ਨਗਰ ਕੌਂਸਲ ਦੇ ਅਕਾਲੀ ਪ੍ਰਧਾਨ ਉੱਤੇ ਛੇੜਛਾੜ ਦਾ ਕੇਸ ਦਰਜ


ਫਤਿਹਗੜ੍ਹ ਚੂੜੀਆਂ, 11 ਮਈ (ਪੋਸਟ ਬਿਊਰੋ)- ਫਤਿਹਗੜ੍ਹ ਚੂੜੀਆਂ ਨਗਰ ਕੌਂਸਲ ਦੇ ਅਕਾਲੀ ਪ੍ਰਧਾਨ ਬਲਜੀਤ ਸਿੰਘ ਦੇ ਖਿਲਾਫ ਇੱਕ ਔਰਤ ਦੇ ਘਰ ਵੜ ਕੇ ਛੇੜਛਾੜ ਕਰਨ ਦਾ ਮਾਮਲਾ ਕੇਸ ਨੇ ਦਰਜ ਕੀਤਾ ਹੈ।
ਜਾਣਕਾਰ ਸੂਤਰਾਂ ਅਨੁਸਾਰ ਕਈ ਦਿਨਾਂ ਤੱਕ ਇਸ ਕੇਸ ਬਾਰੇ ਸਿਆਸੀ ਦਬਾਅ ਬਣਿਆ ਰਿਹਾ। ਫਿਰ ਪੁਲਸ ਨੇ ਕਰੀਬ ਦੋ ਮਹੀਨੇ ਬਾਅਦ ਪਰਚਾ ਦਰਜ ਕੀਤਾ ਹੈ। ਫਤਿਹਗੜ੍ਹ ਚੂੜੀਆਂ ਦੇ ਐੱਸ ਐੱਚ ਓ ਹਰਜੀਤ ਸਿੰਘ ਨੇ ਦੱਸਿਆ ਕਿ ਸਥਾਨਕ ਖਾਲਸਾ ਕਲੋਨੀ ਰੇਲਵੇ ਰੋਡ ਦੀ ਮਹਿਲਾ ਨੇ 10 ਮਾਰਚ 2018 ਨੂੰ ਰਵਿੰਦਰ ਕੁਮਾਰ ਸ਼ਰਮਾ ਡੀ ਐਸ ਪੀ ਫਤਿਹਗੜ੍ਹ ਚੂੜੀਆਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਬਲਜੀਤ ਸਿੰਘ ਵਾਸੀ ਵਾਰਡ ਨੰਬਰ ਛੇ ਖਾਲਸਾ ਕਲੋਨੀ ਫਤਿਹਗੜ੍ਹ ਚੂੜੀਆਂ, ਜੋ ਅਕਾਲੀ ਦਲ ਦਾ ਆਗੂ ਅਤੇ ਇਸ ਸ਼ਹਿਰ ਦੀ ਨਗਰ ਕੌਂਸਲ ਦਾ ਪ੍ਰਧਾਨ ਹੈ, ਉਸ ਦੇ ਘਰ ਆਇਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ। ਰੌਲਾ ਪਾਉਣ ਉਤੇ ਉਹ ਦੌੜ ਗਿਆ। ਉਸ ਦੇ ਦੌੜਨ ਦੇ ਬਾਅਦ ਉਸ ਨੇ ਘਰ ਦਿਆਂ ਨੂੰ ਦੱਸਿਆ। ਸ਼ਿਕਾਇਤ ਮਿਲਣ ਉਤੇ ਡੀ ਐੱਸ ਪੀ ਨੇ ਮਾਮਲੇ ਦੀ ਜਾਂਚ ਕੀਤੀ।
ਅਕਾਲੀ ਦਲ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਇਸ ਨੂੰ ਰਾਜਨੀਤਕ ਰੰਜਿਸ਼ ਦੱਸਦੇ ਹੋਏ ਕਿਹਾ ਕਿ ਇਹ ਅਕਾਲੀਆਂ ਦੇ ਖਿਲਾਫ ਕਾਂਗਰਸ ਦੀ ਧੱਕੇਸ਼ਾਹੀ ਹੈ। ਕਾਂਗਰਸ ਵਿਧਾਇਕ ਅਤੇ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਕੇਸ ਨਾਲ ਕਾਂਗਰਸ ਦਾ ਕੋਈ ਲੈਣ-ਦੇਣਾ ਨਹੀਂ ਹੈ।