ਨਗਰ ਨਿਗਮ ਜਲੰਧਰ: ਏ ਡੀ ਐਫ ਓ ਸਮੇਤ 9 ਅਫਸਰਾਂ ਦੀ ਸਸਪੈਂਸ਼ਨ ਦੇ ਹੁਕਮ ਜਾਰੀ


ਜਲੰਧਰ, 30 ਜੂਨ (ਪੋਸਟ ਬਿਊਰੋ)- ਫਾਇਰ ਬ੍ਰਿਗੇਡ ਦੇ ਏ ਡੀ ਐਫ ਓ ਸਮੇਤ ਜਲੰਧਰ ਨਗਰ ਨਿਗਮ ਦੇ 9 ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਸਸਪੈਂਸ਼ਨ ਦੇ ਹੁਕਮ ਕੱਲ੍ਹ ਜਲੰਧਰ ਨਗਰ ਨਿਗਮ ਪੁੱਜ ਗਏ ਹਨ। ਜਿਨ੍ਹਾਂ ਅਫਸਰਾਂ ਦੀ ਸਸਪੈਂਸ਼ਨ ਕੀਤੀ ਗਈ ਹੈ, ਉਨ੍ਹਾਂ ‘ਚ ਫਾਇਰ ਬ੍ਰਿਗੇਡ ਦੇ ਸਹਾਇਕ ਜ਼ਿਲਾ ਫਾਇਰ ਅਫਸਰ (ਏ ਡੀ ਐਫ ਓ) ਕੇ ਐਲ ਕੱਕੜ ਅਤੇ ਅੱਠ ਬਿਲਡਿੰਗ ਬਰਾਂਚ ਦੇ ਅਧਿਕਾਰੀ ਸ਼ਾਮਲ ਹਨ। ਬਿਲਡਿੰਗ ਅਧਿਕਾਰੀਆਂ ਵਿੱਚ ਦੋ ਸੀਨੀਅਰ ਟਾਊਨ ਪਲੈਨਰ (ਐਸ ਟੀ ਪੀ) ਮੋਨਿਕਾ ਆਨੰਦ ਅਤੇ ਪਰਮਪਾਲ ਸਿੰਘ, ਮਿਉਂਸੀਪਲ ਟਾਊਨ ਪਲੈਨਰ (ਐਮ ਟੀ ਪੀ) ਮਿਹਰਬਾਨ ਸਿੰਘ, ਤਿੰਨ ਸਹਾਇਕ ਟਾਊਨ ਪਲੈਨਰ (ਏ ਟੀ ਪੀ) ਬਾਂਕੇ ਬਿਹਾਰੀ, ਨਰੇਸ਼ ਕੁਮਾਰ ਮਹਿਤਾ ਅਤੇ ਬਲਵਿੰਦਰ ਸਿੰਘ, ਦੋ ਇੰਸਪੈਕਟਰ ਅਰੁਣ ਖੰਨਾ ਅਤੇ ਵਰਿੰਦਰ ਕੌਰ ਦੇ ਨਾਮ ਸ਼ਾਮਲ ਹਨ।
ਵਰਨਣ ਯੋਗ ਹੈ ਕਿ ਬੀਤੀ 14 ਜੂਨ ਨੂੰ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਹਿਰ ਵਿੱਚ ਉਸਾਰੀਆਂ ਗਈਆਂ ਨਜਾਇਜ਼ ਵਪਾਰਕ ਇਮਾਰਤਾਂ ਤੇ ਨਾਜਾਇਜ਼ ਕਾਲੋਨੀਆਂ ਸਮੇਤ ਦੋ ਦਰਜਨ ਤੋਂ ਵੱਧ ਮੌਕੇ ਵਿਧਾਇਕ ਪ੍ਰਗਟ ਸਿੰਘ ਦੇ ਨਾਲ ਦੇਖੇ ਸਨ ਤੇ ਫਿਰ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਸੱਦ ਕੇ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਉਕਤ ਅੱਠ ਅਫਸਰਾਂ ਉੱਤੇ ਭਿ੍ਰਸ਼ਟਾਚਾਰ ਦੇ ਦੋਸ਼ ਲਾ ਕੇ ਸਸਪੈਂਸ਼ਨ ਦੇ ਜੁਬਾਨੀ ਹੁਕਮ ਜਾਰੀ ਕੀਤੇ ਸਨ। ਉਨ੍ਹਾਂ ਨੇ ਉਕਤ ਨਾਜਾਇਜ਼ ਵਪਾਰਕ ਇਮਾਰਤਾਂ ਅਤੇ ਕਾਲੋਨੀਆਂ ਦਾ ਰਿਕਾਰਡ ਅਧਿਕਾਰੀਆਂ ਕੋਲੋਂ ਤਲਬ ਕੀਤਾ ਸੀ, ਜਿਸ ਦੀ ਜਾਂਚ ਦੇ ਦੋ ਹਫਤੇ ਬਾਅਦ ਕੱਲ੍ਹ ਉਕਤ ਅਫਸਰਾਂ ਦੇ ਸਸਪੈਂਸ਼ਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਲੋਕਲ ਬਾਡੀਜ਼ ਮੰਤਰੀ ਨੇ ਬੀਤੀ 14 ਜੂਨ ਨੂੰ ਬਿਲਡਿੰਗ ਬਰਾਂਚ ਦੇ ਜਿਨ੍ਹਾਂ ਅੱਠ ਅਫਸਰਾਂ ਨੂੰ ਸਸਪੈਂਡ ਕੀਤਾ ਸੀ, ਉਨ੍ਹਾਂ ਵਿੱਚੋਂ ਤਿੰਨ ਇੰਸਪੈਕਟਰਾਂ ਨੂੰ ਕਲੀਨ ਚਿੱਟ ਦੇ ਕੇ ਕੱਢ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਅਜੀਤ ਸ਼ਰਮਾ, ਨੀਰਜ ਸ਼ਰਮਾ ਅਤੇ ਪੂਜਾ ਮਾਨ ਦੇ ਨਾਂ ਹਨ। ਇਸ ਤੋਂ ਇਲਾਵਾ ਏ ਡੀ ਐਫ ਓ, ਕੇ ਐਲ ਕੱਕੜ ਨੂੰ ਸਸਪੈਂਡ ਕੀਤਾ ਗਿਆ ਹੈ, ਉਸ ਉੱਤੇ ਦੋਸ਼ ਹੈ ਕਿ ਉਸ ਨੇ ਡਿਊਟੀ ਵਿੱਚ ਕੋਤਾਹੀ ਕੀਤੀ ਅਤੇ ਉਸਾਰੀਆਂ ਗਈਆਂ ਨਾਜਾਇਜ਼ ਇਮਾਰਤਾਂ ‘ਚ ਅੱਗ ਲੱਗਣ ਦੌਰਾਨ ਸੁਰੱਖਿਆ ਦੇ ਪ੍ਰਬੰਧ ਨਹੀਂ ਦੇਖੇ ਤੇ ਨਾ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਕੀਤਾ। ਇਨ੍ਹਾਂ ਨੌਂ ਅਫਸਰਾਂ ਦੀ ਸਸਪੈਂਸ਼ਨ ਦੇ ਬਾਅਦ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦਾ ਕੰਮ ਠੱਪ ਹੋ ਕੇ ਰਹਿ ਜਾਵੇਗਾ ਤੇ ਨਕਸ਼ੇ ਪਾਸ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ।