ਧਰਮ, ਸਿਆਸਤ ਤੇ ਸੁਆਰਥ

-ਕਰਨਲ ਕੁਲਦੀਪ ਸਿੰਘ ਗਰੇਵਾਲ (ਰਿਟਾ.)
ਇਨਸਾਨੀ ਦਿਮਾਗ ਨੇ ਜਦੋਂ ਆਪਣੇ ਆਲੇ ਦੁਆਲੇ ਹਨੇਰੀ, ਬੱਦਲ, ਬਦਲਦੇ ਦਿਨ ਰਾਤ, ਬਿਜਲੀ ਦੀ ਕੜਕ, ਤਾਰੇ, ਚੰਨ ਅਤੇ ਜ਼ਮੀਨ ਦੀ ਚਾਲ ਸਮਝਣ ਦੀ ਕੋਸ਼ਿਸ ਕੀਤੀ ਤਾਂ ਇਹ ਘਟਨਾਵਾਂ ਉਸ ਦੀ ਸਮਝ ਵਿੱਚ ਨਹੀਂ ਆ ਰਹੀਆਂ ਸਨ। ਉਸ ਵੇਲੇ ਆਦਿ ਮਨੁੱਖ ਨੂੰ ਇਹ ਮਹਿਸੂਸ ਹੋਇਆ ਕਿ ਕੋਈ ਅਦਿੱਖ ਸ਼ਕਤੀ ਹੈ ਜੋ ਸਭ ਘਟਨਾਵਾਂ ਦੀ ਕਰਤਾ ਹੈ। ਇਸ ਦਾ ਡਰਾਵਣਾ ਤੇ ਸੁਖਾਵਾਂ ਅਨੁਭਵ ਜੋ ਮਨੁੱਖੀ ਜਾਣਕਾਰੀ ਤੋਂ ਪਰੇ ਸੀ, ਉਹ ਇਕ ਸੋਚ ਦੇ ਰੂਪ ਵਿੱਚ ਬਦਲ ਗਿਆ ਅਤੇ ਸ਼ਕਤੀਮਾਨ ਚਾਲਕ ਨੂੰ ਰੱਬ ਦਾ ਨਾਂ ਦਿੱਤਾ।
ਕੁਦਰਤੀ ਅਤੇ ਗੈਰ ਕੁਦਰਤੀ ਘਟਨਾਵਾਂ ਤੋਂ ਪੈਦਾ ਹੋਏ ਡਰ ਤੋਂ ਰਾਹਤ ਲਈ ਮਨੁੱਖ ਇਕੱਠ ਵਿੱਚ ਰਹਿਣ ਲੱਗਿਆ। ਆਪਸੀ ਮੇਲ ਨੂੰ ਕਾਇਮ ਰੱਖਣ ਲਈ ਕੁਝ ਅਸੂਲਾਂ ਦੀ ਲੋੜ ਪਈ ਤੇ ਸਮੇਂ ਅਨੁਸਾਰ ਇਹ ਅਸੂਲ ਬਦਲਦੇ ਗਏ। ਇਸ ਤਰ੍ਹਾਂ ਧਰਮ ਦਾ ਮੁੱਢ ਬੱਝਿਆ। ਜਦੋਂ ਕਿਸੇ ਧਰਮ ਦੀ ਸ਼ੁਰੂਆਤ ਹੁੰਦੀ ਹੈ ਤਾਂ ਧਰਮ ਦੇ ਅਸੂਲ ਕਿਸੇ ‘ਤੇ ਨਹੀਂ ਥੋਪੇ ਜਾਂਦੇ। ਹਰ ਇਨਸਾਨ ਆਪਣੀ ਇੱਛਾ ਅਨੁਸਾਰ ਆਪਣੀ ਇਹੀ ਸੋਚ ਮੁੱਖ ਰੱਖ ਕੇ ਉਨ੍ਹਾਂ ਅਸੂਲਾਂ ‘ਤੇ ਚੱਲਣ ਦਾ ਫੈਸਲਾ ਕਰਦਾ ਹੈ। ਇਸ ਦਾ ਭਾਵ ਇਹ ਹੈ ਕਿ ਧਰਮ ਇਕ ਨਿੱਜੀ ਮਸਲਾ ਹੈ।
ਸੰਸਾਰ ਵਿੱਚ ਭਾਰਤ ਨੂੰ ਰਿਸ਼ੀਆਂ, ਮੁਨੀਆਂ, ਗੁਰੂਆਂ, ਯੋਗੀਆਂ, ਪੀਰਾਂ ਪੈਗੰਬਰਾਂ ਦੇ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਇਥੇ ਬਹੁਤ ਸਾਰੇ ਧਰਮ ਹਨ। ਦੇਸ਼ ਵਿੱਚ ਹਿੰਦੂ ਧਰਮ, ਜੋ ਈਸਾ ਤੋਂ 1500 ਸਾਲ ਪਹਿਲਾਂ ਹੋਂਦ ਵਿੱਚ ਆਇਆ ਸੀ, ਸਭ ਤੋਂ ਵੱਡਾ ਧਰਮ ਹੈ। ਭਾਰਤ ਵਿੱਚ ਲਗਭਗ 70 ਕਰੋੜ ਹਿੰਦੂ ਧਰਮ ਦੇ ਪੈਰੋਕਾਰ ਹਨ। ਪੁਰਾਤਨ ਸਮੇਂ ਤੋਂ ਹੀ ਸ਼ਾਸਕ ਪ੍ਰਜਾ ਵਿੱਚ ਆਪਣੀ ਸ਼ਕਤੀ ਦਾ ਦਬਦਬਾ ਰੱਖਣ ਲਈ ਧਰਮ ਗੁਰੂਆਂ ਰਾਹੀਂ ਧਰਮ ਦੀ ਵਰਤੋਂ ਕਰਦੇ ਆ ਰਹੇ ਹਨ। ਅੱਜ ਵੀ ਇਹ ਰੀਤ ਜਾਰੀ ਹੈ। ਸਗੋਂ ਧਰਮ ਤੋਂ ਇਲਾਵਾ ਵਿੱਦਿਆ, ਸੱਭਿਆਚਾਰ, ਇਤਿਹਾਸ ਅਤੇ ਮੀਡੀਆ ਨੂੰ ਵੀ ਆਪਣੀ ਰਾਜਨੀਤਕ ਸ਼ਕਤੀ ਨੂੰ ਵਧਾਉਣ ਦਾ ਜ਼ਰੀਆ ਬਣਾ ਲਿਆ ਗਿਆ ਹੈ।
ਜਿਉਂ-ਜਿਉਂ ਧਰਮ ਗ੍ਰੰਥ ਪੁਰਾਣੇ ਹੁੰਦੇ ਜਾਂਦੇ ਹਨ, ਉਨ੍ਹਾਂ ਵਿੱਚ ਦਰਜ ਸਿੱਖਿਆਵਾਂ ਦੀ ਨਾ ਕੇਵਲ ਵਿਆਖਿਆ ਔਖੀ ਹੋ ਰਹੀ ਹੈ, ਸਗੋਂ ਉਨ੍ਹਾਂ ਦੇ ਅਰਥ ਵੀ ਹਕੂਮਤੀ ਸੌਖ ਦੇ ਅਨੁਸਾਰ ਬਦਲਾਏ ਜਾਂਦੇ ਹਨ। ਹਿੰਦੂ ਧਰਮ ਦੇ ਮੁੱਢ ਵਿੱਚ ਸਾਰੇ ਗ੍ਰੰਥ ਸੰਸਕ੍ਰਿਤ ਵਿੱਚ ਲਿਖੇ ਜਾਂਦੇ ਸਨ ਤੇ ਸੰਸਕ੍ਰਿਤ ਪੜ੍ਹਨ ਦਾ ਅਧਿਕਾਰ ਸਿਰਫ ਮਨੂ ਸਿਮਰਤੀ ਅਨੁਸਾਰ ਬਣਾਈਆਂ ਜਾਤਾਂ ਵਿੱਚ ਬ੍ਰਾਹਮਣਾਂ ਨੂੰ ਸੀ। ਉਸ ਸਮੇਂ ਬ੍ਰਾਹਮਣ ਹੀ ਰਾਜੇ ਦੇ ਪਿਆਰੇ ਸਲਾਹਕਾਰ ਹੁੰਦੇ ਸਨ।
ਅੰਗਰੇਜ਼ੀ ਰਾਜ ਦੇ ਫੈਲਾਓ ਵਿੱਚ ਵੀ ਚਰਚ ਦਾ ਬਹੁਤ ਵੱਡਾ ਰੋਲ ਰਿਹਾ ਹੈ। ਲੋਕਾਂ ਵਿੱਚ ਜਾਗ੍ਰਿਤੀ ਆਉਣ ਨਾਲ ਇਸਾਈ ਧਰਮ ਆਜ਼ਾਦ ਧਰਮ ਦੇ ਰੂਪ ਵਿੱਚ ਉਭਰ ਕੇ ਆਇਆ ਹੈ। ਬਾਕੀ ਦੁਨੀਆ ਵਿੱਚ ਬਹੁਤ ਸਾਰੇ ਧਰਮਾਂ ਵਿੱਚ ਅਜਿਹਾ ਨਹੀਂ ਹੋਇਆ। ਭਾਰਤ ਵਿੱਚ ਵੀ ਭਾਵੇਂ ਜਾਗ੍ਰਿਤੀ ਆਈ, ਪਰ ਧਰਮ ਸ਼ਾਸਕੀ ਚੁੰਗਲ ਤੋਂ ਬਾਹਰ ਨਹੀਂ ਜਾ ਸਕੇ। ਦੇਸ਼ ਵਿੱਚ ਧਾਰਮਿਕ ਸੰਸਥਾਵਾਂ ਬਣੀਆਂ ਹਨ, ਪਰ ਉਨ੍ਹਾਂ Ḕਤੇ ਸਿਆਸੀ ਰੰਗ ਚੜ੍ਹਿਆ ਹੋਇਆ ਹੈ। ਅੱਜ ਵੀ ਕੋਈ ਬੁੱਧੀਮਾਨ ਵਿਅਕਤੀ ਆਪਣੇ ਗਿਆਨ ਅਨੁਸਾਰ ਧਰਮ ਗ੍ਰੰਥਾਂ ਦੀ ਵਿਆਖਿਆ ਕਰਨ ਤੋਂ ਇਸ ਲਈ ਅਸਮਰੱਥ ਹੈ ਕਿ ਜੇ ਉਸ ਦੀ ਵਿਆਖਿਆ ਦੇ ਉਲਟ ਹੋ ਗਈ ਤਾਂ ਉਸ ‘ਤੇ ਪ੍ਰਚੰਡਤਾ ਦਾ ਪਹਾੜ ਟੁੱਟ ਪਵੇਗਾ।
ਧਰਮ ਗ੍ਰੰਥਾਂ ਦੀ ਵਿਆਖਿਆ ਦੀ ਲੋੜ ਤੋਂ ਪੈਦਾ ਹੋਏ ਅਭਾਸੀ ਧਰਮ ਗੁਰੂ ਆਪਣੇ ਸੁਆਰਥ ਨੂੰ ਅੱਗੇ ਰੱਖ ਕੇ ਧਾਰਮਿਕ ਲਿਖਤਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਲੱਗੇ ਅਤੇ ਲੋਕਾਂ ਦੇ ਦਿਲਾਂ ਵਿੱਚ ਸਦਭਾਵਨਾ ਲਿਆਉਣ ਦੀ ਬਜਾਏ ਕੱਟੜਤਾ ਅਤੇ ਅਸਹਿਣਸ਼ੀਲਤਾ ਭਰਨ ਲੱਗੇ। ਮੇਰੇ ਖਿਆਲ ਵਿੱਚ ਇਨ੍ਹਾਂ ਨੂੰ ਧਰਮ ਗੁਰੂ ਕਹਿਣ ਦੀ ਬਜਾਏ ਅਭਾਸੀ ਧਰਮ ਨੇਤਾ ਕਹਿਣਾ ਵੱਧ ਉਚਿਤ ਹੋਵੇਗਾ। ਬੇਰੁਜ਼ਗਾਰੀ, ਗਰੀਬੀ, ਮਾਨਸਿਕ ਅਤੇ ਸਰੀਰਿਕ ਰੋਗਾਂ ਤੋਂ ਪੀੜਤ ਲੋਕ ਠੇਕੇਦਾਰਾਂ ਦੇ ਪ੍ਰਵਚਨਾਂ ਵਿੱਚੋਂ ਸਕੂਨ ਲੱਭਣ ਲਈ ਇਕੱਠੇ ਹੋ ਜਾਂਦੇ ਹਨ। ਇਸ ਦਾ ਲਾਭ ਉਠਾਉਣ ਲਈ ਸਿਆਸੀ ਨੇਤਾ ਅਤੇ ਪਾਰਟੀਆਂ ਇਸ ਸਾਰੇ ਅਡੰਬਰ ਦੀਆਂ ਬਾਗੀ ਬਣ ਜਾਂਦੀਆਂ ਹਨ। ਧਾਰਮਿਕ ਨੇਤਾਵਾਂ ਅਤੇ ਸਿਆਸਤਦਾਨਾਂ ਦਾ ਗੱਠਜੋੜ ਦੋਵਾਂ ਲਈ ਲਾਭਕਾਰੀ ਸਿੱਧ ਹੁੰਦਾ ਹੈ। ਰਾਜ ਨੇਤਾ, ਚੋਣਾਂ ਸਮੇਂ ਧਰਮ ਨੇਤਾਵਾਂ ਦੀ ਚਾਪਲੂਸੀ ਕਰਕੇ ਚੋਣਾਂ ਜਿੱਤਣ ਦਾ ਜ਼ਰੀਆ ਤਿਆਰ ਕਰ ਲੈਂਦੇ ਹਨ ਅਤੇ ਜਦੋਂ ਧਰਮ ਨੇਤਾ ਕਿਸੇ ਕਾਨੂੰਨ ਦੇ ਸ਼ਿਕੰਜੇ ਵਿੱਚ ਆ ਜਾਂਦੇ ਹਨ ਤਾਂ ਸਿਆਸਤਦਾਨਾਂ ਦੀ ਮਦਦ ਨਾਲ ਸਾਫ ਬਚ ਨਿਕਲਦੇ ਹਨ।
ਸਿਆਸਤਦਾਨ ਧਰਮ ਨੂੰ ਰਾਜਨੀਤੀ ਦਾ ਮੋਹਰਾ ਬਣਾ ਕੇ ਵਰਤਦੇ ਹਨ। ਜਦੋਂ ਧਰਮ ਨੂੰ ਹਥਿਆਰ ਬਣਾ ਕੇ ਸਿਆਸੀ ਟੀਚਿਆਂ ਲਈ ਵਰਤਿਆ ਜਾਂਦਾ ਹੈ ਤਾਂ ਇਸ ਵਿੱਚੋਂ ਉਪਜੀ ਨਫਰਤ ਦੇ ਲਾਵੇ ਵਿੱਚ ਇਨਸਾਨੀਅਤ ਝੁਲਸ ਜਾਂਦੀ ਹੈ। ਭਾਰਤੀ ਸਿਆਸਤ ਵਿੱਚ ਧਰਮ ਦੀ ਵਰਤੋਂ ਆਮ ਹੋ ਗਈ ਹੈ। ਧਰਮ ਦੇ ਨਾਮ ਉੱਤੇ ਦੰਗੇ ਭੜਕਾ ਕੇ ਸਿਆਸਤ ਚਮਕਾਉਣਾ ਨੇਤਾਵਾਂ ਦੀ ਆਦਤ ਵਿੱਚ ਸ਼ਾਮਲ ਹੋ ਗਿਆ ਹੈ। ਧਰਮ ਨਾਲ ਜੁੜੀਆਂ ਘਟਨਾਵਾਂ, ਜੋ ਅਪਰਾਧ ਦੇ ਤੌਰ Ḕਤੇ ਕਾਨੂੰਨੀ ਪ੍ਰਣਾਲੀ ਰਾਹੀਂ ਨਜਿੱਠੀਆਂ ਜਾਣੀਆਂ ਚਾਹੀਦੀਆਂ ਹਨ, ਨੂੰ ਸਿਆਸੀ ਰੰਗ ਦੇ ਕੇ ਲੋਕਾਂ ਦੇ ਦਿਲਾਂ ਵਿੱਚ ਜ਼ਹਿਰ ਭਰਿਆ ਜਾ ਰਿਹਾ ਹੈ। ਇਸ Ḕਤੇ ਸਾਲ-ਬੱਧੀ ਰਾਜਨੀਤੀ ਕੀਤੀ ਜਾਂਦੀ ਹੈ। ਦੁੱਖ ਤਾਂ ਇਸ ਗੱਲ ਦਾ ਹੈ ਕਿ ਸ਼ਾਸਨ ਹੀ ਰੀਤੀ ਰਿਵਾਜਾਂ, ਖਾਣ ਪੀਣ ਤੇ ਪਹਿਰਾਵੇ ਦਾ ਪਹਿਰੇਦਾਰ ਬਣ ਰਿਹਾ ਹੈ। ਜੋ ਲੋਕ ਇਸ ਦਾ ਵਿਰੋਧ ਕਰਦੇ ਹਨ, ਜਾਂ ਉਨ੍ਹਾਂ ਨੂੰ ਜਾਨ ਦਾ ਖਤਰਾ ਹੋ ਜਾਂਦਾ ਹੈ ਜਾਂ ਉਹ ਜੀਵਨ ਤੋਂ ਹੀ ਹੱਥ ਧੋ ਬੈਠਦੇ ਹਨ। ਭਾਰਤੀ ਸੰਵਿਧਾਨ ਵਿੱਚ ਹਰ ਨਾਗਰਿਕ ਨੂੰ ਧਰਮ ਦੀ ਆਜ਼ਾਦੀ ਹੈ ਅਤੇ ਇਹ ਇਕ ਨਿੱਜੀ ਮਾਮਲਾ ਹੈ, ਫਿਰ ਧਰਮ ਪਰਿਵਰਤਨ ਰੋਕਣ ਜਾਂ ਜ਼ਬਰੀ ਧਰਮ ਬਦਲੀ ਕਰਾਉਣ ਦਾ ਕਿਸੇ ਨੂੰ ਕੀ ਹੱਕ ਹੈ? ਕੋਈ ਵੀ ਸਮਾਜਿਕ ਰੀਤੀ ਰਿਵਾਜ ਜਾਂ ਧਾਰਮਿਕ ਧਾਰਾਵਾਂ ਜੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਦੀਆਂ ਹਨ, ਉਨ੍ਹਾਂ ਨੂੰ ਦੂਰ ਕਰਨ ਲਈ ਕਾਨੂੰਨੀ ਰਾਹ ਅਪਨਾਉਣ ਤੋਂ ਪਹਿਲਾਂ ਆਮ ਲੋਕਾਂ ਦੀ ਇਕ ਸਮਾਜਿਕ ਲਹਿਰ ਰਾਹੀਂ ਸਹਿਮਤੀ ਲੈਣੀ ਜ਼ਰੂਰੀ ਹੋ ਜਾਂਦੀ ਹੈ।
ਮਨ ਵਿੱਚ ਇਕ ਸਵਾਲ ਉਠਦਾ ਹੈ ਕਿ ਕੀ ਧਰਮ ਨੂੰ ਰਾਜਨੀਤੀ ਤੋਂ ਭਾਰਤ ਵਰਗੇ ਬਹੁ-ਧਰਮੀ ਦੇਸ਼ ਵਿੱਚ ਵੱਖ ਕੀਤਾ ਜਾ ਸਕਦਾ ਹੈ? ਇਹ ਬਿਲਕੁਲ ਸੰਭਵ ਹੈ। ਜੇ ਧਰਮ ਆਪਣੇ ਘੇਰੇ ਵਿੱਚ ਸੀਮਿਤ ਰਹਿਣ। ਸਭ ਧਾਰਮਿਕ ਗਤੀਵਿਧੀਆਂ ਚਾਰ ਦੀਵਾਰੀ ਦੇ ਅੰਦਰ ਹੋਣ, ਬਾਹਰ ਕਿਸੇ ਕਿਸਮ ਦੇ ਦਿਖਾਵਿਆਂ ‘ਤੇ ਪਾਬੰਦੀ ਲਾਈ ਜਾਵੇ। ਇਕ ਧਰਮ ਦੂਜੇ ਧਰਮ ਦੇ ਕਿਸੇ ਮਸਲੇ ਵਿੱਚ ਦਖਲ ਨਾ ਦੇਵੇ। ਹਰ ਧਰਮ ਨੂੰ ਆਪਣੇ ਅਸੂਲਾਂ ਦਾ ਖਾਣ ਪੀਣ ਤੇ ਪਹਿਰਾਵੇ ਦੀ ਖੁੱਲ੍ਹ ਹੋਵੇ। ਧਰਮ ਅਸਥਾਨਾਂ ‘ਤੇ ਕਿਸੇ ਕਿਸਮ ਦੀਆਂ ਰਾਜਨੀਤਕ ਗਤੀਵਿਧੀਆਂ Ḕਤੇ ਰੋਕ ਲੱਗਣੀ ਚਾਹੀਦੀ ਹੈ। ਜੇ ਕਿਸੇ ਧਰਮ ਵਿੱਚ ਸੁਧਾਰ ਲਹਿਰ ਉਠਦੀ ਹੈ ਤਾਂ ਉਸ ਦਾ ਕਾਨੂੰਨੀ ਹੱਲ ਲੱਭਿਆ ਜਾਵੇ, ਪਰ ਦੂਜੇ ਧਰਮ ਉਸ ਲਹਿਰ ਤੋਂ ਦੂਰ ਰਹਿਣ।
ਕੀ ਨੇਤਾ ਇਹ ਸਭ ਕੁਝ ਹੋਣ ਦੇਣਗੇ? ਉਨ੍ਹਾਂ ਨੂੰ ਬਣੇ ਬਣਾਏ ਇਕੱਠ ਆਪਣੇ ਪ੍ਰਚਾਰ ਲਈ ਮਿਲ ਰਹੇ ਹੋਣ ਅਤੇ ਧਰਮ ਅਸਥਾਨਾਂ ਦੇ ਪੈਸੇ ‘ਤੇ ਉਨ੍ਹਾਂ ਦਾ ਅਧਿਕਾਰ ਹੋਵੇ। ਜੇ ਦੇਸ਼ ਨੂੰ ਨੇਤਾਵਾਂ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਦੰਗਿਆਂ ਤੋਂ ਬਚਾਉਣਾ ਹੈ ਤਾਂ ਰਾਜਨੀਤੀ ਦਾ ਧਰਮ ਵਿੱਚ ਦਖਲ ਕਾਨੂੰਨੀ ਤੌਰ ‘ਤੇ ਬੰਦ ਬੋਣਾ ਚਾਹੀਦਾ ਹੈ।