ਨਰਿੰਦਰ ਮੋਦੀ ਨੇ ਕਿਹਾ: ਗਊ ਰੱਖਿਆ ਦੇ ਨਾਂਅ ਉੱਤੇ ਇਨਸਾਨਾਂ ਦੇ ਕਤਲ ਮਨਜ਼ੂਰ ਨਹੀਂ

modi
* ਸਾਬਰਮਤੀ ਆਸ਼ਰਮ ਦੇ ਸ਼ਤਾਬਦੀ ਜਸ਼ਨਾਂ ਵਿੱਚ ਸ਼ਾਮਲ ਹੋਏ ਮੋਦੀ
ਅਹਿਮਦਾਬਾਦ, 29 ਜੂਨ, (ਪੋਸਟ ਬਿਊਰੋ)- ਬੜੀ ਲੰਮੀ ਤੇ ਭੇਦ ਭਰੀ ਚੁੱਪ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਊ ਰੱਖਿਅਕਾਂ ਨੂੰ ਸਖ਼ਤ ਸੰਦੇਸ਼ ਦੇਂਦੇ ਹੋਏ ਅੱਜ ਏਥੇ ਕਿਹਾ ਕਿ ਗਊ ਰੱਖਿਆ ਦੇ ਨਾਂ ਉਤੇ ਲੋਕਾਂ ਦੇ ਕਤਲ ਮਨਜ਼ੂਰ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ।
ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ ਦੀ ਸ਼ਤਾਬਦੀ ਮੌਕੇ ਇੱਕ ਜਨਤਕ ਇਕੱਠ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘ਗਊ ਭਗਤੀ’ ਦੇ ਨਾਂਅ ਉਤੇ ਹਿੰਸਾ ਵਿੱਚ ਸ਼ਾਮਲ ਹੋ ਜਾਣਾ ਮਹਾਤਮਾ ਗਾਂਧੀ ਦੇ ਅਸੂਲਾਂ ਦੇ ਪੂਰੀ ਤਰ੍ਹਾਂ ਖ਼ਿਲਾਫ਼ ਹੈ। ਗਊ ਰੱਖਿਆ ਦੇ ਨਾਂਅ ਉਤੇ ਹਿੰਸਾ ਅਤੇ ਭੀੜ ਵੱਲੋਂ ਕੁੱਟਮਾਰ ਦੀਆਂ ਵਧ ਰਹੀਆਂ ਘਟਨਾਵਾਂ ਉਤੇ ਚਿੰਤ ਪ੍ਰਗਟ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਇਨ੍ਹਾਂ ਹਰਕਤਾਂ ਨਾਲ ਕੁਝ ਹਾਸਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ‘ਅੱਜ ਮੈਂ ਜਦੋਂ ਇੱਥੇ ਸਾਬਰਮਤੀ ਆਸ਼ਰਮ ਵਿੱਚ ਹਾਂ ਤਾਂ ਮੈਂ ਆਪਣੀ ਨਾਰਾਜ਼ਗੀ ਤੇ ਦਰਦ ਦਾ ਜ਼ਾਹਰ ਕਰਨਾ ਚਾਹੁੰਦਾ ਹਾਂ।’ ਉਨ੍ਹਾ ਕਿਹਾ, ‘ਇਹ ਉਹ ਦੇਸ਼ ਹੈ, ਜਿੱਥੇ ਕੀੜੀਆਂ, ਅਵਾਰਾ ਕੁੱਤਿਆਂ ਤੇ ਮੱਛੀਆਂ ਦਾ ਢਿੱਡ ਭਰਨ ਦੀ ਰਵਾਇਤ ਹੈ। ਇਹ ਉਹ ਦੇਸ਼ ਹੈ, ਜਿੱਥੇ ਮਹਾਤਮਾ ਗਾਂਧੀ ਨੇ ਅਹਿੰਸਾ ਦਾ ਪਾਠ ਪੜ੍ਹਾਇਆ ਸੀ। ਸਾਨੂੰ ਕੀ ਹੋ ਗਿਆ ਹੈ?’ ਪ੍ਰਧਾਨ ਮੰਤਰੀ ਨੇ ਭੀੜ ਵੱਲੋਂ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਤੇ ਹਿੰਸਾ ਵਿੱਚ ਸ਼ਾਮਲ ਹੋਣ ਦੀ ਰੁਚੀ ਵਧਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਕੋਈ ਮਰੀਜ਼ ਅਪਰੇਸ਼ਨ ਅਸਫ਼ਲ ਹੋਣ ਕਾਰਨ ਮਾਰਿਆ ਜਾਵੇ ਤਾਂ ਰਿਸ਼ਤੇਦਾਰ ਹਸਪਤਾਲ ਫੂਕ ਦਿੰਦੇ ਹਨ ਆਕਟਰਾਂ ਦੀ ਕੁੱਟਮਾਰ ਕਰਦੇ ਹਨ। ਹਾਦਸਾ, ਹਾਦਸਾ ਹੁੰਦਾ ਹੈ। ਹਾਦਸਿਆਂ ਵਿੱਚ ਜਦੋਂ ਲੋਕ ਮਾਰੇ ਜਾਂ ਜ਼ਖ਼ਮੀ ਹੋ ਜਾਂਦੇ ਹਨ ਤਾਂ ਇਕੱਠ ਹੋ ਜਾਂਦਾ ਹੈ ਤੇ ਵਾਹਨ ਫੂਕੇ ਜਾਂਦੇ ਹਨ।’ ਉਨ੍ਹਾ ਨੇ ਕਿਹਾ ਕਿ ਕਿਸੇ ਨੇ ਵੀ ਮਹਾਤਮਾ ਗਾਂਧੀ ਤੇ ਉਨ੍ਹਾਂ ਦੇ ਸਹਿਯੋਗੀ ਵਿਨੋਵਾ ਭਾਵੇ ਤੋਂ ਵੱਧ ਗਊ ਰੱਖਿਆ ਤੇ ਗਊ ਭਗਤੀ ਨਹੀਂ ਕੀਤੀ ਹੋਣੀ। ਉਨ੍ਹਾਂ ਨੇ ਸਾਨੂੰ ਗਊ ਰੱਖਿਆ ਦਾ ਢੰਗ ਦੱਸਿਆ। ਦੇਸ਼ ਨੂੰ ਉਨ੍ਹਾਂ ਦੇ ਰਾਹ ਉਤੇ ਚੱਲਣਾ ਪਵੇਗਾ। ਉਨ੍ਹਾਂ ਕਿਹਾ, ‘ਭਾਰਤੀ ਸੰਵਿਧਾਨ ਵੀ ਸਾਨੂੰ ਗਊ ਰੱਖਿਆ ਬਾਰੇ ਸਿਖਾਉਂਦਾ ਹੈ, ਪਰ ਇਹ ਕੰਮ ਕਰਦਿਆਂ ਕੀ ਸਾਨੂੰ ਕਿਸੇ ਦੀ ਜਾਨ ਲੈਣ ਦਾ ਅਧਿਕਾਰ ਹੈ? ਕੀ ਇਹ ਗਊ ਭਗਤੀ ਹੈ? ਕੀ ਇਹ ਗਊ ਰੱਖਿਆ ਹੈ?’ ਮੋਦੀ ਨੇ ਕਿਹਾ ਕਿ ‘ਅਸੀਂ ਮਹਾਤਮਾ ਗਾਂਧੀ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਮਿਲ-ਜੁਲ ਕੇ ਕੰਮ ਕਰੀਏ। ਅਸੀਂ ਅਜਿਹਾ ਭਾਰਤ ਬਣਾਈਏ, ਜਿਸ ਉਤੇ ਸਾਡੇ ਸੁਤੰਤਰਤਾ ਸੈਨਾਨੀਆਂ ਨੂੰ ਮਾਣ ਹੁੰਦਾ।’ ਉਨ੍ਹਾਂ ਕਿਹਾ ਕਿ ਹਿੰਸਾ ਨਾਲ ਕੋਈ ਸਮੱਸਿਆ ਹੱਲ ਨਹੀਂ ਹੋਈ ਤੇ ਨਾ ਹੋਵੇਗੀ। ਸਮਾਜ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਇਸ ਮੌਕੇ ਮੋਦੀ ਨੇ ਸਾਬਰਮਤੀ ਆਸ਼ਰਮ ਦਾ ਗੇੜਾ ਲਾਇਆ ਅਤੇ ਸ਼ਤਾਬਦੀ ਸਮਾਗਮਾਂ ਸਬੰਧੀ ਕਿਤਾਬਾਂ ਤੇ ਡਾਕ ਟਿਕਟਾਂ ਵੀ ਜਾਰੀ ਕੀਤੀਆਂ।
ਵਰਨਣ ਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਇਹ ਟਿੱਪਣੀਆਂ ਗਊ ਰੱਖਿਅਕਾਂ ਦੀ ਵਧ ਰਹੀ ਹਿੰਸਾ ਦੇ ਪਿਛੋਕੜ ਵਿੱਚ ਆਈਆਂ ਹਨ। ਪਿਛਲੇ ਹਫ਼ਤੇ ਮਥੁਰਾ ਜਾਂਦੀ ਰੇਲ ਗੱਡੀ ਵਿੱਚ ਇਕ ਮੁਸਲਿਮ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤੇ ਕਾਤਲ ਉਸ ਦੇ ਪਰਿਵਾਰ ਉਤੇ ਫਿਕਰੇ ਕਸਦਿਆਂ ਉਸ ਨੂੰ ਦੇਸ਼ ਵਿਰੋਧੀ ਤੇ ਗਊ ਮਾਸ ਖਾਣ ਵਾਲਾ ਕਹਿ ਰਹੇ ਸਨ। ਅਗਸਤ 2016 ਵਿੱਚ ਵੀ ਨਰਿੰਦਰ ਮੋਦੀ ਨੇ ਗਊ ਰੱਖਿਅਕਾਂ ਨੂੰ ਤਾੜਨਾ ਕੀਤੀ ਸੀ। ਉਦੋਂ ਉਨ੍ਹਾਂ ਦੇ ਆਪਣੇ ਰਾਜ ਗੁਜਰਾਤ ਵਿੱਚ ਗਊ ਰੱਖਿਅਕਾਂ ਨੇ ਦਲਿਤਾਂ ਦੀ ਕੁੱਟਮਾਰ ਕੀਤੀ ਸੀ।