕੇ ਦੇ ਇੱਕ ਹੋਟਲ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਸਪਾ ਆਗੂ ਅਤੇ ਰਾਜ ਸਭਾ ਮੈਂਬਰ ਨਰੇਸ਼ ਅਗਰਵਾਲ ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ ਸਨ।