ਨਰਵਸ ਹੋ ਜਾਂਦੀ ਹਾਂ : ਨੇਹਾ ਸ਼ਰਮਾ

neha sharma
ਨੇਹਾ ਸ਼ਰਮਾ ਨੇ 2010 ਵਿੱਚ ਇਮਰਾਨ ਹਾਸ਼ਮੀ ਦੇ ਆਪੋਜ਼ਿਟ ਫਿਲਮ ‘ਕਰੁੱਕ’ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਕਈ ਹੋਰ ਫਿਲਮਾਂ ਵਿੱਚ ਨਜ਼ਰ ਆਈ। ਦੋ ਸਾਲ ਪਹਿਲਾਂ ਦੀ ਫਿਲਮ ‘ਯੰਗਿਸਤਾਨ’ ਤੋਂ ਬਾਅਦ ਹੁਣ ਪਿਛਲੇ ਸਾਲ ਉਹ ਹਿੱਟ ਫਿਲਮ ‘ਤੁਮ ਬਿਨ’ ਦੇ ਸੀਕਵਲ ‘ਤੁਮ ਬਿਨ 2’ ਵਿੱਚ ਵੀ ਨਜ਼ਰ ਆਈ, ਪਰ ਇਹ ਫਿਲਮ ਕੁਝ ਖਾਸ ਨਹੀ ਕਰ ਸਕੀ। ਹੁਣ ਉਹ ਸੁਪਰਹਿੱਟ ਫਿਲਮ ‘ਹੇਰਾਫੇਰੀ’ ਦੇ ਸੀਕਵਲ ‘ਹੇਰਾਫੇਰੀ 3’ ਵਿੱਚ ਆਉਣ ਵਾਲੀ ਹੈ। ਇਸ ਐਕਸ਼ਨ ਪੈਕਡ ਕਾਮੇਡੀ ਫਿਲਮ ਵਿੱਚ ਉਸ ਦਾ ਕਾਮੇਡੀ ਵਾਲਾ ਕਰੈਕਟਰ ਹੈ। ਇਸ ਤੋਂ ਇਲਾਵਾ ਉਹ ਇੱਕ ਫਿਲਮ ‘ਮੁਬਾਰਕਾਂ’ ਵੀ ਕਰ ਰਹੀ ਹੈ। ਪੇਸ਼ ਹਨ ਨੇਹਾ ਨਾਲ ਹੋਈ ਇੱਕ ਗੱਲਬਾਤ ਦੇ ਅੰਸ਼ :
* ਤੁਹਾਡੀਆਂ ਫਿਲਮਾਂ ਵਿੱਚ ਇੰਨੇ ਗੈਪ ਦਾ ਕੋਈ ਖਾਸ ਕਾਰਨ?
– ਅਸਲ ਵਿੱਚ ਮੈਨੂੰ ਹਮੇਸ਼ਾ ਬਿਹਤਰੀਨ ਰੋਲ ਦੀ ਉਡੀਕ ਰਹਿੰਦੀ ਹੈ। ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜੋ ਰੋਲ ਮੈਂ ਕਰਾਂ, ਉਹ ਸਿਰਫ ਸਟਰਾਂਗ ਹੀ ਨਾ ਹੋਵੇ, ਉਸ ਵਿੱਚ ਮੇਰਾ ਟੇਲੈਂਟ ਨਜ਼ਰ ਆਵੇ ਕਿਉਂਕਿ ਅਜਿਹੀਆਂ ਫਿਲਮਾਂ ਤੇ ਅਜਿਹੇ ਕਿਰਦਾਰ ਘੱਟ ਹੁੰਦੇ ਹਨ। ਮੈਂ ਇਸ ਗੈਪ ਵਿੱਚ ਖਾਲੀ ਨਹੀਂ ਹੁੰਦੀ। ਕੁਝ ਨਾ ਕੁਝ ਕਰਦੀ ਰਹਿੰਦੀ ਹਾਂ, ਜਿਵੇਂ ‘ਯੰਗਿਸਤਾਨ’ ਅਤੇ ‘ਤੁਮ ਬਿਨ 2’ ਵਿੱਚ ਮੈਂ ਸ਼ਿਰੀਸ਼ ਕੁੰਦਰ ਦੇ ਨਿਰਦੇਸ਼ਨ ਵਿੱਚ ਸ਼ਾਰਟ ਫਿਲਮ ‘ਕ੍ਰਿਤੀ’ ਕੀਤੀ।
* ਤੁਹਾਡੇ ਕੋਲ ਅੱਜ ਵੀ ਬਹੁਤ ਫਿਲਮਾਂ ਨਹੀਂ ਹਨ। ਕੀ ਕਹੋਗੇ?
– ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਮੈ ਹਮੇਸ਼ਾ ਦਮਦਾਰ ਤੇ ਮਜ਼ਬੂਤ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ ਤਾਂ ਕਿ ਖੁਦ ਨੂੰ ਅਦਾਕਾਰਾ ਵਜੋਂ ਸਿੱਧ ਤੇ ਸਥਾਪਤ ਕਰ ਸਕਾਂ। ਮੈਂ ਫਿਲਮਾਂ ਚੁਣਨ ਵਿੱਚ ਵੀ ਇਸ ਲਈ ਵੱਧ ਸਮਾਂ ਲੈਂਦੀ ਹਾਂ ਕਿ ਮੈਂ ਇਹ ਯਕੀਨੀ ਕਰ ਲੈਣਾ ਚਾਹੁੰਦੀ ਹਾਂ ਕਿ ਜੋ ਭੂਮਿਕਾਵਾਂ ਕਰਨ ਜਾ ਰਹੀ ਹਾਂ, ਉਹ ਮਜ਼ਬੂਤ ਹੋਣ। ਮੈਂ ਖੁਦ ਨੂੰ ਇਮੋਸ਼ਨਲ ਭੂਮਿਕਾਵਾਂ ਵਿੱਚ ਦੇਖਣਾ ਚਾਹੁੰਦੀ ਹਾਂ, ਜਿੱਥੇ ਮੇਰੇ ਲਈ ਕੁਝ ਕਰਨ ਦੀ ਸੰਭਾਵਨਾ ਹੋਵੇ। ਮੈਂ ਦੂਜੀਆਂ ਕੁੜੀਆਂ ਵਾਂਗ ਨੱਚਣ ਤੇ ਇਧਰ ਉਧਰ ਮੰਡਰਾਉਣ ਵਾਲੀਆਂ ਭੂਮਿਕਾਵਾਂ ਨਹੀਂ ਕਰਨਾ ਚਾਹੁੰਦੀ। ਜਿਸ ਕਿਸੇ ਫਿਲਮ ਵਿੱਚ ਮੈਨੂੰ ਆਪਣਾ ਟੇਲੈਂਟ ਦਿਖਾਉਣ ਦਾ ਮੌਕਾ ਮਿਲਿਆ, ਉਸ ਦੇ ਲਈ ਮੈਂ ਤਹਿ ਦਿਲੋਂ ਉਨ੍ਹਾਂ ਸਾਰਿਆਂ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਕਿਰਦਾਰ ਲਈ ਸਹੀ ਬਦਲ ਸਮਝਿਆ।
* ‘ਹੇਰਾਫੇਰੀ 3’ ਵਿੱਚ ਤੁਸੀਂ ਕੀ ਕਰ ਰਹੇ ਹੋ ਅਤੇ ਕਿਸ ਤਰ੍ਹਾਂ ਦੀ ਫਿਲਮ ਹੈ ਇਹ?
– ‘ਹੇਰਾਫੇਰੀ 3’ ਸੁਪਰ ਕਾਮੇਡੀ ਫਿਲਮ ਹੈ, ਜਿਸ ਵਿੱਚ ਐਕਸ਼ਨ ਵੀ ਦੇਖਣ ਨੂੰ ਮਿਲੇਗਾ। ਇਹ ਸੁਪਰਹਿੱਟ ਫਿਲਮ ‘ਹੇਰਾਫੇਰੀ’ ਦਾ ਸੀਕਵਲ ਹੈ। ਅਹਿਮਦ ਖਾਨ ਦੇ ਨਿਰਦੇਸ਼ਨ ਵਿੱਚ ਬਣ ਰਹੀ ਇਸ ਫਿਲਮ ਵਿੱਚ ਸੁਨੀਲ ਸ਼ੈਟੀ, ਪਰੇਸ਼ ਰਾਵਲ ਤੇ ਮੇਰੀ ਅਹਿਮ ਭੂਮਿਕਾ ਹੈ। ਇਸ ਫਿਲਮ ਵਿੱਚ ਮੇਰਾ ਕਿਰਦਾਰ ਕੁਝ ਉਹੋ ਜਿਹਾ ਹੈ, ਜਿਹੋ ਜਿਹਾ ‘ਹੇਰਾਫੇਰੀ’ ਵਿੱਚ ਬਿਪਾਸ਼ਾ ਬਸੁ ਦਾ ਸੀ। ਸੁਭਾਵਿਕ ਤੌਰ ‘ਤੇ ਇਸ ਫਿਲਮ ਨੂੰ ਲੈ ਕੇ ਮੈਂ ਕੁਝ ਜ਼ਿਆਦਾ ਹੀ ਉਤਸ਼ਾਹਤ ਹਾਂ।
* ਤੁਸੀਂ ਅਨਿਲ ਕਪੂਰ ਨਾਲ ਵੀ ਕੋਈ ਫਿਲਮ ਕਰ ਰਹੇ ਹੋ?
– ਹਾਂ, ਉਸ ਫਿਲਮ ਦਾ ਨਾਂਅ ਹੈ ‘ਮੁਬਾਰਕਾਂ’, ਪਰ ਉਸ ਵਿੱਚ ਮੇਰਾ ਫੁਲ ਲੈਂਥ ਰੋਲ ਨਹੀਂ ਹੈ, ਸਗੋਂ ਮੈਂ ਸਪੈਸ਼ਲ ਅਪੀਅਰੈਂਸ ਵਿੱਚ ਨਜ਼ਰ ਆਵਾਂਗੀ। ਅਨੀਸ ਬਜ਼ਮੀ ਦੇ ਨਿਰਦੇਸ਼ਨ ਵਿੱਚ ਬਣ ਰਹੀ ਇਸ ਫਿਲਮ ਵਿੱਚ ਅਨਿਲ ਕਪੂਰ, ਅਰਜੁਨ ਕਪੂਰ, ਇਲਿਆਨਾ ਡੀਕਰੂਜ਼ ਤੇ ਅਥੀਆ ਸ਼ੈਟੀ ਦੀ ਅਹਿਮ ਭੂਮਿਕਾ ਹੈ। ਖਾਸ ਗੱਲ ਇਹ ਕਿ ਇਹ ਫਿਲਮ ਚਾਚਾ-ਭਤੀਜੇ ਦੇ ਰਿਸ਼ਤੇ Ḕਤੇ ਆਧਾਰਤ ਹੈ ਅਤੇ ਇਸ ਵਿੱਚ ਅਨਿਲ ਕਪੂਰ ਰੀਅਲ ਲਾਈਫ ਦਾ ਹੀ ਆਪਣਾ ਕਿਰਦਾਰ ਪਲੇਅ ਕਰ ਰਹੇ ਹਨ।
* ਤੁਹਾਡੇ ਹਿੱਸੇ ਵਿੱਚ ਰੋਮਾਂਟਿਕ ਤੋਂ ਕਿਤੇ ਵੱਧ ਕਾਮੇਡੀ ਫਿਲਮਾਂ ਹਨ। ਕੀ ਇਸ ਤਰ੍ਹਾਂ ਦਾ ਰੋਲ ਕਰਨਾ ਤੁਹਾਨੂੰ ਸੌਖਾ ਲੱਗਦਾ ਹੈ?
– ਬਿਲਕੁਲ ਨਹੀਂ, ਸਗੋਂ ਅਜਿਹਾ ਕਿਰਦਾਰ ਨਿਭਾਉਣਾ ਸੌਖਾ ਨਹੀਂ ਹੁੰਦਾ, ਪਰ ਕਲਾਕਾਰ ਨੂੰ ਹਮੇਸ਼ਾ ਚੈਲੇਂਜ ਲੈਂਦੇ ਰਹਿਣਾ ਚਾਹੀਦਾ ਹੈ ਤਾਂ ਹੀ ਉਸ ਨੂੰ ਆਪਣੇ ਟੇਲੈਂਟ ਦਾ ਅਹਿਸਾਸ ਹੁੰਦਾ ਹੈ। ਸੱਚ ਕਹਾਂ ਤਾਂ ਕਾਮੇਡੀ ਵਾਲੇ ਕਿਰਦਾਰ ਨਿਭਾਉਣ ਵਿੱਚ ਕਿਤੇ ਵੱਧ ਮਿਹਨਤ ਕਰਨੀ ਪੈਂਦੀ ਹੈ, ਕਿਉਂਕਿ ਅਜਿਹੇ ਕਿਰਦਾਰ ਕਲਾਕਾਰ ਦੀ ਰੀਅਲ ਲਾਈਫ ਦੇ ਨੇੜੇ ਨਹੀਂ ਹੁੰਦੇ, ਇਸ ਲਈ ਇਨ੍ਹਾਂ ਨੂੰ ਨਿਭਾਉਣਾ ਜ਼ਿਆਦਾ ਮੁਸ਼ਕਲ ਹੁੰਦਾ ਹੈ।
* ਕੀ ਅਜਿਹੇ ਕਿਰਦਾਰ ਅਤੇ ਫਿਲਮ ਤੁਹਾਨੂੰ ਸ਼ੁਰੂ ਤੋਂ ਨਰਵਸ ਕਰਦੇ ਹਨ?
– ਅਸਲੀਅਤ ਇਹ ਹੈ ਕਿ ਜਦੋਂ ਮੈਂ ਕੋਈ ਫਿਲਮ ਸ਼ੁਰੂ ਕਰਦੀ ਹਾਂ ਤਾਂ ਨਰਵਸ ਹੋ ਜਾਂਦੀ ਹਾਂ, ਪਰ ਕਾਮੇਡੀ ਕਿਰਦਾਰ ਨੂੰ ਲੈ ਕੇ ਖੁਦ ‘ਤੇ ਜ਼ਿਆਦਾ ਪ੍ਰੈਸ਼ਰ ਮਹਿਸੂਸ ਕਰਦੀ ਹਾਂ। ਕਿਉਂਕਿ ਹੁਣ ਵੀ ਮੈਂ ਬਤੌਰ ਅਦਾਕਾਰਾ ਖੁਦ ਪਰੂਵ ਕਰਨਾ ਹੈ, ਇਸ ਲਈ ਚੈਂਲੇਜ ਲੈਂਦੇ ਹੋਏ ਮੈਂ ਹਰ ਫਿਲਮ ਵਿੱਚ ਬਿਹਤਰ ਪ੍ਰਫਾਰਮ ਕਰਨ ਦੀ ਕੋਸ਼ਿਸ਼ ਕਰਦੀ ਹਾਂ।