ਨਜ਼ਰਬੰਦੀ ਖਤਮ ਹੁੰਦੇ ਸਾਰ ਹਾਫਿਜ਼ ਸਈਦ ਨੇ ਭਾਰਤ ਵਿਰੁੱਧ ਜ਼ਹਿਰ ਉਗਲਿਆ


ਇਸਾਲਾਮਾਬਾਦ, 23 ਨਵੰਬਰ, (ਪੋਸਟ ਬਿਊਰੋ)- ਮੁੰਬਈ ਵਿੱਚ ਸਾਲ 2008 ਵਿੱਚ ਹੋਏ ਹਮਲਿਆਂ ਦੇ ਮੁੱਖ ਸਾਜਿਸ਼ ਕਰਤਾ ਹਾਫਿਜ਼ ਸਈਦ ਨੂੰ ਪਾਕਿਸਤਾਨ ਸਰਕਾਰ ਵੱਲੋਂ ਹੋਰ ਕਿਸੇ ਕੇਸ ਵਿੱਚ ਨਜ਼ਰਬੰਦ ਨਾ ਕਰਨ ਦੇ ਫ਼ੈਸਲੇ ਤੋਂ ਬਾਅਦ ਦੇਰ ਰਾਤ ਉਸ ਨੂੰ ਆਜ਼ਾਦ ਕਰ ਦਿੱਤਾ ਗਿਆ। ਆਪਣੇ ਘਰ ਵਿਚ ਨਜ਼ਰਬੰਦੀ ਤੋਂ ਰਿਹਾਈ ਪਿੱਛੋਂ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੇ ਭਾਰਤ ਦੇ ਖਿਲਾਫ਼ ਜ਼ਹਿਰ ਉਗਲੱਛਦੇ ਹੋਏ ਕਸ਼ਮੀਰ ਦੀ ਅਖੌਤੀ ਆਜ਼ਾਦੀ ਲਈ ਕੰਮ ਕਰਨ ਦਾ ਐਲਾਨ ਦੁਹਰਾਇਆ। ਦੇਰ ਰਾਤ ਉਸ ਦੀ ਰਿਹਾਈ ਸਮੇਂ ਜਮਾਤ ਉਦ-ਦਾਵਾ ਦੇ ਵੱਡੀ ਗਿਣਤੀ ਕਾਰਕੁਨ ਲਾਹੌਰ ਦੇ ਜੌਹਰ ਟਾਊਨ ਵਿਚ ਉਸ ਦੀ ਰਿਹਾਇਸ਼ ਦੇ ਸਾਹਮਣੇ ਇਕੱਠੇ ਹੋ ਗਏ ਸਨ।
ਜਮਾਤ-ਉਦ-ਦਾਵਾ ਦੇ ਬੁਲਾਰੇ ਅਹਿਮਦ ਨਾਦੀਮ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਹਾਫਿਜ਼ ਸਈਦ ਨੂੰ ਹੁਣ ਕਿਸੇ ਹੋਰ ਮਾਮਲੇ ਵਿੱਚ ਗ੍ਰਿਫ਼ਤਾਰ ਨਹੀਂ ਕੀਤਾ ਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ, ਅਸੀਂ ਆਪਣੇ ਆਗੂ ਦੀ ਰਿਹਾਈ ਤੋਂ ਬਹੁਤ ਖੁਸ਼ ਹਾਂ। ਇਸ ਮੌਕੇ ਹਾਫਿਜ਼ ਸਈਦ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ। ਉੱਚ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹਾਫਿਜ਼ ਸਈਦ ਨੂੰ ਹੋਰ ਕਿਸੇ ਕੇਸ ਵਿੱਚ ਨਜ਼ਰਬੰਦ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਹਾਫਿਜ਼ ਸਈਦ ਨੂੰ ਛੱਡਣ ਦਾ ਭਾਰਤ ਤੇ ਅਮਰੀਕਾ ਵੱਲੋਂ ਸਖ਼ਤ ਪ੍ਰਤੀਕਰਮ ਮਿਲੇਗਾ। ਵਰਨਣ ਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ ਕਈ ਸਾਲ ਸ਼ਰੇਆਮ ਘੁੰਮਣ ਫਿਰਨ ਦੀ ਖੁੱਲ੍ਹ ਦੇਣ ਪਿੱਛੋਂ ਸਈਦ ਨੂੰ ਇਸ ਸਾਲ ਜਨਵਰੀ ਵਿੱਚ ਉਸ ਨੂੰ ਉਸ ਦੇ ਘਰ ਹੀ ਨਜ਼ਰਬੰਦ ਕਰ ਦਿੱਤਾ ਸੀ। ਹਾਫਿਜ਼ ਸਈਦ ਨੇ ਮੁੰਬਈ ਹਮਲਿਆਂ ਵਿਚ ਆਪਣੀ ਭੂਮਿਕਾ ਦਾ ਵਾਰ-ਵਾਰ ਖੰਡਨ ਕੀਤਾ ਹੈ। ਉਨ੍ਹਾਂ ਹਮਲਿਆਂ ਵਿਚ 166 ਵਿਅਕਤੀ ਮਾਰੇ ਗਏ ਸਨ। ਇਕ ਵੀਡੀਓ ਸੰਦੇਸ਼ ਵਿਚ ਹਾਫਿਜ਼ ਸਈਦ ਨੇ ਕਿਹਾ ਹੈ ਕਿ ਉਹ ਕਸ਼ਮੀਰ ਦੀ ਆਜ਼ਾਦੀ ਲਈ ਲੜ ਰਿਹਾ ਹੈ ਤੇ ਉਹ ਕਸ਼ਮੀਰ ਦੀ ਆਜ਼ਾਦੀ ਲਈ ਰੱਬ ਅੱਗੇ ਦੁਆ ਕਰਦਾ ਹੈ।