ਧੁੰਦ

-ਹਰਪਾਲ ਸਿੰਘ ਸੰਧਾਵਾਲੀਆ
ਕੁਝ ਚੀਜ਼ਾਂ ਮਨੁੱਖ ਦੇ ਅਚੇਤ ਵਿੱਚ ਵੱਸ ਜਾਂਦੀਆਂ ਹਨ। ਇਨ੍ਹਾਂ ਨਾਲ ਸਾਹਮਣਾ ਹੁੰਦੇ ਹੀ ਮਨੁੱਖ ਖੁਸ਼ ਹੋ ਉਠਦਾ ਹੈ ਜਾਂ ਦੁਖੀ। ਉਹ ਵੀ ਧੰੁਦ ਨੂੰ ਵੇਖ ਕੇ ਡਾਢਾ ਦੁਖੀ ਹੋ ਜਾਂਦਾ ਹੈ। ਉਸ ਨੂੰ ਧੁੰਦ ਮੌਤ ਦਾ ਰੂਪ ਦਿਸਦੀ ਹੈ, ਪਰ ਧੁੰਦ ਮੌਤ ਦਾ ਰੂਪ ਕਿਵੇਂ ਹੋ ਸਕਦੀ ਹੈ। ਹੋ ਕਿਵੇਂ ਨਹੀਂ ਸਕਦੀ? ਮੌਤ ਤਾਂ ਮੌਤ ਹੈ। ਮੌਤ ਉਮਰ ਦਾ ਲਿਹਾਜ਼ ਕਿਉਂ ਨਹੀਂ ਕਰਦੀ? ਜੇ ਸਭ ਨੂੰ ਬੁਛਾਪੇ ਵਿੱਚ ਹੀ ਮੌਤ ਆਵੇ। ਸ਼ਾਇਦ ਲੋਕਾਂ ਨੂੰ ਦੁੱਖ ਦੇਣ ਲਈ ਹੀ ਉਹ ਅਜਿਹਾ ਨਹੀਂ ਕਰਦੀ। ਲੋਕ ਕਿੰਨੇ ਦੁਖੀ ਹੁੰਦੇ ਹਨ, ਜਦੋਂ ਮੌਤ ਅਚੇਤ ਹੀ ਕਿਸੇ ਆਪਣੇ ਨੂੰ ਖਾ ਲੈਂਦੀ ਹੈ। ਉਹ ਵੀ ਤਾਂ ਡਾਢਾ ਦੁਖੀ ਹੋ ਉਠਦਾ ਹੈ ਧੁੰਦ ਨੂੰ ਵੇਖ ਕੇ। ..ਤੇ ਅਚੇਤ ਹੀ ਘਰੋਂ ਨਿਕਲ ਤੁਰਦਾ ਹੈ ਆਪਣੀ ਮੰਜ਼ਿਲ ਵੱਲ।
ਅੱਜ ਵੀ ਇੰਜ ਹੀ ਹੋਇਆ ਹੈ। ਘਰ ਦੇ ਬਾਕੀ ਜੀਆਂ ਨੇ ਉਸ ਨੂੰ ਬਾਹਰ ਜਾਂਦਿਆਂ ਵੇਖ ਲਿਆ। ਸਭ ਜਾਣਦੇ ਹਨ ਕਿ ਕਿੱਥੇ ਜਾ ਰਿਹਾ ਹੈ। ਇਹ ਵੀ ਚਾਹੁੰਦੇ ਹਨ ਕਿ ਨਾ ਜਾਵੇ, ਪਰ ਰੋਕਿਆ ਕਿਸੇ ਨਹੀਂ। ਪਤਨੀ ਅੰਦਰ ਜਾ ਵੜੀ। ਸ਼ਾਲ ਨਾਲ ਮੂੰਹ ਢੱਕ ਲਿਆ ਹੈ। ਸ਼ਾਇਦ ਰੋਣਾ ਚਾਹੁੰਦੀ ਹੋਵੇ, ਪਰ ਧੀ ਆ ਜਾਂਦੀ ਹੈ। ਦੋਵੇਂ ਚੁੱਪ ਹਨ। ਮਾਂ, ਧੀ ਦੀਆਂ ਅੱਖਾਂ ਵਿੱਚ ਪੜ੍ਹ ਲੈਂਦੀ ਹੈ ਕਿ ਉਹ ਕੀ ਕਹਿਣਾ ਚਾਹੁੰਦੀ ਹੈ। ਉਸ ਨੂੰ ਜੱਫੀ ਵਿੱਚ ਲੈ ਲੈਂਦੀ ਹੈ। ਕਿੰਨੇ ਪਲ ਦੋਵੇਂ ਮਾਵਾਂ ਧੀਆਂ ਇੰਜ ਬੈਠੀਆਂ ਰਹਿੰਦੀਆਂ ਹਨ। ਨਾ ਕੋਈ ਬੋਲਦੀ ਹੈ, ਨਾ ਰੋਂਦੀ ਹੈ। ਆਖਰ ਮਨੁੱਖ ਕਿੰਨਾ ਕੁ ਰੋ ਸਕਦਾ ਹੈ? ਅੱਖਾਂ ਜਵਾਬ ਦੇ ਦਿੰਦੀਆਂ ਹਨ, ‘ਤੁਹਾਡਾ ਦੁੱਖ ਤਾਂ ਰੋਜ਼ ਦਾ ਹੋਇਆ, ਅਸੀਂ ਕੀ ਕਰੀਏ!’
ਦੁੱਖ ਦਾ ਸਮਾਂ ਵੀ ਕਿੰਨਾ ਮਾੜਾ ਹੁੰਦਾ ਹੈ। ਅੱਗੇ ਹੀ ਨਹੀਂ ਤੁਰਦਾ। ਸਮਾਂ ਤਾਂ ਸ਼ਾਇਦ ਨਾ ਕਦੇ ਤੁਰਦਾ ਹੈ, ਨਾ ਰੁਕਦਾ। ਇਹ ਇਕ ਬੁਝਾਰਤ ਹੈ। ਕੀ ਵਿਗਿਆਨੀ ਤੇ ਕੀ ਸੰਨਿਆਸੀ, ਇਸ ਬੁਝਾਰਤ ਨੂੰ ਬੁੱਝਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਬੁੱਝ ਨਾ ਸਕੇ। ਪਤਾ ਹੀ ਨਹੀਂ ਲੱਗਦਾ ਕਿ ਸਮਾਂ ਕਦੋਂ ਬਦਲ ਜਾਵੇ। ਖਬਰੇ ਬਦਲਦਾ ਵੀ ਹੈ ਜਾਂ ਨਹੀਂ! ਜਾਂ ਸ਼ਾਇਦ ਲੋਕ ਹੀ ਬਦਲਦੇ ਹਨ ਸਮੇਂ ਨਾਲ। ਸਮਾਂ ਇਕੋ ਵੇਲੇ ਕਿਸੇ ਲਈ ਚੰਗਾ ਤੇ ਕਿਸੇ ਲਈ ਮਾੜਾ।
ਉਸ ਦੇ ਪਰਵਾਰ ਲਈ ਕਿੰਨਾ ਚੰਗਾ ਸਮਾਂ ਸੀ, ਜਦੋਂ ਉਸ ਦੇ ਪੁੱਤ ਨੂੰ ਨਵੀਂ ਨੌਕਰੀ ਮਿਲੀ ਸੀ। ਨੌਕਰੀ ਦੇ ਪਹਿਲੇ ਦਿਨ ਭੈਣ ਨੇ ਰੋਟੀ ਵਾਲਾ ਨਵਾਂ ਟਿਫਨ ਫੜਾਉਂਦਿਆਂ ਮਜ਼ਾਕ ਕੀਤਾ ਸੀ, ‘ਵੀਰੇ, ਤੂੰ ਮਾਸਟਰ ਲੱਗ ਗਿਆ, ਬਹੁਤਾ ਨਾ ਕੁੱਟੀਂ ਨਿਆਣਿਆਂ ਨੂੰ, ਰੋਣਗੇ ਵਿਚਾਰੇ।’ ਅੱਗੋਂ ਉਸ ਨੇ ਹੱਸਦਿਆਂ ਕਿਹਾ ਸੀ, ‘ਮੈਂ ਤਾਂ ਰੁਆਊਂ।’ ਭਰਾ ਦੀ ਨੌਕਰੀ ਦਾ ਦੂਜਾ ਦਿਨ ਕਦੇ ਨਾ ਆਇਆ। ਉਹ ਸੋਚਦੀ ਹੈ, ‘ਵੀਰੇ, ਤੂੰ ਸਾਰੀ ਉਮਰ ਰੁਆਉਣ ਦਾ ਨਹੀਂ ਸੀ ਕਿਹਾ।’
ਉਹ ਸੁਤੇ ਸਿੱਧ ਆਪਣੀ ਮੰਜ਼ਿਲ ਵੱਲ ਜਾ ਰਿਹਾ ਹੈ। ਕਿਸੇ ਨੇ ਕੋਲ ਆ ਕੇ ਹੌਲੀ ਜਿਹੀ ਕਿਹਾ, ‘ਬਾਈ, ਇਸ ਵੇਲੇ ਧੁੰਦ ‘ਚ ਕਿਧਰ ਚੱਲ ਪਿਆ?’ ਉਹ ਤ੍ਰਭਕ ਉਠਿਆ ਹੈ। ਉਸ ਨੂੰ ਆਵਾਜ਼ ਇਉਂ ਲੱਗੀ ਹੈ ਜਿਵੇਂ ਧੁੰਦ ਵਿੱਚ ਕੋਈ ਟਰੱਕ ਤੇ ਗੱਡੀ ਭਿੜ ਗਏ ਹੋਣ। ਕਹਿਣ ਵਾਲਾ ਅੱਗੇ ਨਿਕਲ ਗਿਆ ਹੈ। ਧੁੰਦ ਨੇ ਉਸ ਨੂੰ ਇੰਜ ਘੇਰ ਲਿਆ ਹੈ ਜਿਵੇਂ ਗੱਡੀ ਵਿਚਲੀਆਂ ਲਾਸ਼ਾਂ ਦੁਆਲੇ ਭੀੜ ਇਕੱਠੀ ਹੋ ਗਈ ਹੋਵੇ। ਤੇਰਾਂ ਲਾਸ਼ਾਂ..। ਬੁਝੇ ਹੋਏ ਦੀਪ। ਤੇਰਾਂ ਘਰਾਂ ਦੇ ਸਦੀਵੀ ਹਨੇਰੇ ਦਾ ਸਬੱਬ। ਦੀਪ ਹੁੰਦੇ ਵੀ ਕਿੰਨੇ ਨਾਜ਼ੁਕ ਹਨ, ਹਰ ਵੇਲੇ ਡੋਲਦੀ ਹੋਈ ਲਾਟ। ਹਰ ਵੇਲੇ ਚਿੰਤਾ ਵਿੱਚ ਸੜਦੀ ਹੋਈ ਘਰ ਦੀ ਹਵਾ। ਜਦੋਂ ਕਿਸੇ ਦੀਪ ਦਾ ਤੇਲ ਮੁੱਕਣ ਲੱਗਦਾ ਹੈ ਤਾਂ ਨਵੇਂ ਦੀਪ ਨੂੰ ਵੇਖ, ਆਪਣੇ ਬੁਝਣ ਦਾ ਸੁਆਦ ਲੈਣ ਲੱਗਦਾ ਹੈ। ਮੌਤ ਅਚਾਨਕ ਆ ਕੇ ਹਵਾ ਵਿੱਚ ਘੁਲ ਜਾਂਦੀ ਹੈ ਤੇ ਇਕ ਬੁੱਲਾ ਬਣ, ਨਵੇਂ ਦੀਪ ਨੂੰ ਬੁਝਾ ਦਿੰਦੀ ਹੈ। ਫਿਰ ਸ਼ਾਂਤ ਵਗਣ ਲੱਗਦੀ ਹੈ, ਪੁਰਾਣੇ ਦੀਪ ਨੂੰ ਬਲਦਾ ਰੱਖਣ ਲਈ। ਪੁਰਾਣੇ ਦੀਪ ਨੂੰ ਬਲਣਾ ਪੈਂਦਾ ਹੈ, ਉਸੇ ਹਵਾ ਦੇ ਆਸਰੇ, ਜਿਸ ਵਿੱਚ ਮੌਤ ਘੁਲੀ ਹੋਈ ਹੁੰਦੀ ਹੈ ਅਤੇ ਬੁਝੇ ਦੀਪ ਦਾ ਧੂੰਆਂ ਵੀ।
ਕੋਈ ਇਨਸਾਨ ਜੇ ਲਾਸ਼ ਵੇਖ ਲਵੇ ਤਾਂ ਸਾਰੀ ਉਮਰ ਉਸ ਦੀਆਂ ਅੱਖਾਂ ਅੱਗੋਂ ਨਹੀਂ ਜਾਂਦੀ। ਖਾਸ ਕਰ ਕਿਸੇ ਆਪਣੇ ਦੀ। ਉਸ ਨੇ ਵੀ ਤਾਂ ਲਾਸ਼ ਵੇਖੀ ਸੀ। ਲਹੂ ਵਿੱਚ ਭਿੱਜੀ ਹੋਈ, ਟੁੱਟੀ ਭੱਜੀ ਲਾਸ਼। ਜਿਹੜੀ ਕੁਝ ਸਮਾਂ ਪਹਿਲਾਂ ਉਸ ਦਾ ਸਾਬਤ ਸਬੂਤਾ ਪੁੱਤ ਸੀ। ਇਕ ਫੋਨ ਹੀ ਤਾਂ ਆਇਆ ਸੀ। ਜਿਵੇਂ ਧਰਮ ਰਾਜ ਦਾ ਸੁਨੇਹਾ ਹੋਵੇ। ..ਤੇ ਘਰ ਦੇ ਸਾਰੇ ਜੀਅ ਜਿਵੇਂ ਨਰਕ ਵਿੱਚ ਸੁੱਟ ਦਿੱਤੇ ਗਏ। ਜਿੰਨੇ ਕਿਸੇ ਦੇ ਸਾਹ, ਉਨਾ ਲੰਮਾ ਨਰਕ।
***
ਕਾਸ਼ ਉਸ ਦਿਨ ਧੁੰਦ ਨਾ ਪਈ ਹੁੰਦੀ ਜਾਂ ਟਰੱਕ ਨਾ ਹੁੰਦਾ ਜਾਂ ਫਿਰ ਇਹ ਗੱਡੀ ਹੀ ਨਾ ਹੁੰਦੀ। ਪੁੱਤ ਨੇ ਉਸ ਨੂੰ ਕਿੰਨੇ ਚਾਅ ਨਾਲ ਦੱਸਿਆ ਸੀ, ‘ਡੈਡੀ, ਅਸੀਂ ਸਾਰਿਆਂ ਨੇ ਰਲ ਕੇ ਕਿਰਾਏ ‘ਤੇ ਗੱਡੀ ਕਰ ਲਈ ਹੈ। ਆਉਣ ਜਾਣ ਦਾ ਪ੍ਰਬੰਧ ਹੋ ਗਿਆ।’ ਕਿਰਾਏ ਦੀ ਗੱਡੀ ਵਿੱਚ ਵੀ ਚਾਅ ਸਭ ਦੇ ਆਪਣੇ ਸਨ, ਪਰ ਕੀ ਧੁੰਦ ਵਿੱਚ ਸਾਰੇ ਟਰੱਕ, ਗੱਡੀਆਂ ਵਿੱਚ ਵੱਜ ਜਾਂਦੇ ਹਨ? ਕੀ ਧੁੰਦ ਵਿੱਚ ਸੜਕ ‘ਤੇ ਨਿਕਲੇ ਸਾਰੇ ਦੀਪ ਬੁਝ ਜਾਂਦੇ ਹਨ? ਸਾਰੇ ਤਾਂ ਨਹੀਂ, ਪਰ ਜਿਹੜੇ ਬੁਝ ਗਏ ਉਨ੍ਹਾਂ ਦਾ ਕੀ? ਉਸ ਦਿਨ ਧੁੰਦ ਨਾਲ ਭਰੀ ਸਵੇਰ ਜਿਵੇਂ ਜਜ਼ਬਾਤੀ ਹੋ ਗਈ ਸੀ। ਅਖਬਾਰਾਂ, ਚੈਨਲਾਂ ਤੇ ਮੋਬਾਈਲਾਂ ਵਿੱਚ ਜਿਵੇਂ ਜਜ਼ਬਾਤ ਦਾ ਹੜ੍ਹ ਆ ਗਿਆ ਸੀ। ਫਿਰ ਹੌਲੀ-ਹੌਲੀ ਜਿਵੇਂ ਹੜ੍ਹ ਦਾ ਪਾਣੀ ਉਤਰਨ ਲੱਗਦਾ ਹੈ, ਜਜ਼ਬਾਤ ਸ਼ਾਂਤ ਹੋਣ ਲੱਗਦੇ ਹਨ। ਸਮਾਂ ਜਜ਼ਬਾਤ ਦੀ ਕਬਰ ਹੁੰਦਾ ਹੈ।
ਅਚਾਨਕ ਉਸ ਦੇ ਪਿੱਛੇ ਟਰੱਕ ਦਾ ਹਾਰਨ ਵੱਜਿਆ। ਉਹ ਤ੍ਰਭਕ ਕੇ ਪਾਸੇ ਹਟਿਆ, ਡਿੱਗਦਾ-ਡਿੱਗਦਾ ਬਚਿਆ ਹੈ। ਪਿੱਛੇ ਵੇਖਦਾ ਹੈ, ਪਰ ਪਿੱਛੇ ਕੁਝ ਵੀ ਨਹੀਂ। ਉਸ ਨੂੰ ਵਹਿਮ ਹੋ ਗਿਆ ਲੱਗਦਾ ਹੈ ਕਿ ਧੁੰਦ ਵਿੱਚ ਹਰ ਥਾਂ ਟਰੱਕ ਹੁੰਦੇ ਹਨ। ਜਦੋਂ ਵੀ ਵਾਤਾਵਰਨ ਵਿੱਚ ਧੁੰਦ ਆਉਂਦੀ ਹੈ, ਉਸ ਦੇ ਦਿਮਾਗ ਵਿੱਚ ਟਰੱਕ ਆ ਵੜਦਾ ਹੈ। ਨਹੀਂ ਤਾਂ ਇਸ ਰਾਹ ‘ਤੇ ਟਰੱਕ ਕਿਵੇਂ ਆ ਸਕਦਾ ਹੈ।
ਉਸ ਦੀ ਮੰਜ਼ਿਲ ਹੁਣ ਧੁੰਦਲੀ ਜਿਹੀ ਦਿਸਣ ਲੱਗੀ ਹੈ, ਪਰ ਉਹ ਵੇਖਦਾ ਨਹੀਂ। ਨੀਵੀਂ ਪਾਈ ਤੁਰਿਆ ਜਾ ਰਿਹਾ ਹੈ। ਉਸ ਦੇ ਪੈਰ ਅੱਖਾਂ ਨਾਲੋਂ ਵੱਧ ਜਾਣਦੇ ਹਨ ਕਿ ਕਿੱਥੇ ਜਾਣਾ ਹੈ। ਦੁੱਖ ਵਿੱਚ ਵੀ ਮਨੁੱਖ ਦੇ ਪੈਰ ਤੇ ਸਾਹ ਆਪ ਮੁਹਾਰੇ ਚੱਲਦੇ ਰਹਿੰਦੇ ਹਨ। ਕੀ ਇਹ ਦੁਖੀ ਨਹੀਂ ਹੁੰਦੇ ਜਾਂ ਇਹ ਮਨੁੱਖ ਦੇ ਦੁੱਖ ਵਿੱਚ ਸ਼ਾਮਲ ਨਹੀਂ ਹੁੰਦੇ। ਪਰ ਉਹ ਇਹ ਸਭ ਨਹੀਂ ਸੋਚ ਸਕਦਾ। ਉਸ ਦੀ ਸੋਚ ਤਾਂ ਧੁੰਦ ਨੇ ਧੁੰਦਲੀ ਕਰ ਛੱਡੀ ਹੈ। ਉਹ ਆਪਣੀ ਮੰਜ਼ਿਲ ‘ਤੇ ਪਹੁੰਚ ਜਾਂਦਾ ਹੈ। ਇਕ ਬੈਂਚ ‘ਤੇ ਬੈਠ ਕੇ ਸਾਹਮਣੇ ਟੀਨ ਹੇਠ ਬਣੇ ਥੜ੍ਹੇ ਵੱਲ ਵੇਖਣ ਲੱਗਦਾ ਹੈ। ਕਿੰਨੇ ਪਲ ਇੰਜ ਹੀ ਬੈਠਾ ਰਹਿੰਦਾ ਹੈ। ਫਿਰ ਉਸ ਦੇ ਪੈਰ ਆਪ ਮੁਹਾਰੇ ਚੱਲਣ ਲੱਗਦੇ ਹਨ। ਥੜ੍ਹੇ ‘ਤੇ ਜਾ ਬਹਿੰਦਾ ਹੈ। ਚੁੱਪ ਹੈ। ਪਰ ਉਹ ਤਾਂ ਗੱਲਾਂ ਕਰ ਰਿਹਾ ਹੈ। ਲਹੂ ਵਿੱਚ ਭਿੱਜੀ, ਟੁੱਟੀ ਭੱਜੀ ਲਾਸ਼ ਨਾਲ। ਫਿਰ ਉਸ ਦਾ ਹੱਥ ਆਪ ਮੁਹਾਰੇ ਫਰਸ਼ ‘ਤੇ ਫਿਰਨ ਲੱਗਦਾ ਹੈ। ਫਰਸ਼ ‘ਤੇ ਨਹੀਂ, ਸ਼ਾਇਦ ਸਿਰ ‘ਤੇ, ਉਹ ਇਥੇ ਹੀ ਤਾਂ ਰੱਖਿਆ ਸੀ, ਲੱਕੜਾਂ ਵਿੱਚ ਚਿਣਿਆ ਹੋਇਆ।