ਨਤੀਜਾ ਹਾਲੇ ਨਿਕਲਿਆ ਨਹੀਂ ਤੇ ਚੌਟਾਲਾ ਸਾਹਿਬ ਪਾਸ ਵੀ ਹੋ ਗਏ!

om parakash chautala
ਨੋਇਡਾ, 19 ਮਈ (ਪੋਸਟ ਬਿਊਰੋ)- ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਐਨ ਆਈ ਓ ਐਸ (ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ) ਤੋਂ ਪਿਛਲੇ ਮਹੀਨੇ 12ਵੀਂ (ਸੀਨੀਅਰ ਸੈਕੰਡਰੀ) ਦੀ ਨਹੀਂ, ਬਲਕਿ 10ਵੀਂ (ਸੈਕੰਡਰੀ) ਦੀ ਪ੍ਰੀਖਿਆ ਦਿੱਤੀ ਸੀ। ਅਜੇ ਤੱਕ ਨਾ ਤਾਂ 12ਵੀਂ ਦਾ ਰਿਜਲਟ ਆਇਆ ਹੈ ਤੇ ਨਾ ਹੀ 10ਵੀਂ ਜਮਾਤ ਦਾ ਆਇਆ ਹੈ, ਪਰ ਚੌਟਾਲਾ ਪਰਵਾਰ ਦਾ ਦਾਅਵਾ ਹੈ ਕਿ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ 12ਵੀ ਪ੍ਰੀਖਿਆ ਏ ਗ੍ਰੇਡ ਨਾਲ ਪਾਸ ਕਰ ਲਈ ਹੈ।
82 ਸਾਲਾ ਓਮ ਪ੍ਰਕਾਸ਼ ਚੌਟਾਲਾ ਨੇ ਐਨ ਆਈ ਓ ਐਸ ਵਿੱਚ ਸੈਕੰਡਰੀ ਯਾਨੀ 10ਵੀਂ ਵਿੱਚ ਰਜਿਸਟਰੇਸ਼ਨ ਕਰਵਾਈ ਸੀ। ਉਨ੍ਹਾਂ ਨੇ ਪੰਜ ਸਬਜੈਕਟ ਲਏ ਸਨ, ਜਿਨ੍ਹਾਂ ਵਿੱਚ ਸੋਸ਼ਲ ਸਾਇੰਸ, ਸਾਇੰਸ ਐਂਡ ਟੈਕਨਾਲੋਜੀ, ਹਿੰਦੀ, ਇੰਡੀਅਨ ਕਲਚਰ ਐਂਡ ਹੈਰੀਟੇਜ ਤੇ ਬਿਜ਼ਨਸ ਸਟੱਡੀਜ਼ ਸ਼ਾਮਲ ਹਨ। ਐਨ ਆਈ ਓ ਐਸ ਦੀ 10ਵੀਂ ਦੀ ਪ੍ਰੀਖਿਆ ਛੇ ਅਪ੍ਰੈਲ ਤੋਂ ਸ਼ੁਰੂ ਹੋਈ ਅਤੇ 24 ਅਪ੍ਰੈਲ ਨੂੰ ਸਮਾਪਤ ਹੋਈ। ਚੌਟਾਲਾ ਨੇ ਤਿਹਾੜ ਜੇਲ ਦੇ ਸਟੱਡੀ ਸੈਂਟਰ, ਸੈਂਟਰਲ ਜੇਲ ਨੰਬਰ ਦੋ ਵਿੱਚ ਸਾਰੀਆਂ ਪ੍ਰੀਖਿਆਵਾਂ ਦਿੱਤੀਆਂ। ਅਜੇ ਉਨ੍ਹਾਂ ਦਾ ਰਿਜਲਟ ਨਹੀਂ ਆਇਆ। ਐਨ ਆਈ ਓ ਐਸ ਦੇ ਉਚ ਅਧਿਕਾਰੀਆਂ ਦੇ ਦੱਸਣ ਅਨੁਸਾਰ ਅਜੇ ਰਿਜਲਟ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ। 12ਵੀਂ ਜਮਾਤ ਦਾ ਰਿਜਲਟ 31 ਮਈ ਨੂੰ ਜਾਰੀ ਕੀਤਾ ਜਾਵੇਗਾ ਅਤੇ 10ਵੀਂ ਦਾ ਰਿਜਲਟ ਜੂਨ ਦੇ ਪਹਿਲੇ ਹਫਤੇ ਆਉਣ ਦੀ ਆਸ ਹੈ।
ਇਸ ਹਾਲਤ ਵਿੱਚ ਰਿਜਲਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਓਮ ਪ੍ਰਕਾਸ਼ ਚੌਟਾਲਾ 10ਵੀਂ ਪਾਸ ਹੋ ਵੀ ਸਕੇ ਹਨ ਜਾਂ ਨਹੀਂ। ਇਸ ਦੇ ਉਲਟ ਚੌਟਾਲਾ ਦੇ ਇਕ ਪਰਵਾਰਕ ਮੈਂਬਰ ਨੇ ਪਿਛਲੇ ਦਿਨੀਂ ਦਾਅਵਾ ਕਰ ਦਿੱਤਾ ਕਿ ਓਮ ਪ੍ਰਕਾਸ਼ ਚੌਟਾਲਾ ਨੇ 12ਵੀਂ ਦੀ ਪ੍ਰੀਖਿਆ ਏ ਗ੍ਰੇਡ ਨਾਲ ਪਾਸ ਕਰ ਲਈ ਹੈ ਤੇ ਹੁਣ ਜੇਲ ਵਿੱਚੋਂ ਗੈ੍ਰਜੂਏਸ਼ਨ ਦੀ ਪੜ੍ਹਾਈ ਪੂਰੀ ਕਰਨਗੇ। ਇਸ ਲਈ ਜ਼ਰੂਰੀ ਕਿਤਾਬਾਂ ਵੀ ਜੇਲ ਪਹੁੰਚਾ ਦਿੱਤੀਆਂ ਗਈਆਂ ਹਨ।