ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਿੱਚ ਫਰਾਰ ਦੋਸ਼ੀ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ


ਅੰਬਾਲਾ ਸ਼ਹਿਰ, 13 ਜੂਨ (ਪੋਸਟ ਬਿਊਰੋ)- ਜਦ ਤੋਂ ਵਿਰੇਸ਼ ਸ਼ਾਂਡਿਲਯ ਨੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਸੰਬੰਧਤ ਪੋਸਟ ਫੇਸਬੁਕ ਉੱਤੇ ਪਾਈ ਸੀ, ਤਦ ਤੋਂ ਸਿੱਖ ਨੇਤਾ ਅੰਬਾਲਾ ਪੁਲਸ ਤੋਂ ਉਸ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ। ਅੰਬਾਲਾ ਪੁਲਸ ਦੀ ਵਿਸ਼ੇਸ਼ ਟੀਮ ਨੂੰ ਕੱਲ੍ਹ ਉਸ ਸਮੇਂ ਇੱਕ ਵੱਡੀ ਸਫਲਤਾ ਹਾਸਲ ਹੋਈ, ਜਦ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਇੱਕ ਮਸ਼ਹੂਰ ਘੁੰਮਣ ਫਿਰਨ ਵਾਲੇ ਸਥਾਨ ਦੇ ਹੋਟਲ ਤੋਂ ਸ਼ਾਂਡਿਲਯ ਨੂੰ ਕਾਬੂ ਕਰ ਲਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ) ਦੇ ਮੈਂਬਰ ਹਰਪਾਲ ਸਿੰਘ ਪਾਲੀ ਦੀ ਸ਼ਿਕਾਇਤ ਉੱਤੇ ਪੁਲਸ ਨੇ ਵੀਰੇਸ਼ ਸ਼ਾਂਡਿਲਯ ਦੇ ਖਿਲਾਫ ਛੇ ਜੂਨ ਨੂੰ ਅੰਬਾਲਾ ਸ਼ਹਿਰ ਥਾਣੇ ਵਿੱਚ ਕੇਸ ਦਰਜ ਕੀਤਾ ਸੀ। ਉਸ ਦਿਨ ਤੋਂ ਸਿੱਖ ਸਮਾਜ ਵੀਰੇਸ਼ ਸਾਂਡਿਲਯ ਨੂੰ ਗ੍ਰਿਫਤਾਰ ਕਰਨ ਦੀ ਮੰਗ ਲਈ ਹਰਿਆਣਾ ਪੁਲਸ ਦੇ ਉਚ ਅਧਿਕਾਰੀਆਂ ਅਤੇ ਐੱਸ ਜੀ ਪੀ ਸੀ ਦੇ ਉਚ ਅਧਿਕਾਰੀਆਂ ਨੂੰ ਅਪੀਲ ਕਰ ਰਿਹਾ ਸੀ। ਸਿੱਖ ਸਮਾਜ ਦੇ ਵਧਦੇ ਦਬਾਅ ਕਾਰਨ ਪੁਲਸ ਵੀ ਵੀਰੇਸ਼ ਨੂੰ ਕਾਬੂ ਕਰਨ ਲਈ ਸਾਇਬਰ ਸੈਲ ਦੇ ਨਾਲ ਹੋਰਨਾਂ ਸੂਤਰਾਂ ਦਾ ਇਸਤੇਮਾਲ ਕਰ ਰਹੀ ਸੀ। ਕੱਲ੍ਹ ਰਾਤ ਪੁਲਸ ਨੂੰ ਸੂਚਨਾ ਮਿਲੀ ਕਿ ਸ਼ਾਂਡਿਲਯ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਇੱਕ ਹੋਟਲ ਵਿੱਚ ਹੈ ਤਾਂ ਪੁਲਸ ਦੀ ਰੇਡ ਪਾਰਟੀ ਨੇ ਹਿਮਾਚਲ ਵਿੱਚੋਂ ਦੋਸ਼ੀ ਨੂੰ ਕਾਬੂ ਕਰ ਲਿਆ। ਵੀਰੇਸ਼ ਸ਼ਾਂਡਿਲਯ ਨੇ ਇੱਕ ਜੂਨ ਨੂੰ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਸੋਸ਼ਲ ਮੀਡੀਆ ‘ਤੇ ਜਾਣਬੁੱਝ ਕੇ ਇੱਕ ਪੋਸਟ ਅਪਲੋਡ ਕੀਤੀ ਸੀ।