ਨਗਰ ਕੀਰਤਨ ਵਿੱਚ ਪ੍ਰਧਾਨ ਮੰਤਰੀ ਨੇ ਭਰੀ ਹਾਜ਼ਰੀ

321IMG_8818 IMG_8882 IMG_8895 IMG_8901 IMG_8908 IMG_8912

ਟੋਰਾਂਟੋ: ਖਾਲਸੇ ਦੇ 250ਵੇਂ ਜਨਮ ਦਿਹਾੜੇ ਨੂੰ ਸਮ੍ਰਪਿਤ 39ਵੇਂ ਸਾਲਾਨਾ ਖਾਲਸਾ ਦਿਵਸ ਸਮਾਗਮ ਦੇ ਅੰਤਰਗਤ ਉਂਟੇਰੀਓ ਸਿੱਖਜ਼ ਅਤੇ ਗੁਰਦੁਆਰਾਜ਼ ਕਾਉਂਸਲ ਵੱਲੋਂ ਆਯੋਜਿਤ ਨਗਰ ਕੀਰਤਨ ਸੰਗਤਾਂ ਦੇ ਠਾਠਾਂ ਮਾਰਦੇ ਜੋਸ਼ ਸਦਕਾ ਇਤਿਹਾਸਕ ਹੋ ਨਿੱਬੜਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੰਖੇਪ ਹਾਜ਼ਰੀ, ਉਂਟੇਰੀਓ ਪਾਰਲੀਮੈਂਟ ਵਿੱਚ 1984 ਜੈਨੋਸਾਈਡ ਦਾ ਸਮਰੱਥਕ ਕਰਨ ਵਾਲੇ ਐਮ ਪੀ ਪੀਆਂ ਦਾ ਸਨਮਾਨ ਅਤੇ ਵਿਰੋਧ ਕਰਨ ਵਾਲਿਆਂ ਨੂੰ ਸਟੇਜ ਤੋਂ ਲਾਭੇ ਰੱਖਣਾ, ਟਰੈਫਿਕ ਕਾਰਣ ਸੰਗਤਾਂ ਨੂੰ ਹੋਈ ਪਰੇਸ਼ਾਨੀ ਅਤੇ ਗੁਰਦੁਆਰਾਜ਼ ਕਾਉਂਸਲ ਵੱਲੋਂ ਉਂਟੇਰੀਓ ਵਿੱਚ ਰੁਜ਼ਗਾਰ ਦੇ ਸਾਰੇ ਸਥਾਨਾਂ ਉੱਤੇ ਹੈਲਮਟ ਦੀ ਛੋਟ ਅਤੇ ਦਸਤਾਰ ਪਹਿਨ ਕੇ ਮੋਟਰ ਸਾਈਕਲ ਚਲਾਉਣ ਦੀ ਮੰਗ 2017 ਨਗਰ ਕੀਰਤਨ ਦੀਆਂ ਮੁੱਖ ਗੱਲਾਂ ਰਹੀਆਂ।

ਨਗਰ ਕੀਰਤਨ ਸਮਾਰੋਹ ਦਾ ਆਰੰਭ ਬੈਟਰ ਲਿਵਿੰਗ ਸੈਂਟਰ ਵਿਖੇ ਹੋਇਆ ਜਿੱਥੇ ਸ਼ੁਰੂਆਤੀ ਪਲਾਂ ਦੌਰਾਨ ਸੰਗਤ ਦੀ ਨਫ਼ਰੀ ਪਿਛਲੇ ਸਾਲਾਂ ਨਾਲੋਂ ਘੱਟ ਸੀ ਲੇਕਿਨ ਜਿਉਂ ਜਿਉਂ ਸਮਾਂ ਬੀਤਦਾ ਗਿਆ, ਸੰਗਤਾਂ ਦਾ ਇੱਕਤਰ ਹੋਣਾ ਤੇਜ ਹੁੰਦਾ ਗਿਆ। ਇੱਥੇ ਸਜਾਈ ਗਈ ਸਟੇਜ ਤੋਂ ਪੀਲ ਰੀਜਨਲ ਪੁਲੀਸ ਬੋਰਡ ਦੇ ਚੇਅਰਮੈਨ ਅਮਰੀਕ ਸਿੰਘ ਆਹਲੂਵਾਲੀਆ, ਡਾਕਟਰ ਵਿਕਰਮ ਸਿੰਘ ਨੱਨੜ, ਮੈਰਾਥਨ ਦੌੜਨ ਵਾਲੇ ਗੁਰਚਰਨ ਸਿੰਘ, ਸਿੱਖ ਆਗੂ ਭਗਵਾਨ ਸਿੰਘ ਜੌਹਲ ਅਤੇ ਓ ਪੀ ਪੀ ਦੇ ਅਫ਼ਸਰਾਂ ਦਾ ਸਨਮਾਨ ਕੀਤਾ ਗਿਆ।

ਬੈਟਰ ਲਿਵਿੰਗ ਸੈਂਟਰ ਵਿਖੇ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਨਗਰ ਕੀਰਤਨ ਨੇ ਨੇਥਨ ਫਿਲਿਪ ਸਕੁਐਰ ਵੱਲ ਚਾਲੇ ਪਾਏ ਜਿੱਥੇ ਪੁੱਜਣ ਉੱਤੇ ਚਾਰੇ ਪਾਸੇ ਸਿੱਖ ਹੀ ਸਿੱਖ ਨਜ਼ਰ ਆ ਰਹੇ ਸਨ। ਨਗਰ ਕੀਰਤਨ ਵਿੱਚ ਸਿੱਖ ਹੈਰੀਟੇਜ ਨੂੰ ਦਰਸਾਉਂਦੀਆਂ ਵੱਖ 2 ਫਲੋਟਾਂ ਸਕੂਲੀ ਬੈਂਡ ਆਦਿ ਪਿਛਲੇ ਸਾਲਾਂ ਵਾਗੂੰ ਹੀ ਸ਼ਾਮਲ ਸਨ। ਵਾਤਾਵਰਣ ਵਿੱਚ ਬੇਮੌਸਮੀ ਠੰਡ ਹੋਣ ਦੇ ਬਾਵਜੂਦ ਸੰਗਤ ਨੇ ਪੁਰਜ਼ੋਰ ਜੋਸ਼ ਨਾਲ ਹਿੱਸਾ ਲਿਆ।

ਨੇਥਨ ਫਿਲਿਪ ਸਕੁਐਰ ਵਿਖੇ ਪੁੱਜਣ ਉੱਤੇ ਵੱਖ ਵੱਖ ਧਾਰਮਿਕ ਅਤੇ ਸਿਆਸੀ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਭਾਰਤ ਦੇ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਨਵੰਬਰ1984 ਵਿੱਚ ਹੋਏ ਸਿੱਖ ਕਤਲੇਆਮ ਨੂੰ ਜੈਨੋਸਾਈਡ ਕਰਾਰ ਦੇਣ ਲਈ ਉਂਟੇਰੀਓ ਪਾਰਲੀਮੈਂਟ ਵਿੱਚ ਮੋਸ਼ਨ ਪੇਸ਼ ਕਰਨ ਵਾਲੀ ਐਮ ਪੀ ਪੀ ਹਰਿੰਦਰ ਮੱਲ੍ਹੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੋਸ਼ਨ ਨੂੰ ਤਿੰਨੇ ਸਿਆਸੀ ਪਾਰਟੀਆਂ ਲਿਬਰਲ, ਕੰਜ਼ਰਵੇਟਿਵ ਅਤੇ ਐਨ ਡੀ ਪੀ ਵੱਲੋਂ ਸਮਰੱਥਨ ਦਿੱਤੇ ਜਾਣ ਲਈ ਸਾਰੇ ਐਮ ਪੀ ਪੀਆਂ ਦਾ ਧੰਨਵਾਦ ਕੀਤਾ ਗਿਆ। 1984 ਨੂੰ ਜੈਨੋਸਾਈਡ ਕਰਾਰ ਕਰਵਾਉਣ ਲਈ ਪਾਏ ਗਏ ਯੋਗਦਾਨ ਲਈ ਐਨ ਡੀ ਪੀ ਦੇ ਐਮ ਪੀ ਪੀ ਜਗਮੀਤ ਸਿੰਘ ਵੀ ਧੰਨਵਾਦ ਕੀਤਾ ਗਿਆ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਹੁਤ ਹੀ ਘੱਟ ਸਮੇਂ ਲਈ ਪੁੱਜੇ। ਪਹਿਲਾਂ ਇਹ ਪ੍ਰਭਾਵ ਮਿਲਿਆ ਕਿ ਸਮੇਂ ਦੀ ਘਾਟ ਕਾਰਣ ਉਹ ਤਕਰੀਰ ਨਹੀਂ ਕਰਨਗੇ ਲੇਕਿਨ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਉਹਨਾਂ ਇੱਕ ਕੁ ਮਿੰਟ ਲਈ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕੀਤਾ। ਲੰਗਰ ਦੀ ਤਾਰੀਫ ਕਰਦੇ ਹੋਏ ਅਤੇ ਖਾਲਸਾ ਦਿਵਸ ਦੀਆਂ ਮੁਬਾਰਕਾਂ ਦੇਂਦੇ ਹੋਏ ਸ੍ਰੀ ਟਰੂਡੋ ਨੇ ਕਿਹਾ ਕਿ ਕੈਨੇਡਾ ਦੀ ਮਜ਼ਬੂਤੀ ਸਾਡੀ ਵਿਭਿੰਨਤਾ ਕਾਰਣ ਹੈ। ਉਹਨਾਂ ਕਿਹਾ ਕਿ ਅੱਜ ਦੇ ਜਸ਼ਨਾਂ ਵਿੱਚ ਸ਼ਾਮਲ ਹੋ ਕੇ ਉਹ ਮਾਣਮੱਤਾ ਮਹਿਸੂਸ ਕਰਦੇ ਹਨ। ਬਾਅਦ ਵਿੱਚ ਫੈਡਰਲ ਮੰਤਰੀ ਨਵਦੀਪ ਸਿੰਘ ਬੈਂਸ ਨੇ ਪ੍ਰਧਾਨ ਮੰਤਰੀ ਦਾ ਸੰਦੇਸ਼ ਸਟੇਜ ਤੋਂ ਪੜ ਕੇ ਸੁਣਾਇਆ।

ਕੰਜ਼ਰਵੇਟਿਵ ਪਾਰਟੀ ਦੀ ਆਗੂ ਰੋਨਾ ਐਂਬਰੋਜ਼ ਮੈਂਬਰ ਪਾਰਲੀਮੈਂਟ ਬੌਬ ਸਰੋਆ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਬੱਲ ਗੋਸਲ ਨਾਲ ਸੰਗਤਾਂ ਦੇ ਦਰਸ਼ਨ ਕਰਨ ਲਈ ਪੁੱਜੀ ਹੋਈ ਸੀ। ਰੋਨਾ ਐਂਬਰੋਜ਼ ਨੇ ਸਟੇਜ ਤੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖੀ ਵਿੱਚ ਇਨਸਾਫ, ਅਮਨ ਅਤੇ ਸੇਵਾ ਦੇ ਅਜਿਹੇ ਸਿਧਾਂਤ ਹਨ ਜੋ ਸਿਰਫ਼ ਸਿੱਖਾਂ ਉੱਤੇ ਹੀ ਲਾਗੂ ਨਹੀਂ ਸਗੋਂ ਸਮੂਹ ਕੈਨੇਡੀਅਨਾਂ ਲਈ ਇਹ ਕਦਰਾਂ ਕੀਮਤਾਂ ਬਹੁਤ ਬੇਸ਼ਕੀਮਤੀ ਹਨ। ਬੀਬੀ ਐਂਬਰੋਜ਼ ਨੇ ਦੱਸਿਆ ਕਿ ਉਸਨੇ ਖੁਦ ਓਟਾਵਾ ਵਿਖੇ ਆਪਣੇ ਘਰ ਵਿਸਾਖੀ ਦਾ ਜਸ਼ਨ ਮਨਾਇਆ ਜਿਸ ਤਹਿਤ ਬਹੁਤ ਸਾਰੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਉਸਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਕੰਜ਼ਰਵੇਟਿਵ ਪਾਰਟੀ ਦਾ ਸਾਥ ਦਿੱਤਾ ਜਾਵੇ ਕਿਉਂਕਿ ਕੰਜ਼ਰਵੇਟਿਵ ਪਾਰਟੀ ਵਿੱਚ ਸਿੱਖਾਂ ਨੂੰ ਹਮੇਸ਼ਾ ਹੀ ਇੱਕ ਦੋਸਤਾਨਾ ਮਾਹੌਲ ਮਹਿਸੂਸ ਕਰਨ ਨੂੰ ਮਿਲੇਗਾ।

ਉਂਟੇਰੀਓ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੈਟਰਿਕ ਬਰਾਊਂ ਨੇ ਸਮੂਹ ਸਿੱਖ ਭਾਈਚਾਰੇ ਨਾਲ ਮੁਬਾਰਕਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਸਟੇਜ ਤੋਂ ਕੰਜ਼ਰਵੇਟਿਵ ਪਾਰਟੀ ਦੇ ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਹਾਜ਼ਰੀ ਲੁਆਈ ਅਤੇ ਕਿਹਾ ਕਿ ਸਿੱਖ ਭਾਈਚਾਰੇ ਦੇ ਸਮਰੱਥਨ ਦੀ ਕਦਰ ਕਰਦੇ ਹਨ ਅਤੇ ਕੈਨੇਡਾ ਦੇ ਜਨ-ਜੀਵਨ ਵਿੱਚ ਪਾਈਆਂ ਸਿੱਖਾਂ ਦੀਆਂ ਘਾਲਣਾਵਾਂ ਦੇ ਕਾਇਲ ਹਨ। ਐਨ ਪੀ ਡੀ ਦੀ ਆਗੂ ਐਂਡਰੀਆ ਹਾਵਰਥ, ਸਿੱਖ ਕਿੱਡਜ਼ ਹਸਪਤਾਲ ਦੇ ਪ੍ਰੈਜ਼ੀਡੈਂਟ ਮਾਈਕਲ ਐਪਕੋਨ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਵੀ ਸਟੇਜ ਉੱਤੇ ਆ ਕੇ ਵਿਸਾਖੀ ਦੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ। ਉਂਟੇਰੀਓ ਦੇ ਟਰਾਂਸਪੋਰਟ ਮੰਤਰੀ ਡੈਲ ਡੂਕਾ ਨੇ ਵੀ ਸਟੇਜ ਤੋਂ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਪੇਸ਼ ਕੀਤੀਆਂ।

ਉਂਟੇਰੀਓ ਦੀ ਪ੍ਰੀਮੀਅਰ ਕੈਥਲਿਨ ਵਿੱਨ ਨੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਲੇਕਿਨ ਅਣਦੱਸੇ ਕਾਰਣਾਂ ਕਰਕੇ ਉਹਨਾਂ ਨੇ ਸਟੇਜ ਉੱਤੇ ਹਾਜ਼ਰੀ ਨਹੀਂ ਭਰੀ।

ਉਂਟੇਰੀਓ ਗੁਰਦੁਆਰਜ਼ ਅਤੇ ਸਿੱਖ ਕਾਉਂਸਲ ਵੱਲੋਂ ਜਾਰੀ ਸਾਲਾਨਾ ਪਰੈੱਸ ਰੀਲੀਜ਼ ਨੂੰ ਭੁਪਿੰਦਰ ਸਿੰਘ ਊਭੀ ਨੇ ਸਟੇਜ ਤੋਂ ਪੜਿਆ। ਪਰੈੱਸ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਸਿੱਖ ਕਤਲੇਆਮ ਹੋਣ ਦੇ 33 ਸਾਲ ਬੀਤਣ ਤੋਂ ਬਾਅਦ ਅਤੇ ਗੋਲਡਨ ਟੈਂਪਲ ਸਮੇਤ 38 ਹੋਰ ਗੁਰਦੁਆਰਾ ਸਾਹਿਬਾਨਾਂ ਉੱਤੇ ਹੋਏ ਹਮਲਿਆਂ ਬਾਰੇ ਤੱਥ ਲਿਖੇ ਜਾਣ ਦੇ ਬਾਵਜੂਦ ਸਿੱਖ ਹਾਲੇ ਤੱਕ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਦੋਸ਼ ਲਾਇਆ ਗਿਆ ਕਿ ਭਾਰਤ ਸਰਕਾਰ ਦੀ ਮਿਲੀਭੁਗਤ ਨਾਲ ਅੱਜ ਤੱਕ ਸਿੱਖਾਂ ਦੀਆਂ ਜਾਇਦਾਦਾਂ ਉੱਤੇ ਕਬਜ਼ੇ ਜਾਰੀ ਹਨ।

ਕਾਉਂਸਲ ਵੱਲੋਂ ਉਂਟੇਰੀਓ ਪਾਰਲੀਮੈਂਟ ਵਿੱਚ 1984 ਨੂੰ ਜੈਨੋਸਾਈਡ ਕਰਾਰ ਦੇਣ ਬਾਰੇ ਪਾਸ ਹੋਏ ਮੋਸ਼ਨ ਦੇ ਪਾਸ ਹੋਣ ਨੂੰ ਸਹੀ ਦਿਸ਼ਾ ਵੱਲ ਕਦਮ ਦੱਸਿਆ ਗਿਆ ਅਤੇ ਕਾਉਂਸਲ ਵੱਲੋਂ ਉਹਨਾਂ ਸਾਰੇ ਐਮ ਪੀ ਪੀਆਂ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਮੋਸ਼ਨ ਦਾ ਸਮਰੱਥਨ ਕੀਤਾ ਅਤੇ ਇਸਦੇ ਹੱਕ ਵਿੱਚ ਵੋਟ ਪਾਈ। ਕਾਉਂਸਲ ਨੇ ਕਿਹਾ ਹੈ ਕਿ ਸਵੈ ਨਿਰਣੇ ਸਮੇਤ ਸਿੱਖਾਂ ਨੂੰ ਆਪਣੇ ਮਾਮਲਿਆਂ ਦਾ ਖੁਦ ਪ੍ਰਸ਼ਾਸ਼ਨ ਕਰਨ ਦਾ ਹੱਕ ਨਹੀਂ ਦਿੱਤਾ ਗਿਆ ਹੈ। ਸਿੱਖਾਂ ਨੂੰ ਭਾਰਤ ਦੇ ਸੰਵਿਧਾਨ ਵਿੱਚ ਵੀ ਪਹਿਚਾਣ ਨਹੀਂ ਦਿੱਤੀ ਗਈ ਹੈ। ਪੰਜਾਬ ਤੋਂ ਖੋਹੇ ਜਾਣ ਵਾਲੇ ਪਾਣੀਆਂ ਤੋਂ ਇਲਾਵਾ ਭਾਰਤ ਵਿੱਚ ਹਿੰਦੂਆਂ ਦੇ ਕਈ ਵਰਗਾਂ, ਮੁਸਲਮਾਨਾਂ, ਈਸਾਈਆਂ ਅਤੇ ਸਿੱਖਾਂ ਵਿੱਚ ਵੱਧ ਰਹੀ ਅਸੰਤੋਸ਼ ਦੀ ਭਾਵਨਾ ਬਾਰੇ ਵੀ ਕਾਉਂਸਲ ਨੇ ਗੱਲ ਕੀਤੀ ਹੈ। ਕੈਨੇਡੀਅਨ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਭਾਰਤ ਵਿੱਚ ਫੈਲੀ ਸਮਾਜਿਕ ਤੋੜ ਫੋੜ ਨੂੰ ਰੋਕਣ ਲਈ ਆਪਣੇ ਪ੍ਰਭਾਵ ਦਾ ਇਸਤੇਮਾਲ ਕਰੇ।

ਕਾਉਂਸਲ ਵੱਲੋਂ ਉਂਟੇਰੀਓ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਂਟੇਰੀਓ ਵਿੱਚ ਕੰਮ ਦੇ ਕਿਸੇ ਵੀ ਸਥਾਨ ਉੱਤੇ ਹੈਲਮਟ ਪਹਿਨਣ ਦੀ ਬੰਦਸ਼ ਹਟਾਈ ਜਾਵੇ ਅਤੇ ਦਸਤਾਰ ਪਹਿਨ ਕੇ ਮੋਟਰ ਸਾਈਕਲ ਚਲਾਉਣ ਦੀ ਇਜ਼ਾਜਤ ਦੇਣ ਲਈ ਕਨੂੰਨ ਪਾਸ ਕੀਤਾ ਜਾਵੇ। ਫੈਡਰਲ ਸਰਕਾਰ ਤੋਂ ਵੀ ਮੰਗ ਕੀਤੀ ਗਈ ਹੈ ਕਿ ਉਹ ਅਜਿਹਾ ਕਨੂੰਨ ਪਾਸ ਕਰੇ ਜਿਸ ਨਾਲ ਪ੍ਰੋਵਿੰਸਾਂ ਨੂੰ ਦਸਤਾਰ ਪਹਿਨ ਕੇ ਮੋਟਰ ਸਾਈਕਲ ਚਲਾਉਣ ਦੀ ਆਗਿਆ ਦੇਣ ਦਾ ਰਾਹ ਖੁੱਲ ਜਾਵੇ।

ਜੈਨੋਸਾਈਡ ਵਿਰੋਧੀ ਐਮ ਪੀ ਪੀ ਰੱਖੇ ਸਟੇਜ ਤੋਂ ਲਾਭੇ

39ਵੇਂ ਖਾਲਸਾ ਦਿਵਸ ਨਗਰ ਕੀਰਤਨ ਦੌਰਾਨ ਇੱਕ ਵਿਸ਼ੇਸ਼ ਗੱਲ ਇਹ ਨੋਟ ਕੀਤੀ ਗਈ ਕਿ ਜਿਹੜੇ ਐਮ ਪੀ ਪੀਆਂ ਅਤੇ ਸਿਆਸੀ ਆਗੂਆਂ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਜੈਨੋਸਾਈਡ ਕਰਾਰ ਦੇਣ ਵਾਲੇ ਮੋਸ਼ਨ ਦਾ ਉਂਟੇਰੀਓ ਪਾਰਲੀਮੈਂਟ ਵਿੱਚ ਵਿਰੋਧ ਕੀਤਾ ਜਾਂ ਇਹ ਪ੍ਰਭਾਵ ਦਿੱਤਾ ਕਿ ਉਹ ਜਾਣਬੁੱਝ ਕੇ ਗੈਰਹਾਜ਼ਰ ਹੋਏ ਸਨ, ਉਹਨਾਂ ਨੂੰ ਸਟੇਜ ਦੇ ਨੇੜੇ ਨਹੀਂ ਆਉਣ ਦਿੱਤਾ ਗਿਆ। ਇਹਨਾਂ ਵਿੱਚ ਐਮ ਪੀ ਪੀ ਅਮ੍ਰਤਿ ਮਾਂਗਟ ਸ਼ਾਮਲ ਹਨ। ਅਮ੍ਰਤਿ ਮਾਂਗਟ ਨਗਰ ਕੀਰਤਨ ਵਿੱਚ ਪੁੱਜੇ ਹੋਏ ਸਨ ਅਤੇ ਉਹਨਾਂ ਨੇ ਸਟੇਜ ਉੱਤੇ ਹਾਜ਼ਰੀ ਲੁਆਉਣ ਲਈ ਕਾਫੀ ਯਤਨ ਵੀ ਕੀਤਾ ਲੇਕਿਨ ਪ੍ਰਬੰਧਕਾਂ ਨੇ ਅਜਿਹਾ ਨਹੀਂ ਕਰਨ ਦਿੱਤਾ।

ਪਤਾ ਲੱਗਾ ਹੈ ਕਿ ਉਂਟੇਰੀਓ ਸਿੱਖਜ਼ ਐਂਡ ਗੁਰਦੁਆਰਾਜ਼ ਕਮੇਟੀ ਵੱਲੋਂ ਨਗਰ ਕੀਰਤਨ ਦਿਵਸ ਤੋਂ ਕੁੱਝ ਦਿਨ ਪਹਿਲਾਂ ਇੱਕ ਈ ਮੇਲ ਲਿਖੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਮੋਸ਼ਨ ਦੇ ਹੱਕ ਵਿੱਚ ਨਾ ਭੁਗਤਣ ਵਾਲੇ ਆਗੂਆਂ ਦਾ ਸਟੇਜ ਉੱਤੇ ਸੁਆਗਤ ਨਹੀਂ ਕੀਤਾ ਜਾਵੇਗਾ। ਸੁਨੇਹੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇੱਕ ਸ਼ਰਧਾਵਾਨ ਵਿਅਕਤੀ ਵਜੋਂ ਹਰ ਕਿਸੇ ਦਾ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦਾ ਸੁਆਗਤ ਹੈ ਪਰ ਉਹਨਾਂ ਨੂੰ ਸਟੇਜ ਤੋਂ ਬੋਲਣ ਜਾਂ ਹਾਜ਼ਰੀ ਲੁਆਉਣ ਦਾ ਅਵਸਰ ਨਹੀਂ ਦਿੱਤਾ ਜਾਵੇਗਾ।

ਮਿਸੀਸਾਗਾ ਮਾਲਟਨ ਤੋਂ ਕੰਜ਼ਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਚੋਣ ਲੜਨ ਦੀ ਚਾਹਵਾਨ ਰਜਿੰਦਰ ਬੱਲ ਮਿਨਹਾਸ ਨੂੰ ਵੀ ਸਟੇਜ ਉੱਤੇ ਨਹੀਂ ਜਾਣ ਦਿੱਤਾ ਗਿਆ। ਉਸ ਨੇ ਖੁਦ ਨੂੰ ਐਮ ਪੀ ਬੌਬ ਸਰੋਆ ਦੀ ਰਿਸ਼ਤੇਦਾਰ ਦੱਸ ਕੇ ਸਟੇਜ ਨੇੜੇ ਜਾਣ ਦੀ ਕੋਸਿ਼ਸ਼ ਕੀਤੀ ਲੇਕਿਨ ਪ੍ਰਬੰਧਕਾਂ ਨੇ ਅਜਿਹਾ ਨਹੀਂ ਹੋਣ ਦਿੱਤਾ। ਰਜਿੰਦਰ ਬੱਲ ਮਿਨਹਾਸ ਉਸ ਜੱਥੇਬੰਦੀ ਦੇ ਬੋਰਡ ਉੱਤੇ ਬੈਠਦੀ ਹੈ ਜਿਸਨੇ ਉਂਟੇਰੀਓ ਪ੍ਰੀਮੀਅਰ ਕੈਥਲਿਨ ਵਿੱਨ ਨੂੰ ਪੱਤਰ ਲਿਖਕੇ ਜੈਨੋਸਾਈਡ ਬਾਰੇ ਮੋਸ਼ਨ ਨੂੰ ਪਾਸ ਨਾ ਹੋਣ ਦੀ ਵਕਾਲਤ ਕੀਤੀ ਸੀ।