ਧੁੰਦਲੇ ਪਿਛੋਕੜ ਵਾਲੀ ਕੰਪਨੀ ਨੂੰ ਟਰੂਡੋ ਸਰਕਾਰ ਦੀ ਹਰੀ ਝੰਡੀ ਕਿਉਂ?

zzzzzzzz-300x1111ਬੀਤੇ ਦਿਨੀਂ ਟਰੂਡੋ ਸਰਕਾਰ ਨੇ ਬ੍ਰਿਟਿਸ਼ ਕੋਲੰਬੀਆ ਵਿੱਚ Retirement Concepts ਨਾਮਕ ਕੰਪਨੀ ਵੱਲੋਂ ਚਲਾਏ ਜਾ ਰਹੇ 24 ਰਿਟਾਇਰਮੈਂਟ ਹੋਮਾਂ ਦੀ ਪੂਰੀ ਦੀ ਪੂਰੀ ਚੇਨ ਨੂੰ ਚੀਨ ਦੀ ਇੱਕ ਕੰਪਨੀ ਨੂੰ ਵੇਚਣ ਦਾ ਅਧਿਕਾਰ ਦੇ ਦਿੱਤਾ ਹੈ। ਇਸ ਕੰਪਨੀ ਕਾਰਪੋਰੇਟ ਬਣਤਰ ਬਾਰੇ ਸਰਕਾਰ ਨੂੰ ਵੀ ਪੂਰੀ ਜਾਣਕਾਰੀ ਨਹੀਂ ਹੈ। ਇੱਕ ਬਿਲੀਅਨ ਡਾਲਰ ਤੋਂ ਵੱਧ ਕੀਮਤ ਦੇ ਸ਼ੇਅਰ ਖਰੀਦਣ ਲਈ ਜਿਸ ਕੰਪਨੀ ਨੂੰ ਸਰਕਾਰ ਨੇ ਇਜ਼ਾਜਤ ਦਿੱਤੀ ਹੈ, ਉਸਦਾ ਕਾਗਜ਼ਾਂ ਉੱਤੇ ਨਾਮ Cedar Tree Investment Canada  ਹੈ। ਲੇਕਿਨ ਕੈਨੇਡਾ ਵਿੱਚ ਸਥਾਪਿਤ ਇਸ ਕੰਪਨੀ ਦੀ ਅਸਲੀ ਮਾਲਕ ਚੀਨ ਦੀ ਮਸ਼ਹੂਰ ਬੀਮਾ ਕੰਪਨੀ Anbang Insurance ਹੈ।

ਫੈਡਰਲ ਸਰਕਾਰ ਨੇ ਚੀਨ ਨਾਲ ਆਪਣੀ ਦੋਸਤੀ ਪੁਗਾਉਣ ਦੇ ਇਰਾਦੇ ਨਾਲ ਇੱਕ ਝੱਟਕੇ ਵਿੱਚ ਹੀ ਚੀਨ ਨੂੰ ਕੈਨੇਡਾ ਦੇ ਸੀਨੀਅਰਾਂ ਨੂੰ ਸੇਵਾ ਪ੍ਰਦਾਨ ਕਰਨ ਦੇ ਨਾਜ਼ੁਕ ਹੈਲਥ ਕੇਅਰ ਸੈਕਟਰ ਵਿੱਚ ਪੈਰ ਰੱਖਣ ਦਾ ਅਵਸਰ ਦੇ ਦਿੱਤਾ ਹੈ। ਇਹ ਅਜਿਹਾ ਕਦਮ ਹੈ ਜਿਸਨੂੰ ਮੁੜਕੇ ਵਾਪਸ ਨਹੀਂ ਲਿਆ ਜਾ ਸਕੇਗਾ।

Anbang  ਬਾਰੇ ਅਮਰੀਕਾ ਵਿੱਚ ਵੀ ਸੁਆਲ ਖੜੇ ਕੀਤੇ ਜਾਂਦੇ ਰਹੇ ਹਨ ਕਿ ਆਖਰ ਇਸ ਕੰਪਨੀ ਦੀ ਮਲਕੀਅਤ ਕਿਸ ਕੋਲ ਹੈ। ਨਿਊਯਾਰਕ ਟਾਈਮਜ਼ ਵੱਲੋਂ ਕੀਤੀ ਪੜਤਾਲ ਮੁਤਾਬਕ ਇਸ ਕੰਪਨੀ ਦੇ 92% ਸ਼ੇਅਰ Anbang ਦੇ ਚੇਅਰਮੈਨ Wu Xiaohui ਅਤੇ ਉਸਦੀ ਪਤਨੀ Zhuo Ran ਜਾਂ Chen Xiaolu ਕੋਲ ਹਨ। Zhuo Ran ਚੀਨ ਦੇ ਸਾਬਕਾ ਪ੍ਰੀਮੀਅਰ Deng Xiaoping  ਦੀ ਪੋਤੀ ਹੈ ਜਦੋਂ ਕਿ Chen Xiaolu ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਰਨੈਲ ਦਾ ਬੇਟਾ ਹੈ। ਬੇਸ਼ੱਕ ਸਰਕਾਰ ਆਖ ਰਹੀ ਹੈ ਕਿ ਇਸਨੇ ਬਣਦੇ ਇਤਿਹਾਤ ਵਰਤੇ ਹਨ ਲੇਕਿਨ ਕੌਮੀ ਸੁਰੱਖਿਆ ਮਾਹਰਾਂ ਦਾ ਖਿਆਲ ਹੈ ਕਿ ਅਜਿਹੀਆਂ ਡੀਲਾਂ ਨਾਲ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਜੋਖਮ ਵਿੱਚ ਪੈ ਸਕਦੀ ਹੈ। ਚੇਤੇ ਰਹੇ ਕਿ Anbangਕੋਲ ਸੀਨੀਅਰ ਰਿਟਾਇਰਮੈਂਟ ਹੋਮ ਚਲਾਉਣ ਦਾ ਕੋਈ ਪੂਰਵ ਅਨੁਭਵ ਵੀ ਨਹੀਂ ਹੈ। ਦੋ ਕੁ ਸਾਲ ਪਹਿਲਾਂ ਦੱਖਣ ਚੀਨ ਦੇ ਇੱਕ ਮਸ਼ਹੂਰ ਅਖ਼ਬਾਰ ਨੂੰ ਇਸ ਲਈ ਸ਼ਰੇਆਮ ਮੁਆਫੀ ਮੰਗਣੀ ਪੈ ਗਈ ਸੀ ਕਿਉਂਕਿ ਅਖਬਾਰੇ ਨੇ ਇੱਕ ਆਰਟੀਕਲ ਵਿੱਚ ਇਸ਼ਾਰਾ ਕੀਤਾ ਸੀ ਕਿ Anbang ਦੇ ਚੀਨ ਦੇ ਸ਼ਕਤੀਸ਼ਾਲੀ ਸਿਆਸਤਦਾਨਾਂ ਨਾਲ ਗੁੱਝੇ ਸਬੰਧ ਹਨ।

ਮਜ਼ੇਦਾਰ ਗੱਲ ਇਹ ਹੈ ਕਿ ਇਸ ਵੇਚ ਵੱਟਤ ਤੋਂ ਬਾਅਦ ਵੀ ਸੀਨੀਅਰ ਰਿਟਾਇਰਮੈਂਟ ਹੋਮਾਂ ਨੂੰ ਚਲਾਉਣਾ ਵਰਤਮਾਨ ਮਾਲਕ ਕੰਪਨੀ Retirement Concepts ਹੀ ਜਾਰੀ ਰੱਖੇਗੀ। ਸੁਆਲ ਹੈ ਕਿ ਫੇਰ Anbang ਆਪਣੇ ਲਈ ਮੁਨਾਫਾ ਕਿਵੇਂ ਪੈਦਾ ਕਰੇਗੀ।

ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਕਮਿਉਨਿਟੀ ਸੇਵਾਵਾਂ ਦੀ ਡਾਇਰੈਕਟਰ ਡਾਕਟਰ ਮਾਰਗਰੈਟ ਮੈਕਗਰੈਗਰ ਅਤੇ ਡਾਕਟਰ ਲੀਜ਼ਾ ਰੋਨਾਲਡ ਮੁਤਾਬਕ ਇਹੋ ਜਿਹੀਆਂ ਡੀਲਾਂ ਖਤਰਨਾਕ ਹੁੰਦੀਆਂ ਹਨ। ਇਹਨਾਂ ਡਾਕਟਰਾਂ ਅਨੁਸਾਰ ਯੂਰਪ ਦਾ ਤਜੁਰਬਾ ਦੱਸਦਾ ਹੈ ਕਿ ਮੁਨਾਫਾ ਕਮਾਉਣ ਦੇ ਲਾਲਚ ਵਿੱਚ ਇਹ ਕੰਪਨੀਆਂ ਸੀਨੀਅਰਾਂ ਨੂੰ ਕੁਆਲਟੀ ਸੇਵਾ ਦੇਣ ਵੱਲ ਧਿਆਨ ਨਹੀਂ ਦੇਂਦੀਆਂ। ਕਈ ਕੰਪਨੀਆਂ ਦਿਵਾਲਾ ਕੱਢ ਕੇ ਪੈਸੇ ਲੈ ਰਫੂ ਚੱਕਰ ਹੋ ਜਾਂਦੀਆਂ ਹਨ ਅਤੇ ਕੰਪਨੀਆਂ ਦੀ ਮਾਲਕੀ ਬਾਰੇ ਸਪੱਸ਼ਟਤਾ ਨਾ ਹੋ ਕਾਰਣ ਸਰਕਾਰ ਨੂੰ ਉਹਨਾਂ ਦੀ ਪੂਛ ਨੱਪਣੀ ਔਖੀ ਹੋ ਜਾਂਦੀ ਹੈ। ਧੂੰਦਲੇ ਪਿਛੋਕੜ ਵਾਲੀਆਂ ਵਿਦੇਸ਼ੀ ਪ੍ਰਾਈਵੇਟ ਕੰਪਨੀਆਂ ਕੋਲ ਰਿਟਾਇਰਮੈਂਟ ਹੋਮਾਂ ਨੂੰ ਵੇਚਣ ਨਾਲ ਸਰਕਾਰ ਸੀਨੀਅਰਾਂ ਨੂੰ ਗੁਣਵੱਤਾ ਭਰੀ ਕਮਿਉਨਿਟੀ ਆਧਾਰਿਤ ਸੇਵਾ ਪ੍ਰਦਾਨ ਕਰਨ ਦੇ ਆਪਣੇ ਆਸ਼ੇ ਤੋਂ ਵੀ ਦੂਰ ਹੁੰਦੀ ਹੈ। ਖੋਜ ਇਹ ਵੀ ਦੱਸਦੀ ਹੈ ਕਿ ਸੀਨੀਅਰ ਹੋਮਾਂ ਵਿੱਚ ਸੇਵਾ ਦੀ ਗੁਣਵੱਤਾ ਉਸ ਵੇਲੇ ਤੱਕ ਹੀ ਚੰਗੀ ਰਹਿੰਦੀ ਹੈ ਜਦੋਂ ਤੱਕ ਹੋਮਾਂ ਦਾ ਪ੍ਰਸ਼ਾਸ਼ਨ ਗੈਰ ਮੁਨਾਫਾ ਸੰਸਥਾਵਾਂ ਕੋਲ ਹੁੰਦਾ ਹੈ।

ਬ੍ਰਿਟਿਸ਼ ਕੋਲੰਬੀਆ ਦੇ 46,000 ਹਸਪਤਾਲ ਮੁਲਾਜ਼ਮ ਦੀ ਯੂਨੀਅਨ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੀ ਹੈ। ਯੂਨੀਅਨ ਦਾ ਆਖਣਾ ਹੈ ਕਿ ਉਸਨੇ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਅਜਿਹਾ ਕਦਮ ਚੁੱਕਣ ਤੋਂ ਗੁਰੇਜ਼ ਕਰਨ ਲਈ ਆਖਿਆ ਸੀ ਲੇਕਿਨ ਸਰਕਾਰ ਆਪਣੀ ਜਿੱਦ ਉੱਤੇ ਅੜੀ ਰਹੀ ਹੈ। ਫੈਡਰਲ ਸਾਇੰਸ ਅਤੇ ਆਰਥਿਕ ਵਿਕਾਸ ਬਾਰੇ ਮੰਤਰੀ ਨਵਦੀਪ ਬੈਂਸ ਨੂੰ ਸਰਕਾਰ ਵੱਲੋਂ ਅਪਣਾਈ ਗਈ ਪ੍ਰਕਿਰਿਆ ਉੱਤੇ ਪੂਰਾ ਯਕੀਨ ਹੈ ਕਿਉਂਕਿ ਇਹ ਕੈਨੇਡੀਅਨਾਂ ਦੇ ਬਿਹਤਰ ਹਿੱਤ ਵਿੱਚ ਹੈ।

ਕਾਸ਼! ਵਿਦੇਸ਼ੀ ਕੰਪਨੀਆਂ ਵੱਲੋਂ ਸਾਡੇ ਸੀਨੀਅਰਾਂ ਨੂੰ ਸੇਵਾ ਪ੍ਰਦਾਨ ਕਰਨ ਦਾ ਮਾਡਲ ਕੈਨੇਡੀਅਨਾਂ ਦੇ ਬਿਹਤਰ ਹਿੱਤਾਂ ਵਿੱਚ ਹੁੰਦਾ! ਼ਲੇਕਿਨ ਸੱਚ ਇਸਤੋਂ ਕਿਤੇ ਦੂਰ ਹੈ। ਸਹੀ ਹੈ ਕਿ ਖੁੱਲੀ ਮੰਡੀ ਦੇ ਜਮਾਨੇ ਵਿੱਚ ਵਿਦੇਸ਼ੀ ਨਿਵੇਸ਼ ਆਰਥਕਤਾ ਨੂੰ ਮਜ਼ਬੂਤ ਕਰਨ ਦਾ ਇੱਕ ਚੰਗਾ ਮਾਡਲ ਹੈ ਲੇਕਿਨ ਇਸ ਮਾਡਲ ਵਿੱਚ ਕੈਨੇਡੀਅਨ ਸੀਨੀਅਰਾਂ ਦੀ ਸੇਵਾ ਸੰਭਾਲ ਨੂੰ ਸ਼ੱਕੀ ਵਿਦੇਸ਼ੀ ਕੰਪਨੀਆਂ ਦੇ ਹੱਥ ਛੱਡਣਾ ਸ਼ਾਮਲ ਨਹੀਂ ਹੋਣਾ ਚਾਹੀਦਾ।