ਧੂੜ ਭਰੀ ਹਨੇਰੀ ਪੰਜਾਬ ਅਤੇ ਚੰਡੀਗੜ੍ਹ ਨੂੰ ਝੰਜੋੜ ਗਈ

ਚੰਡੀਗੜ੍ਹ, 7 ਮਈ, (ਪੋਸਟ ਬਿਊਰੋ)- ਉਤਰੀ ਭਾਰਤ ਵਿੱਚ ਮੌਸਮ ਦੀ ਖ਼ਰਾਬੀ ਦਾ ਅਸਰ ਅੱਜ ਸ਼ਾਮ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਵੀ ਦੇਖਣ ਨੂੰ ਮਿਲਿਆ। ਪੱਛਮੀ ਗੜਬੜ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ਾਮ ਵੇਲੇ ਆਈ ਜ਼ੋਰਦਾਰ ਧੂੜ ਵਾਲੀ ਹਨੇਰੀ ਕਾਰਨ ਜਨਜੀਵਨ ਉਤੇ ਮਾੜਾ ਅਸਰ ਪਿਆ। ਇਸ ਨਾਲ ਚੰਡੀਗੜ੍ਹ ਵਰਗੇ ਸ਼ਹਿਰ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਵੀ ਕਈ ਥਾਈਂ ਬਿਜਲੀ ਸਪਲਾਈ ਠੱਪ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਅੱਜ ਦੀ ਇਸ ਮੌਸਮ ਦੀ ਵੱਡੀ ਖ਼ਰਾਬੀ ਨਾਲ ਜੰਮੂ-ਕਸ਼ਮੀਰ ਦੀ ਚਨਾਬ ਵਾਦੀ ਵਿੱਚ ਉਚੀਆਂ ਚੋਟੀਆਂ ਉਤੇ ਦੂਰ-ਦੂਰ ਤੱਕ ਹੋਈ ਬੇਮੌਸਮੀ ਬਰਫ਼ਬਾਰੀ ਹੋ ਗਈ, ਜਿਸ ਦੇ ਨਾਲ ਇਸ ਖ਼ਿੱਤੇ ਵਿੱਚ ਫਿਰ ਠੰਢ ਵਰਤ ਗਈ। ਇਸ ਤੋਂ ਸੈਂਕੜੇ ਘੁਮੱਕੜ ਪਰਵਾਰਾਂ ਗੁੱਜਰ ਤੇ ਬੱਕਰਵਾਲ ਆਦਿ ਨੂੰ ਭਾਰੀ ਪ੍ਰੇਸ਼ਾਨੀ ਆਈ ਹੈ। ਉੱਤਰਾਖੰਡ ਵਿੱਚ ਝੱਖੜ ਤੇ ਤੇਜ਼ ਬਾਰਸ਼ਾਂ ਨਾਲ ਚਮੋਲੀ ਜ਼ਿਲ੍ਹੇ ਵਿੱਚ ਦੋ ਤੀਰਥ ਯਾਤਰੀ ਜ਼ਖ਼ਮੀ ਹੋ ਗਏ। ਤ੍ਰਿਪੁਰਾ ਵਿੱਚ ਆਏ ਤੂਫਾਨ ਕਾਰਨ ਖੋਵਾਈ ਜ਼ਿਲ੍ਹੇ ਵਿੱਚ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਅਤੇ ਸੈਂਕੜੇ ਘਰ ਨੁਕਸਾਨੇ ਜਾਣ ਦੀ ਖਬਰ ਹੈ।