ਨਰਿੰਦਰ ਮੋਦੀ ਨੇ ਨੋਟਬੰਦੀ ਨੂੰ ‘ਫੈਸਲਾਕੁਨ ਲੜਾਈ ਵਿੱਚ ਜਿੱਤ ਹੋਈ’ ਕਰਾਰ ਦਿੱਤਾ


ਨਵੀਂ ਦਿੱਲੀ, 8 ਨਵੰਬਰ, (ਪੋਸਟ ਬਿਊਰੋ)- ਨੋਟਬੰਦੀ ਦੇ ਇਕ ਸਾਲ ਪੂਰੇ ਹੋਣ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਦੇਸ਼ ਦੇ 125 ਕਰੋੜ ਲੋਕਾਂ ਵਲੋਂ ਕਾਲੇ ਧਨ ਦੇ ਖ਼ਿਲਾਫ਼ ਲੜੀ ਗਈ ਫ਼ੈਸਲਾਕੁੰਨ ਜੰਗ ਦੱਸਿਆ, ਜਿਸ ਵਿੱਚ ਉਨ੍ਹਾਂ ਨੇ ਜਿੱਤ ਹਾਸਲ ਕਰਨ ਦਾ ਦਾਅਵਾ ਕੀਤਾ। ਪ੍ਰਧਾਨ ਮੰਤਰੀ ਨੇ ਕਾਲੇ ਧਨ ਨੂੰ ਖ਼ਤਮ ਕਰਨ ਲਈ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਨੂੰ ਸਮਰਥਨ ਦੇਣ ਦੇ ਲਈ ਦੇਸ਼ ਦੇ ਲੋਕਾਂ ਦਾ ਸ਼ੁਕਰੀਆ ਵੀ ਅਦਾ ਕੀਤਾ।
ਅੱਜ ਇੱਕ ਟਵੀਟ ਦੇ ਰਾਹੀਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨੂੰ ਖ਼ਤਮ ਕਰਨ ਲਈ ਉਠਾਏ ਕਦਮਾਂ ਨੂੰ ਸਮਰਥਨ ਦੇਣ ਲਈ ਮੈਂ ਦੇਸ਼ ਦੇ ਲੋਕਾਂ ਨੂੰ ਸਿਜਦਾ ਕਰਦਾ ਹਾਂ। ਮੋਦੀ ਨੇ ਨੋਟਬੰਦੀ ਦੀ ਵਰ੍ਹੇਗੰਢ ਮੌਕੇ ਟਵਿੱਟਰ ਉੱਤੇ ਕਈ ਵੀਡੀਓਜ਼ ਤੇ ਛੋਟੀਆਂ ਫ਼ਿਲਮਾਂ ਪੇਸ਼ ਕੀਤੀਆਂ, ਜਿਸ ਵਿੱਚ ਨੋਟਬੰਦੀ ਦੇ ਲਾਭ ਦੱਸ ਕੇ ਲੋਕਾਂ ਨੂੰ ਇਕ ਸਰਵੇਖ਼ਣ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ, ਜੋ ਨਰਿੰਦਰ ਮੋਦੀ ਐਪ ਉੱਤੇ ਹੋ ਰਿਹਾ ਹੈ।
ਅੱਜ ਦੇ ਦਿਨ ਪ੍ਰਧਾਨ ਮੰਤਰੀ ਵਲੋਂ ਸਾਂਝੀ ਕੀਤੀ ਗਈ ਇਕ ਵੀਡੀਓ ਦੇ ਮੁਤਾਬਕ ਜਦੋਂ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਦੇਸ਼ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ਕਾਰਨ ਨਾਜ਼ੁਕ ਸਥਿਤੀ ਵਿੱਚ ਸੀ। ਉਨ੍ਹਾਂ ਨੋਟਬੰਦੀ ਨੂੰ ਆਜ਼ਾਦ ਭਾਰਤ ਦਾ ਪਹਿਲਾਂ ਕਦੇ ਨਾ ਲਿਆ ਗਿਆ ਕਦਮ ਦੱਸਿਆ। ਨਰਿੰਦਰ ਮੋਦੀ ਨੇ ਕਿਹਾ ਕਿ ‘ਕਿਸੇ ਵੀ ਦੇਸ਼ ਦੇ ਇਤਿਹਾਸ ਵਿੱਚ ਕੁਝ ਅਜਿਹੇ ਪਲ ਹੁੰਦੇ ਹਨ, ਜਦੋਂ ਹਰ ਕੋਈ ਮਹਿਸੂਸ ਕਰਦਾ ਹੈ ਕਿ ਉਹ ਉਸ ਪਲ ਦਾ ਹਿੱਸਾ ਹੁੰਦਾ। ਆਮ ਨਾਗਰਿਕ ਭ੍ਰਿਸ਼ਟਾਚਾਰ, ਕਾਲਾ ਧਨ ਅਤੇ ਨਕਲੀ ਨੋਟਾਂ ਦੇ ਖ਼ਿਲਾਫ਼ ਜੰਗ ਵਿੱਚ ਸ਼ਾਮਲ ਹੋ ਸਕਦਾ ਹੈ। ਇਸ ਵੀਡੀਓ ਵਿੱਚ ਲੋਕ ਕਤਾਰ ਵਿੱਚ ਲੱਗੇ ਵਿਖਾ ਕੇ ਕਿਹਾ ਗਿਆ ਕਿ ਲੋਕ ਕਾਲੇ ਧਨ ਦੇ ਖ਼ਿਲਾਫ਼ ਜੰਗ ਵਿੱਚ ਛੋਟੀਆਂ ਮੁਸ਼ਕਿਲਾਂ ਨਜ਼ਰ ਅੰਦਾਜ਼ ਕਰ ਦਿੰਦੇ ਹਨ।
ਨੋਟਬੰਦੀ ਨੂੰ ਇਤਿਹਾਸਕ ਸਫ਼ਲਤਾ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਇਸ ਨੂੰ ਅੱਤਵਾਦ ਤੇ ਨਕਸਲਵਾਦ ਉੱਤੇ ਨਿਰਣਾਇਕ ਸੱਟ ਵੀ ਕਿਹਾ। ਉਨ੍ਹਾ ਨੇ ਕਿਹਾ ਕਿ ਨੋਟਬੰਦੀ ਨਾਲ ਕਸ਼ਮੀਰ ਵਿੱਚ ਪੱਥਰਬਾਜ਼ੀ ਦੀਆਂ ਘਟਨਾਵਾਂ ਵਿੱਚ 75 ਫ਼ੀਸਦੀ ਅਤੇ ਨਕਸਲੀ ਘਟਨਾਵਾਂ ਵਿੱਚ 20 ਫ਼ੀਸਦੀ ਕਮੀ ਆਈ। ਨੋਟਬੰਦੀ ਨਾਲ 7.62 ਲੱਖ ਨਕਲੀ ਨੋਟਾਂ ਬਾਰੇ ਪਤਾ ਲੱਗਾ ਅਤੇ ਕਾਲੇ ਧਨ ਤੇ ਹਵਾਲਾ ਲੈਣ-ਦੇਣ ਕਰਦੀਆਂ ਫ਼ਰਜ਼ੀ ਕੰਪਨੀਆਂ ਦਾ ਪਰਦਾ ਫ਼ਾਸ਼ ਹੋਇਆ ਹੈ।