ਨਰਕਵਾਸੀ ਮੇਰਾ ਬਾਪ

-ਡਾ. ਜਵਾਹਰ ਚੌਧਰੀ
ਪੰਜਾਬੀ ਰੂਪ- ਕੇ ਐਲ ਗਰਗ
ਇਕ ਵੱਡਾ ਸਾਰਾ ਮਕਾਨ ਹੈ, ਜਿਸ ਨੂੰ ਆਦਤਨ ਲੋਕ ਹਵੇਲੀ ਕਹਿੰਦੇ ਹਨ। ਵਰਾਂਡੇ ਵਿੱਚ ਇਕ ਤਖਤਪੋਸ਼ ਪਿਆ ਹੈ, ਜਿਸ ‘ਤੇ ਅੱਜ ਵੀ ਹਜ਼ੂਰ ਉਦਾਂ ਹੀ ਬੈਠੇ ਹਨ, ਜਿਵੇਂ ਸਦੀਆਂ ਤੋਂ ਪਿਉ ਦਾਦੇ ਬੈਠਦੇ ਆਏ ਹਨ। ਉਹ ਵੀ ਹਜ਼ੂਰ ਸਨ ਤੇ ਇਹ ਵੀ ਹਜ਼ੂਰ ਹਨ। ਉਹ ਸਵੇਰ ਤੋਂ ਸ਼ਾਮ ਤੱਕ, ਜਿੰਨਾ ਸੰਭਵ ਹੋਵੇ, ਆਪਣਾ ਦਰਬਾਰ ਰੌਸ਼ਨ ਕਰੀ ਰੱਖਦੇ ਹਨ, ਹਜ਼ੂਰ ਦਾ ਹੋਰ ਕੋਈ ਕੰਮ ਨਹੀਂ ਹੈ। ਹਜ਼ੂਰ ਦੇ ਆਲੇ ਦੁਆਲੇ ਦੋ ਚਾਰ ਹਜ਼ੂਰੀਏ, ਜਿਨ੍ਹਾਂ ਨੂੰ ਸਾਡੇ ਵੱਲ ‘ਹੱਜੂ’ ਕਹਿਣ ਦਾ ਰਿਵਾਜ ਹੈ, ਹਮੇਸ਼ਾ ਥੁੱਕਦਾਨ ਲਈ ਖਲ੍ਹੋਤੇ ਰਹਿੰਦੇ ਹਨ, ਪਤਾ ਨਹੀਂ ਕਿਹੜੇ ਪਾਸੇ ਉਹ ਪਾਊਚ ਦਾ ਥੁੱਕ ਥੁੱਕਣ ਲਈ ਮੂੰਹ ਫੇਰ ਲੈਣ।
‘ਹਜ਼ੂਰ, ਉਧਰ ਦਲਿਤ ਬਸਤੀ ਵਿੱਚ ਪਰਸੋਂ ਹਰੀਆ ਮਰ ਗਿਆ ਸੀ..।’ ਹੱਜ ਨੇ ਦੱਸਿਆ।
‘ਫਿਰ?’ ਹਜ਼ੂਰ ਨੇ ਥੁੱਕ ਦੀ ਰੱਖਿਆ ਕਰਦਿਆਂ, ਭਰਿਆ ਮੂੰਹ ਜ਼ਰਾ ਉਚਾ ਚੁੱਕਦੇ ਪੁੱਛਿਆ।
‘ਅੱਜ ਅਖਬਾਰ ਵਿੱਚ ਉਸ ਦੀ ਫੋਟੋ ਛਪੀ ਹੈ। ਲਿਖਿਆ ਹੈ ਕਿ ਉਹ ਸਵਰਗਵਾਸ ਹੋ ਗਿਆ ਹੈ। ਸਵਰਗਵਾਸੀ ਹਰੀ ਰਾਮ ਲਿਖਿਆ ਹੈ ਹਜ਼ੂਰ।’ ਗੁਰਗੇ ਨੇ ਫੁਸਫੁਸਾ ਕੇ ਦੱਸਿਆ।
‘..ਫਿਰ?’ ਹਜ਼ੂਰ ਕੁਝ ਸਮਝੇ ਨਹੀਂ।
‘ਹਜ਼ੂਰ, ਤੁਹਾਡੇ ਪੁਰਖੇ ਉਥੇ ਸਵਰਗ ਵਿੱਚ ਬਿਰਾਜੇ ਹਨ। ਪੰਡਿਤਾਂ, ਸੇਠਾਂ, ਸ਼ਾਹੂਕਾਰਾਂ ਨੂੰ ਸਵਰਗ ਮਿਲਦਾ ਹੈ, ਪਰ ਜਿਨ੍ਹਾਂ ਨੂੰ ਮੰਦਰ ਦੀਆਂ ਪੌੜ੍ਹੀਆਂ ਚੜ੍ਹਨਾ ਮਨ੍ਹਾਂ ਹੈ, ਉਹ ਸਵਰਗ ਦੀਆਂ ਪੌੜ੍ਹੀਆਂ ਕਿਵੇਂ ਚੜ੍ਹ ਸਕਦਾ ਹੈ?’
‘ਹਾਂ, ਇਹ ਗਲਤ ਗੱਲ ਹੈ।’ ਆਖਰ ਹਜ਼ੂਰ ਨੇ ਪੀਕ ਥੁੱਕ ਕੇ ਆਪਣੇ ਆਪ ਨੂੰ ਪੀਕ ਪ੍ਰੇਮ ਤੋਂ ਮੁਕਤ ਕੀਤਾ, ਮਤਲਬ ਉਹ ਗੰਭੀਰ ਹੋ ਗਏ ਸਨ। ਬੋਲੇ, ‘ਇਨ੍ਹਾਂ ਦੀ ਹਿੰਮਤ ਵਧਦੀ ਜਾਂਦੀ ਹੈ, ਸਕੂਲਾਂ ਵਿੱਚ ਵੜੇ, ਨੌਕਰੀਆਂ ਵਿੱਚ ਵੜੇ, ਮਤਦਾਨ ਕੇਂਦਰਾਂ ਵਿੱਚ ਵੜੇ ਤੇ ਹੁਣ ਸਵਰਗ ਵਿੱਚ ਵੀ!’
‘ਵੱਡੇ ਹਜ਼ੂਰ ਤੇ ਵੱਡੀ ਮਾਲਕਿਨ ਤਾਂ ਇਨ੍ਹਾਂ ਵੱਲੋਂ ਛੂਹੀ ਲੱਕੜੀ ਵੀ ਗੰਗਾਜਲ ਨਾਲ ਧੋ ਕੇ ਚੁੱਲ੍ਹਾ ਬਾਲਦੇ ਸੀ। ਪਤਾ ਨ੍ਹੀਂ ਹੁਣ ਸਵਰਗ ਵਿੱਚ ਉਨ੍ਹਾਂ ਦਾ ਕੀ ਹਾਲ ਹੋਵੇਗਾ।’ ਹੱਜੂ ਨੇ ਅੱਗ ਦੇਖ ਕੇ ਥੋੜ੍ਹਾ ਘੀ ਸੁੱਟਿਆ।
ਹਜ਼ੂਰ ਕੁਝ ਦੇਰ ਸੋਚਦੇ ਰਹੇ, ਫਿਰ ਬੋਲੇ, ‘ਪਹਿਲਾਂ ਸ਼ੁਕਲਾ ਵਕੀਲ ਤੋਂ ਪੁੱਛੋ ਕੀ ਸਵਰਗ ਵਿੱਚ ‘ਰਾਖਵਾਂਕਰਨ ਹੈ?’ ਇਹ ਸੁਣਦਿਆਂ ਹੀ ਇਕ ਹਜ਼ੂਰੀਆ ਫੋਨ ਵਿੱਚ ਉਂਗਲਾਂ ਘੁੰਮਾਉਣ ਲੱਗ ਪਿਆ।
‘ਆਜ਼ਾਦੀ ਨੇ ਤਾਂ ਪੂਰਾ ਸਿਸਟਮ ਖਰਾਬ ਕਰ ਦਿੱਤਾ ਹੈ ਹਜ਼ੂਰ। ਇਸ ਤੋਂ ਤਾਂ ਅੰਗਰੇਜ਼ਾਂ ਦਾ ਰਾਜ ਹੀ ਚੰਗਾ ਸੀ। ਉਹ ਸਾਡੇ ਲੋਕਾਂ ਦੇ ਮਾਮਲੇ ਵਿੱਚ ਦਖਲ ਨਹੀਂ ਸਨ ਦਿੰਦੇ।..ਪੰਡਿਤ ਜੀ ਨੂੰ ਬੁਲਵਾ ਲਈਏ ਹਜ਼ੂਰ..ਸਲਾਹ ਮਸ਼ਵਰਾ ਹੋ ਜਾਵੇਗਾ? ਸਵਰਗ ਬਾਰੇ ਉਨ੍ਹਾਂ ਦੇ ਬੋਲ ਬਚਨ ਪੱਕੇ ਹੁੰਦੇ ਹਨ।’ ਦੂਜਾ ਹੱਜ ਬੋਲਿਆ।
‘ਉਏ ਜਾ ਉਏ, ਪੰਡਿਤ ਜੀ ਨੂੰ ਬੁਲਾ ਲਿਆ,’ ਹਜ਼ੂਰ ਨੇ ਰੋਅਬ ਨਾਲ ਆਖਿਆ। ਇਸ ਦੌਰਾਨ ਫੋਨ ‘ਤੇ ਗੱਲ ਕਰਨ ਵਾਲਾ ਸਾਹਮਣੇ ਆ ਹਾਜ਼ਰ ਹੋਇਆ।
‘ਕੀ ਬੋਲਿਆ ਵਕੀਲ?’
‘ਹਜ਼ੂਰ, ਵਕੀਲ ਕਹਿ ਰਿਹਾ ਹੈ ਕਿ ਸਵਰਗ ਬਾਰੇ ਤਾਂ ਪਤਾ ਨਹੀਂ ਹੈ, ਪਰ ਮਹਾਂਸਵਰਗ ਮਰਾਠੀਆਂ ਲਈ ਹੈ। ਇਕਦਮ ਪੱਕੀ ਗੱਲ ਕੀਤੀ ਹੈ ਉਨ੍ਹਾਂ ਨੇ। ਤੁਸੀਂ ਗੱਲ ਕਰ ਲਉ।’
ਹਜ਼ੂਰ ਦੇ ਮੱਥੇ ‘ਤੇ ਤਿਉੜੀਆਂ ਉਤਰ ਆਈਆਂ। ਸਮਝ ਵਿੱਚ ਨਹੀਂ ਆਉਂਦਾ ਕਿ ਅੱਜ ਕੱਲ੍ਹ ਕੀਹਦਾ ਕੀ ਹੈ। ਕੀ ਗੱਲ ਕਰਦਾ। ਫਿਰ ਵੀ ਫੋਨ ਫੜ ਲਿਆ। ‘ਹੈਲੋ, ਵਕੀਲ ਸਾਹਿਬ, ਇਹ ਕੀ ਗੱਲ ਹੋਈ ਭਾਈ? ਤੁਹਾਡੇ ਕੋਲ ਕੇਸ ਸੁਲਝਾਉਣ ਲਈ ਰੈਫਰ ਕਰਦੇ ਹਾਂ ਤੇ ਤੁਸੀਂ ਉਸ ਨੂੰ ਹੋਰ ਉਲਝਾ ਦਿੰਦੇ ਹੋ। ਅਸੀਂ ਤੁਹਾਨੂੰ ਸਿਰਫ ਇਹੋ ਪੁੱਛਿਆ ਸੀ ਕਿ ਕੀ ਸਵਰਗ ਵਿੱਚ ਰਾਖਵਾਂਕਰਨ ਹੈ ਤੇ ਤੁਸੀਂ..।’
‘ਰਾਖਵਾਂਕਰਨ ਬਿਹਾਰੀਆਂ ਦੇ ਸਵਰਗ ਵਿੱਚ ਹੋਵੇਗਾ, ਹਿੰਦੀ ਸਵਰਗ ਵਿੱਚ ਹੋ ਸਕਦਾ ਹੈ, ਮੈਨੂੰ ਪਤਾ ਨ੍ਹੀਂ.. ਪਰ ਮਹਾਂਸਵਰਗ ਸਿਰਫ ਮਰਾਠੀਆਂ ਲਈ ਹੈ ਤੇ ਮਹਾਂਸਵਰਗ ਦੇ ਦਰਵਾਜ਼ੇ ‘ਤੇ ਬੈਠੇ ਆਪਣੇ ਸਾਹਿਬ ਨੇ ਸਾਫ-ਸਾਫ ਕਹਿ ਦਿੱਤਾ ਹੈ ਕਿ ਮਹਾਂਸਵਰਗ ਵਿੱਚ ਉਹ ਕਿਸੇ ਨੂੰ ਵੜਨ ਨਹੀਂ ਦੇਣਗੇ। ਜੇ ਕੋਈ ਕੋਸ਼ਿਸ਼ ਕਰੇਗਾ ਤਾਂ ਉਹ ਮਰਿਆਂ ਹੋਇਆਂ ਨੂੰ ਹੋਰ ਮਾਰਨਗੇ।’ ਇਹ ਸੁਣ ਕੇ ਹਜ਼ੂਰ ਨੇ ਫੋਨ ਬੰਦ ਕਰ ਦਿੱਤਾ। ਉਨ੍ਹਾਂ ਦੀ ਚਿੰਤਾ ਹੋਰ ਵਧ ਗਈ। ਕੋਲ ਖਲੋਤੇ ਹੱਜੂ ਨੂੰ ਕਿਹਾ, ‘ਜ਼ਰਾ ਪਤਾ ਕਰੋ ਕਿ ਹਰੀਆ ਸਵਰਗ ਵਿੱਚ ਗਿਆ ਹੈ ਜਾਂ ਮਹਾਂਸਵਰਗ ਵਿੱਚ।’
‘ਸਵਰਗ ਵਿੱਚ ਹੀ ਗਿਆ ਹੋਵੇਗਾ ਹਜ਼ੂਰ, ਉਸ ਨੂੰ ਮਰਾਠੀ ਤਾਂ ਆਉਂਦੀ ਹੀ ਨਹੀਂ ਸੀ। ਉਸ ਸਵਰਗ ਵਿੱਚ ਤੁਹਾਡੇ ਪੁਰਖੇ ਹਨ, ਹਜ਼ੂਰ।’ ਕੋਲ ਖਲੋ੍ਹਤਾ ਹੱਜੂ ਬੋਲਿਆ।
‘ਇਸੇ ਗੱਲ ਦੀ ਤਾਂ ਚਿੰਤਾ ਹੈ। ਆਜ਼ਾਦੀ ਤੋਂ ਬਾਅਦ ਕੁਝ ਵੀ ਸਹੀ ਨਹੀਂ ਹੋ ਰਿਹਾ ਦੇਸ਼ ਵਿੱਚ। ਜਿਨ੍ਹਾਂ ਨੂੰ ਨਰਕ ਵਿੱਚ ਹੋਣਾ ਚਾਹੀਦਾ ਸੀ, ਉਹ ਬਗੈਰ ਕਿਸੇ ਨੂੰ ਪੁੱਛਿਆਂ ਸਵਰਗਵਾਸੀ ਹੋ ਰਹੇ ਹਨ। ਕੋਈ ਨਿਯਮ ਕਾਨੂੰਨ ਹੀ ਨਹੀ ਰਿਹਾ। ਉਏ, ਉਹ ਪੰਡਿਤ ਨਹੀਂ ਆਇਆ ਹਾਲੇ ਤੱਕ?’
‘ਆਉਂਦੇ ਹੀ ਹੋਣਗੇ ਹਜ਼ੂਰ..ਲਉ ਉਹ ਆ ਰਹੇ ਹਨ ਧੋਤੀ ਸੰਭਾਲਦੇ ਹੋਏ।’
‘ਪੈਰੀਂ ਪੈਂਦਾ ਹਾਂ ਹਜ਼ੂਰ..ਸਦਾ ਸੁਖੀ ਰਹਿਣ, ਹਜ਼ੂਰ..ਹੁਕਮ ਸਰਕਾਰ।’ ਪੰਡਿਤ ਜੀ ਨੇ ਆਉਂਦਿਆਂ ਹਾਜ਼ਰੀ ਲਗਵਾਈ।
‘ਓ ਪੰਡਿਤ ਜੀ, ਇਹ ਤਾਂ ਦੱਸੋ ਕਿ ਸਵਰਗ ਵਿੱਚ ਕੌਣ ਜਾ ਸਕਦਾ ਹੈ?’ ਹਜ਼ੂਰ ਨੇ ਸਿੱਧਾ ਸਵਾਲ ਮਾਰਿਆ।
‘ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਧਰਮ ਕਰਮ ਕਰਨ ਵਾਲਾ ਜਾ ਸਕਦਾ ਹੈ, ਜੋ ਅੰਤ ਸਮੇਂ ਨਾਰਾਇਣ-ਨਾਰਾਇਣ ਬੋਲੇ, ਉਹ ਵੀ ਜਾ ਸਕਦਾ ਹੈ। ਬ੍ਰਾਹਮਣਾਂ ਨੂੰ ਦਾਨ ਦੇਣ ਵਾਲਾ ਤਾਂ ਜਾਂਦਾ ਹੀ ਹੈ..ਤੇ ਫਿਰ ਤੁਹਾਡੀ ਮਰਜ਼ੀ ਹੈ ਹਜ਼ੂਰ, ਜਿਸ ਨੂੰ ਚਾਹੋ ਘੱਲ ਸਕਦੇ ਹੋ।’ ਪੰਡਤ ਨੇ ਮਾਮਲਾ ਸਮਝਣ ਲਈ ਥੋੜ੍ਹੀ ਬਹੁਤ ਜਾਣਕਾਰੀ ਦਿੱਤੀ।
‘ਤੁਸੀਂ ਮਰੋਂਗੇ ਤਾਂ ਕਿੱਥੇ ਜਾਉਂਗੇ?’ ਹਜ਼ੂਰ ਨੇ ਨਵਾਂ ਪਾਊਚ ਫਾੜਦਿਆਂ ਪੁੱਛਿਆ।
‘ਜੇ ਤੁਹਾਡੀ ਮਰਜ਼ੀ ਹੋਈ ਤਾਂ ਸਵਰਗ ਵਿੱਚ ਜਾਵਾਂਗੇ, ਹਜ਼ੂਰ।’ ਪੰਡਿਤ ਸਮਝ ਗਿਆ ਸੀ ਕਿ ਮਾਮਲੇ ‘ਚ ਕੁਝ ਗੜਬੜ ਜ਼ਰੂਰ ਹੈ।
‘ਪੰਡਿਤ, ਪਹਿਲਾਂ ਤਾਂ ਤੁਹਾਡੇ ਲੋਕਾਂ ਦੀ ਮਰਜ਼ੀ ਨਾਲ ਸਵਰਗ ਜਾਂਦੇ ਸੀ ਲੋਕ।’
‘ਉਹ ਜ਼ਮਾਨਾ ਹੋਰ ਸੀ, ਹੁਣ ਲੋਕਤੰਤਰ ਹੈ, ਤੁਹਾਡਾ ਰਾਜ ਹੈ ਹਜ਼ੂਰ।’
‘ਸੇਠ, ਸ਼ਾਹੂਕਾਰ, ਦੱਲੇ ਗੋਲੇ?’
‘ਉਹ ਵੀ ਸਵਰਗ ਜਾ ਸਕਦੇ ਹਨ ਜੇ ਕੋਸ਼ਿਸ਼ ਕਰਨ ਤਾਂ..।’
‘ਹੋਰ ਕੌਣ ਜਾ ਸਕਦਾ ਹੈ..ਉਹ ਦਲਿਤ ਬਸਤੀ ਵਾਲੇ?’ ਹਜ਼ੂਰ ਸਿੱਧੇ ਮੁੱਦੇ ‘ਤੇ ਆਏ।
‘ਜਿਨ੍ਹਾਂ ਨੂੰ ਜਿਉਂਦੇ ਜੀ ਕੁਝ ਨਹੀਂ ਮਿਲਿਆ, ਉਨ੍ਹਾਂ ਨੂੰ ਮਰਨ ਤੋਂ ਬਾਅਦ ਭਲਾ ਕੀ ਮਿਲੇਗਾ।’ ਪੰਡਿਤ ਨੇ ਗੱਲ ਸਾਫ ਕਰ ਦਿੱਤੀ ਸੀ।
ਹਜ਼ੂਰ ਨੇ ਖੱਬੇ ਪਾਸੇ ਖਲ੍ਹੋਤੇ ਹੱਜੂ ਨੂੰ ਹੁਕਮ ਚਾੜ੍ਹਿਆ, ‘ਦੱਸ ਉਏ ਕੀ ਗੱਲ ਐ?’ ਹੁਕਮ ਸੁਣਦਿਆਂ ਹੀ ਉਸ ਨੇ ਮੂੰਹ ਖੋਲ੍ਹਿਆ, ‘ਉਹ ਹਰੀਆ ਹੈ ਨਾ, ਜੋ ਪਿਛਲੇ ਹਫਤੇ ਮਰਿਆ ਹੈ..ਅੱਜ ਅਖਬਾਰ ਵਿੱਚ ਉਸ ਦੀ ਫੋਟੋ ਛਪੀ ਹੈ..ਲਿਖਿਆ ਹੈ ‘ਸਵਰਗੀ ਹਰੀ ਰਾਮ’..।’
ਪੰਡਿਤ ਨੇ ਇਕ ਨਜ਼ਰ ਹਜ਼ੂਰ ‘ਤੇ ਸੁੱਟੀ ਤੇ ਮਾਮਲੇ ਦੀ ਨਬਜ਼ ਅਤੇ ਨਜ਼ਾਕਤ ਦਾ ਅੰਦਾਜ਼ਾ ਲਗਾਇਆ, ਫਿਰ ਬੋਲੇ, ‘ਲਿਖਣ ਨਾਲ ਕੀ ਹੁੰਦਾ ਹੈ, ਹਜ਼ੂਰ! ਨਾਂ ਅੱਗੇ ਥਾਣੇਦਾਰ ਲਿਖ ਦੇਣ ਨਾਲ ਥਾਣੇਦਾਰੀ ਮਿਲ ਤਾਂ ਨਹੀਂ ਜਾਂਦੀ।’
ਹਜ਼ੂਰ ਬੋਲੇ, ‘ਪਰ ਕੋਈ ਸਾਫ-ਸਾਫ ਨਿਯਮ ਹੋਣਾ ਹੀ ਚਾਹੀਦਾ ਹੈ ਕਿ ਕੌਣ ਸਵਰਗ ਜਾ ਸਕਦਾ ਹੈ ਤੇ ਕੌਣ ਨਹੀਂ। ਸਵਰਗ ਨਾ ਹੋਇਆ, ਜਨਤਾ ਚੌਕ ਹੋ ਗਿਆ ਕਿ ਜਿਸ ਦੀ ਮਰਜ਼ੀ ਹੋਈ ਮੂੰਹ ਚੁੱਕ ਕੇ ਤੁਰ ਪਿਆ। ਜਾਹ ਉਏ, ਉਸ ਹਰੀਏ ਦੇ ਮੁੰਡੇ ਨੂੰ ਬੁਲਾ ਕੇ ਲਿਆ..ਸਵਰਗਵਾਸੀ ਦੀ ਔਲਾਦ..।’
ਇਕ ਹੱਜੂ ਝੱਟ ਬਾਹਰ ਵੱਲ ਨਿਕਲ ਗਿਆ।
‘ਜਾਣ ਦਿਉ, ਹਜ਼ੂਰ, ਜ਼ਮਾਨਾ ਖਰਾਬ ਹੈ,’ ਪੰਡਿਤ ਨੇ ਹੌਲੀ ਦੇਣੇ ਸਮਝਾਇਆ।
‘ਜਾਣ ਕਿਵੇਂ ਦੇਈਏ!! ਅੱਜ ਇਕ ਸਵਰਗਵਾਸੀ ਹੋਇਆ ਹੈ, ਕੱਲ੍ਹ ਨੂੰ ਪੂਰਾ ਦਲਿਤ ਮੁਹੱਲਾ ਸਵਰਗ ਵਿੱਚ ਘੁੰਮਣ ਲੱਗੇਗਾ। ਇਕ ਵਾਰ ਆਦਤ ਵਿਗੜ ਗਈ ਤਾਂ ਸੰਭਾਲਣੀ ਔਖੀ ਹੋ ਜਾਵੇਗੀ। ਬਨੇਰੇ ਦਾ ਪਿੱਪਲ ਜਿੰਨੀ ਜਲਦੀ ਪੁੱਟ ਦੇਈਏ ਚੰਗਾ ਹੈ। ਅਸੀਂ ਲੋਕ ਤੁਹਾਡੇ ਤੋਂ ਜ਼ਮਾਨੇ ਭਰ ਦਾ ਕਰਮ ਕਾਂਡ ਆਪਣੇ ਪੁਰਖਿਆਂ ਦੀ ਸ਼ਾਂਤੀ ਲਈ ਐਵੇਂ ਨਹੀਂ ਕਰਵਾਉਂਦੇ। ਤੇ ਤੂੰ ਹੀ ਕਹਿਣ ਲੱਗ ਪਿਆ ਕਿ ਜਾਣ ਦਿਉ। ਤੁਸੀਂ ਇਨ੍ਹਾਂ ਲੋਕਾਂ ਨੂੰ ਇੰਨੀ ਤਮੀਜ਼ ਨਹੀਂ ਸਿਖਾ ਸਕੇ! ਸਵਰਗ ਵਿੱਚ ਇਹੋ ਘੁਸੀ ਜਾਣਗੇ ਤਾਂ ਅਸੀਂ ਕਿੱਥੇ ਜਾਵਾਂਗੇ? ਤੇ ਤੂੰ ਵੀ ਕਿੱਥੇ ਜਾਏਂਗਾ? ਹੈਂ?’
ਪੰਡਿਤ ਕੁਝ ਨਹੀਂ ਬੋਲਿਆ, ਬੋਲਦਾ ਵੀ ਕੀ? ਫਿਰ ਵੀ ਬੁੜਬੁੜਾਇਆ, ‘ਜਦੋਂ ਲੋਕ ਪੜ੍ਹ ਲਿਖ ਗਏ, ਸਾਡੀ ਕਿੱਥੇ ਸੁਣਦੇ ਹਨ, ਹਜ਼ੂਰ? ਪਹਿਲਾਂ ਇਨ੍ਹਾਂ ਦੇ ਅੱਖਰ ਗਿਆਨ ‘ਤੇ ਪਾਬੰਦੀ ਸੀ ਤਾਂ ਸਭ ਠੀਕ ਸੀ।’
‘ਪਹਿਲਾਂ ਵੀ ਕਦੇ ਗਏ ਸੀ ਇਹ ਲੋਕ..ਸਵਰਗ ‘ਚ?’
‘ਦਿੱਲੀ-ਯੂ ਪੀ ਦੇ ਵੱਡੇ ਨੇਤਾਵਾਂ ਦੇ ਨਾਵਾਂ ਅੱਗੇ ਵੀ ਸਰਵਗਵਾਸੀ ਲਿਖਿਆ ਹੁੰਦਾ ਹੈ।’ ਪੰਡਿਤ ਨੇ ਯਾਦ ਦਿਵਾਇਆ।
‘ਵੱਡੇ ਨੇਤਾ!! ਵੱਡੇ ਨੇਤਾ ਬਣਨ ਤੋਂ ਬਾਅਦ ਵੀ ਕਾਗਜ਼ਾਂ ‘ਚ ਉਹ ਦਲਿਤ ਹੀ ਰਹਿੰਦੇ ਹਨ। ਪਾਰਟੀ ਦਫਤਰ ਵਿੱਚ ਜਾ ਕੇ ਦੇਖ ਲੈਣਾ, ਉਨ੍ਹਾਂ ਦੇ ਰਜਿਸਟਰਾਂ ‘ਚ ਵੱਡੇ ਨੇਤਾ ਜਾਤ ਤੋਂ ਪਛਾਣੇ ਜਾਂਦੇ ਹਨ।’
‘ਕੁਝ ਦਲਿਤ ਸੰਤ ਵੰਤ ਵੀ ਗਏ ਹੋਣਗੇ, ਪਰ ਉਹ ਵੀ ਉਥੇ ਜਾ ਕੇ ਤੁਹਾਡੇ ਪੁਰਖਿਆਂ ਦੀ ਹਜਾਮਤ ਹੀ ਕਰਦੇ ਹੋਣਗੇ।’ ਪੰਡਿਤ ਨੇ ਗੰਭੀਰਤਾ ਥੋੜ੍ਹੀ ਘੱਟ ਕਰਨੀ ਚਾਹੀ।
‘ਤੁਸੀਂ ਤਾਂ ਕਹਿੰਦੇ ਸੀ ਕਿ ਸਵਰਗ ਵਿੱਚ ਕਿਸੇ ਦੀ ਦਾੜ੍ਹੀ ਨਹੀਂ ਵਧਦੀ, ਕਿਸੇ ਨੂੰ ਮਲ ਮੂਤਰ ਨਹੀਂ ਆਉਂਦਾ, ਕਿਸੇ ਨੂੰ ਨਹਾਉਣ ਧੋਣ ਦੀ ਜ਼ਰੂਰਤ ਨਹੀਂ ਪੈਂਦੀ, ਨਾ ਕੋਈ ਬਿਮਾਰ ਹੰਦਾ ਹੈ ਤੇ ਨਾ ਹੀ ਕੋਈ ਬੁੱਢਾ ਹੁੰਦਾ ਹੈ।’
‘ਸਹੀ ਹਜ਼ੂਰ, ਸਵਰਗ ਵਿੱਚ ਆਤਮਾਵਾਂ ਦੇਵਤਿਆਂ ਨਾਲ ਹੂਰਾਂ ਦਾ ਨਾਚ ਦੇਖਦਿਆਂ, ਸ਼ਰਾਬ ਨੋਸ਼ੀ ਕਰਦਿਆਂ ਪਈਆਂ ਰਹਿੰਦੀਆਂ ਹਨ, ਬੱਸ।’
‘ਪਈਆਂ ਰਹਿੰਦੀਆਂ ਹਨ ਦਾ ਕੀ ਮਤਲਬ?’
‘ਮਤਲਬ ਆਰਾਮ ਕਰਦੀਆਂ ਰਹਿੰਦੀਆਂ ਹਨ।’
ਹਰੀਆ ਦਾ ਮੁੰਡਾ, ਜੋ ਜਬਲਪੁਰ ਕਲੈਕਟੋਰੇਟ ਵਿੱਚ ਬਾਬੂ ਹੈ, ਹਜ਼ੂਰ ਦੇ ਸਾਹਮਣੇ ਹਾਜ਼ਰ ਹੋ ਕੇ ਪ੍ਰਣਾਮ ਕਰਦਾ ਹੈ।
‘ਕਿਉ ਉਏ, ਤੂੰ ਹੀ ਹਰੀਆ ਦਾ ਛੋਕਰਾ ਹੈਂ?’ ਹਜ਼ੂਰ ਨੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾਉਂਦਿਆਂ ਪੁੱਛਿਆ।
‘ਜੀ..।’
‘ਪੜ੍ਹਿਆ ਲਿਖਿਆ ਹੈਂ?’
‘ਜੀ..।’
‘ਨੌਕਰੀ ਕਰਦਾ ਹੈਂ?’
‘ਜੀ, ਜਬਲਪੁਰ ਕਲੈਕਟੋਰੇਟ ਵਿੱਚ ਬਾਬੂ ਹਾਂ।’
‘ਹੂੰ! ਕੁਲੈਕਟਰ ਨੇ ਪਰਵਾਨਾ ਲਿਖ ਕੇ ਦਿੱਤਾ ਸੀ ਕਿ ਹਰੀਆ ਸਵਰਗਵਾਸੀ ਹੋ ਗਿਆ ਹੈ?’ ਹਜ਼ੂਰ ਨੇ ਗੱਲ ਨੂੰ ਤੀਜੇ ਗੇਅਰ ਵਿੱਚ ਪਾਉਂਦਿਆਂ ਆਖਿਆ।
‘ਨਹੀਂ ਤਾਂ..ਉਹ ਕਾਫੀ ਦੇਰ ਤੋਂ ਬਿਮਾਰ ਸਨ, ਚੱਲ ਵਸੇ।’
‘ਚੱਲ ਵਸੇ ਤਾਂ ਠੀਕ ਹੈ, ਪਰ ਸਵਰਗਵਾਸੀ ਹੋ ਗਏ ਹਨ, ਇਹ ਤੈਨੂੰ ਕਿਸ ਨੇ ਆਖਿਆ?’
‘ਕਿਸੇ ਨੇ ਨ੍ਹੀਂ।’
‘ਫਿਰ? ਹਰੀਆ ਸਵਰਗਵਾਸੀ ਕਿਵੇਂ ਹੋ ਗਿਆ?’
‘ਜੋ ਵੀ ਮਰਦਾ ਹੈ ਉਸ ਨੂੰ ਸਵਰਗਵਾਸੀ ਕਹਿਣ ਦੀ ਪਰੰਪਰਾ ਹੈ।
‘ਪਰੰਪਰਾ!! ਕਿਉਂ ਬਈ ਪੰਡਿਤ ਜੀ, ਕੀ ਅਜਿਹੀ ਕੋਈ ਪਰੰਪਰਾ ਹੈ?’
‘ਨਹੀਂ ਹਜ਼ੂਰ।’
‘ਸੱਭਿਆ ਸਮਾਜ ਵਿੱਚ ਤਾਂ ਹੈ।’ ਹਰੀਆ ਦੇ ਮੁੰਡੇ ਨੇ ਆਖਿਆ।
‘ਅੱਛਾ, ਹੁਣ ਤੁਸੀਂ ਲੋਕ ਸੱਭਿਆ ਸਮਾਜ ਵਾਲੇ ਹੋ ਗਏ। ਕੁਰਸੀ ਮੰਗਵਾਵਾਂ ਤੇਰੇ ਬੈਠਣ ਲਈ? ਸਾਡੀ ਬਗਲ ਵਿੱਚ ਬੈਠ ਜਾਵੀਂ, ਸੱਭਿਆ ਹੋ ਨਾ! ਮੰਗਵਾਵਾਂ ਕੁਰਸੀ?’
‘ਤੁਹਾਡੇ ਬਰਾਬਰ ਕਿਵੇਂ ਬੈਠ ਸਕਦਾ ਹਾਂ, ਸਰ?
ਇੰਨਾ ਸਮਝਦਾ ਹੈਂ। ਜਦੋਂ ਸਾਡੇ ਪਿਉ ਦਾਦੇ ਸਵਰਗਵਾਸੀ ਹਨ ਤਾਂ ਤੇਰਾ ਬਾਪ ਸਵਰਗਵਾਸੀ ਕਿਵੇਂ ਹੋ ਗਿਆ? ਉਹ ਸਾਡੇ ਪੁਰਖਿਆਂ ਦੇ ਬਰਾਬਰ ਬੈਠੇਗਾ?’
‘ਸਵਰਗ ਤਾਂ ਬਹੁਤ ਵੱਡਾ ਹੁੰਦਾ ਹੈ, ਸਰ।’
‘ਅੱਛਾ! ਸਵਰਗ ਬਹੁਤ ਵੱਡਾ ਹੁੰਦਾ ਹੈ। ਤੂੰ ਦੇਖ ਕੇ ਆਇਆ ਹੈ! ਤੇ ਇਹ ‘ਸਰ’ ਕੀ ਹੈ ਉਏ? ਹੈਂ?’
‘ਆਪਣੇ ਨਾਲੋਂ ਵੱਡਿਆਂ ਨੂੰ ਸਰ ਕਹੀਦਾ ਹੈ।’
‘ਇਹ ਲੋਕ ਤਾਂ ਹਜ਼ੂਰ ਆਖਦੇ ਹਨ, ਸੁਣਿਆ ਨਹੀਂ ਤੂੰ?’
‘ਸੱਭਿਆ ਸਮਾਜ ਵਿੱਚ ‘ਸਰ’ ਬੋਲਦੇ ਹਨ, ਸਰ।’
‘ਤਦ ਤੂੰ ਇਕੱਲਾ ਹੀ ਸੱਭਿਆ ਹੈਂ ਤੇ ਇਥੇ ਬਾਕੀ ਸਭ ਅਸੱਭਿਆ ਹਨ। ਹੈ ਨਾ?’
ਜਿਵੇਂ ਹੁੰਦਾ ਰਹਿੰਦਾ ਹੈ, ਖੱਬੇ ਪਾਸੇ ਖਲੋ੍ਹਤਾ ਹੱਜੂ ਹਦਾਇਤੀ ਸੁਰ ਵਿੱਚ ਬੋਲਿਆ, ‘ਸੱਭਿਅਤਾ ਜਿਥੇ ਚੱਲਦੀ ਹੋਵੇਗੀ, ਉਥੇ ਚੱਲਦੀ ਹੋਵੇਗੀ। ਇਥੇ ਨਹੀਂ ਚੱਲੇਗੀ। ਸਮਝ ਗਿਆ? ਜਾਂ ਉਤਾਰੀਏ ਤੇਰੀ ਸੱਭਿਅਤਾ। ਉਏ, ਹਜ਼ੂਰ ਬੋਲਦਿਆਂ ਤੇਰੀ ਜ਼ੁਬਾਨ ਘਸਦੀ ਹੈ!’
‘ਇਹ ਤਾਂ ਦੱਸ ਕਿ ਸਵਰਗ ਵਿੱਚ ‘ਰਾਖਵਾਂਕਰਨ’ ਹੈ?’ ਦੂਜੇ ਹੱਜੂ ਨੇ ਪੁੱਛਿਆ।
‘ਪਤਾ ਨ੍ਹੀਂ।’
‘ਪਤਾ ਨਹੀਂ ਤਾਂ ਜਿਥੇ ਮਰਜ਼ੀ ਹੋਵੇ, ਉਥੇ ਵੜ ਜਾਉਗੇ? ਆਜ਼ਾਦੀ ਧਰਤੀ ‘ਤੇ ਮਿਲੀ ਹੈ ਤਾਂ ਕੀ ਸਵਰਗ ਵਿੱਚ ਵੀ ਲੈ ਲਵੋਗੇ? ਇਕ ਨਾਲ ਇਕ ਮੁਫਤ। ਹੈ ਨਾ?’ ਹਜ਼ੂਰ ਫੁੰਕਾਰਿਆ।
‘ਨਹੀਂ ਸਰ..ਹਜ਼ੂਰ।’
‘ਫਿਰ? ਹਰੀਆ ਸਵਰਗਵਾਸੀ ਕਿਵੇਂ ਹੋ ਗਿਆ?’
‘ਦਲਿਤਾਂ ਦਾ ਸਵਰਗ ਵੱਖਰਾ ਹੈ, ਹਜ਼ੂਰ।’
‘ਏਦਾਂ ਕਿਵੇਂ ਹੋ ਸਕਦਾ ਹੈ..ਤੇ ਫੇਰ ਦੇਵਤਿਆਂ ਦਾ ਵੀ ਧਰਮ ਹੁੰਦਾ ਹੈ। ਜਾਤ ਦਾ ਪਤਾ ਲੱਗਦਿਆਂ ਹੀ ਪ੍ਰਭੂ ਨੇ ਸ਼ੰਭੂਕ ਨੂੰ ਬਰਦਾਸ਼ਤ ਨਹੀਂ ਸੀ ਕੀਤਾ। ਪਤਾ ਹੈ ਜਾਂ ਨਹੀਂ?’
‘ਪਤਾ ਹੈ।’
‘ਫਿਰ?’
‘ਤੁਹਾਡੇ ਸਵਰਗ ਸੱਤਵੇਂ ਆਸਮਾਨ ‘ਤੇ ਹੈ ਤੇ ਦਲਿਤਾਂ ਦੇ ਉਸ ਨਾਲੋਂ ਬਹੁਤ ਦੂਰ ਬਾਰ੍ਹਵੇਂ ਆਸਮਾਨ ‘ਤੇ ਹੈ, ਹਜ਼ੂਰ।’
‘ਉਏ..। ਬਾਰ੍ਹਵਾਂ ਆਸਮਾਨ ਤੇਰੇ ਬਾਪ ਦਾ ਹੈ। ਜਿਥੇ ਮਰਜ਼ੀ ਹੋਵੇ, ਘੁਸਦੇ ਜਾ ਰਹੇ ਹੋ। ਯਾਦ ਰੱਖ ਉਏ ..ਅਸੀਂ ਸਭ ਕੁਝ ਬਰਦਾਸ਼ਤ ਕਰ ਸਕਦੇ ਹਾਂ, ਪਰ ਦੇਵੀ ਦੇਵਤਿਆਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ। ਖਬਰਦਾਰ ਜੇ ਕਦੇ ਆਪਣੇ ਬਾਪ ਨੂੰ ਵੀ ਸਵਰਗਵਾਸੀ ਕਿਹਾ ਤਾਂ..।’
‘ਨਹੀਂ ਕਹਿੰਦੇ ਸਰ।’
‘ਪਰ ਤੂੰ ਤਾਂ ਅਖਬਾਰ ਵਿੱਚ ਹੀ ਛਪਵਾ ਦਿੱਤਾ ਹੈ। ਉਸ ਦਾ ਕੀ ਕਰੀਏ?’
‘ਸੌਰੀ ਸਰ, ਹਜ਼ੂਰ।’
‘ਕੋਈ ਸੌਰੀ ਬੌਰੀ ਨ੍ਹੀਂ। ਫੜੋ ਉਏ ਇਹਨੂੰ..ਤੇ ਲਿਖ ਦਿਉ ਇਸ ਦੇ ਮੱਥੇ ‘ਤੇ..‘ਨਰਕਵਾਸੀ ਮੇਰਾ ਬਾਪ’ ਤਾਂ ਕਿ ਜਦੋਂ ਲੋਕ ਅਫਸੋਸ ਲਈ ਇਹਦੇ ਕੋਲ ਆਉਣ ਤਾਂ ਅਖਬਾਰ ਵਿੱਚ ਛਪਵਾਈ ਖਬਰ ਦਾ ਖੁਲਾਸਾ ਹੋ ਜਾਵੇ।’