ਧਰਮ ਵਿੱਚ ਵਿਖਾਵਾ ਹੋਇਆ ਭਾਰੂ

-ਮਹਿੰਦਰ ਸਿੰਘ ਦੋਸਾਂਝ
ਪੁਰਾਣੇ ਸਮਿਆਂ ਵਿੱਚ ਜਦੋਂ ਸਾਡੇ ਦੇਸ਼ ਵਿੱਚ ਧਾਰਮਿਕ ਸਥਾਨ ਕੱਚੇ ਹੁੰਦੇ ਸਨ ਤਾਂ ਮਨ ਧਰਮਾਂ ਨਾਲ ਪੱਕੇ ਹੁੰਦੇ ਸਨ। ਪਾਠ, ਕੀਰਤਨ ਤੇ ਧਾਰਮਿਕ ਸੰਗੀਤ ਦੀ ਆਵਾਜ਼ ਕੰਧਾਂ ਵਿੱਚੋਂ ਬਾਹਰ ਨਹੀਂ ਸੀ ਨਿਕਲਦੀ ਹੁੰਦੀ।
ਅੱਜ ਧਾਰਮਿਕ ਸਥਾਨ ਪੱਕੇ ਹੀ ਨਹੀਂ ਹੋਏ, ਇਨ੍ਹਾਂ ਅੰਦਰ ਚਿਪਸਾਂ ਲੱਗ ਗਈਆਂ ਹਨ ਤੇ ਗੁੰਬਦਾਂ ਉਤੇ ਸੋਨੇ ਦੇ ਕਲਸ਼ ਚੜ੍ਹ ਗਏ ਹਨ, ਪਰ ਸਮਾਜ ਵਿੱਚ ਜਿੰਨੀਆਂ ਕੁ ਨੈਤਿਕ ਕਦਰਾਂ ਕੀਮਤਾਂ ਅੱਜ ਤੋਂ 70 ਸਾਲ ਪਹਿਲਾਂ ਸਨ, ਉਨ੍ਹਾਂ ਦੇ ਮੁਕਾਬਲੇ ਅੱਜ ਕਈ ਗੁਣਾਂ ਨਿਘਾਰ ਆਇਆ ਤੇ ਸਮਾਜ ਤੇਜ਼ੀ ਨਾਲ ਕਈ ਅਪਰਾਧਾਂ ਵੱਲ ਵਧ ਰਿਹਾ ਹੈ। ਅੱਜ ਧਾਰਮਿਕ ਸਥਾਨਾਂ ਉਤੇ ਸ਼ਕਤੀਸ਼ਾਲੀ ਲਾਊਡ ਸਪੀਕਰਾਂ ‘ਤੇ ਚੌਮੁਖੀਏ ਹਾਰਨ ਰੱਖ ਦਿੱਤੇ ਹਨ, ਜਿਨ੍ਹਾਂ ਦੇ ਕੰਨ ਪਾੜਵੇਂ ਸ਼ੋਰ ਵਿੱਚ ਧਾਰਮਿਕ ਸਿਧਾਂਤਾਂ ਦਾ ਗਾਇਬ ਹੋਇਆ ਸੰਦੇਸ਼ ਸ਼ਾਇਦ ਹੀ ਕੋਈ ਲੱਭ ਸਕੇ। ਅਜਿਹੇ ਬੇਲੋੜੇ ਸ਼ੋਰ ਨਾਲ ਵਿਦਿਆਰਥੀਆਂ, ਮਰੀਜ਼ਾਂ, ਬੁੱਧੀਜੀਵੀਆਂ ਤੇ ਸ਼ਾਂਤੀ ਦੇ ਪ੍ਰੇਮੀਆਂ ਨੂੰ ਜਿੰਨੀ ਪਰੇਸ਼ਾਨੀ ਹੁੰਦੀ ਹੈ, ਉਸ ਦਾ ਅੰਦਾਜ਼ਾ ਧਰਮ ਦੇ ਅਜੋਕੇ ਸੰਚਾਲਕ ਲਾਉਣ ਨੂੰ ਸ਼ਾਇਦ ਬੇਕਾਰ ਸਮਝਦੇ ਹਨ। ਉਹ ਇਸ ਨੂੰ ਧਰਮਾਂ ਦੇ ਨਾਮ ‘ਤੇ ਚੱਲਦੀ ਦੁਕਾਨ ਦਾ ਨੁਕਸਾਨ ਸਮਝਦੇ ਹਨ। ਇਹ ਲੋਕ ਅਜਿਹੀ ਰਵਾਇਤ ਛੱਡਣ ਲਈ ਅਕਾਲ ਤਖਤ ਤੇ ਉਚ ਅਦਾਲਤਾਂ ਵੱਲੋਂ ਦਿੱਤੇ ਆਦੇਸਾਂ ਦੀ ਵੀ ਪਰਵਾਹ ਨਹੀਂ ਕਰਦੇ ਤੇ ਮਹਾਨ ਗ੍ਰੰਥਾਂ ਦੇ ਵਧੀਆ ਸੰਦੇਸ਼ ਨੂੰ ਘਟੀਆ ਢੰਗ ਨਾਲ ਸੁਣਾਉਣ ਨੂੰ ਆਪਣਾ ਅਧਿਕਾਰ ਸਮਝਦੇ ਰਹੇ ਹਨ।
ਸਾਡੇ ਦੇਸ਼ ਦੇ ਪੀਰ ਪੈਗਬੰਰ ਸ਼ਾਂਤੀ ਦੀ ਭਾਲ ਵਿੱਚ ਕੈਲਾਸ਼ ਪਰਬਤ, ਹੇਮਕੁੰਟ ਤੇ ਹੋਰ ਇਕਾਂਤ ਨਾਲ ਜੁੜੇ ਸਥਾਨਾਂ ‘ਤੇ ਪਹੁੰਚੇ, ਪਰ ਅੱਜ ਉਨ੍ਹਾਂ ਦੇ ਸ਼ਰਧਾਲੂ ਕੀ ਕਰਦੇ ਹਨ? ਇਸ ਸਵਾਲ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਅੱਜ ਬਹੁਤੇ ਪਾਠ, ਕੀਰਤਨ ਤੇ ਜਗਰਾਤੇ ਧਰਮ ਦੇ ਨਾਮ ਉਤੇ ਆਪਣੇ ਕਾਰੋਬਾਰ ਅਤੇ ਲੋਕਾਂ ਦੀ ਕਾਰਜ ਸਿੱਧੀ ਵਾਸਤੇ ਕਰਨ ਕਰਾਉਣ ਦਾ ਰਿਵਾਜ ਪ੍ਰਚੱਲਤ ਹੋ ਗਿਆ ਹੈ, ਅਜਿਹੇ ਧਾਰਮਿਕ ਕਾਰਜਾਂ ਵਿੱਚ ਧਾਰਮਿਕ ਸਿਧਾਂਤ ਤੇ ਸੰਦੇਸ਼ ਨੂੰ ਸਿੱਖਣ, ਸਮਝਣ ਤੇ ਗ੍ਰਹਿਣ ਕਰਨ ਦੀ ਲੋੜ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਸ਼ਰਧਾਲੂਆਂ ਦੀ ਕਾਰਜ ਸਿੱਧੀ ਲਈ ਜਿਥੇ ਪਾਠ, ਕੀਰਤਨ, ਜਗਰਾਤੇ ਤੇ ਹੋਰ ਧਾਰਮਿਕ ਰਸਮਾਂ ਕੀਤੀਆਂ ਜਾਂਦੀਆਂ ਹਨ, ਉਥੇ ਇਹ ਬਿਲਕੁਲ ਨਹੀਂ ਵਿਚਾਰਿਆ ਜਾਂਦਾ ਕਿ ਕਾਰਜ ਗਲਤ ਹੈ ਜਾਂ ਸਹੀ। ਕਿਸੇ ਵੀ ਧਾਰਮਿਕ ਆਗੂ ਦੇ ਜਨਮ ਦਿਨ ਤੇ ਜੋਤੀ ਜੋਤ ਸਮਾਉਣ ਦਿਵਸ ਉਤੇ ਵਿਸ਼ਾਲ ਨਗਰ ਕੀਰਤਨ ਤੇ ਸ਼ੋਭਾ ਯਾਤਰਾ ਕੱਢਣ ਦਾ ਸੱਭਿਆਚਾਰ ਬਹੁਤ ਤੇਜ਼ੀ ਨਾਲ ਵਿਕਸਤ ਹੋਇਆ ਹੈ। ਅਜਿਹੇ ਕੰਮ ਵਿੱਚ ਕੇਵਲ ਦੋ ਡੰਗ ਦੀ ਰੋਟੀ ਵਾਲੇ ਮਿਹਨਤੀ ਲੋਕ ਵੀ ਹਿੱਸਾ ਪਾਉਂਦੇ ਹਨ, ਪਰ ਵੱਡੀ ਪੱਧਰ ‘ਤੇ ਦੋ ਨੰਬਰ ਦਾ ਪੈਸਾ ਕਮਾਉਣ ਵਾਲੇ ਲੋਕ ਆਪਣੇ ਆਪ ‘ਤੇ ਨੈਤਿਕਤਾ ਦਾ ਧਾਰਮਿਕ ਠੱਪਾ ਲਵਾਉਣ ਲਈ ਹਿੱਸਾ ਪਾਉਂਦੇ ਹਨ। ਇਨ੍ਹਾਂ ਸ਼ੋਭਾ ਯਾਤਰਾਵਾਂ ਵਿੱਚ ਅਜੋਕੇ ਸਿਆਸੀ ਨੇਤਾ ਆਪਣੇ ਵਰਕਰਾਂ ਨੂੰ ਵਿਸ਼ੇਸ਼ ਗੱਡੀਆਂ ਤੇ ਟਰਾਲੀਆਂ ਵਿੱਚ ਬਿਠਾ ਕੇ ਭੇਜਦੇ ਹਨ ਤਾਂ ਕਿ ਧਾਰਮਿਕ ਸ਼ਰਧਾਲੂਆਂ ਦੀਆਂ ਲੋੜ ਪੈਣ ‘ਤੇ ਵੋਟਾਂ ਹਥਿਆਈਆਂ ਜਾ ਸਕਣ।
ਅਜਿਹੇ ਨਗਰ ਕੀਰਤਨ ਤੇ ਸ਼ੋਭਾ ਯਾਤਰਾ ਦੇ ਅਜੋਕੇ ਸੰਚਾਲਕਾਂ ਨੂੰ ਕੋਈ ਫਿਕਰ ਤੇ ਅਹਿਸਾਸ ਨਹੀਂ ਹੁੰਦਾ ਕਿ ਇਸ ਭੀੜ ਵਿੱਚ ਫਸੇ ਹਸਪਤਾਲ ਜਾਂਦੇ ਕਿਸੇ ਗੰਭੀਰ ਮਰੀਜ਼ ਦੀ ਮੌਤ ਹੋ ਸਕਦੀ ਹੈ। ਸਹੀ ਸਮੇਂ ‘ਤੇ ਕਿਸੇ ਮਰੀਜ਼ ਲਈ ਦਵਾਈਆਂ ਲਿਜਾਣ ਵਾਲੇ ਦੇ ਭੀੜ ਵਿੱਚ ਫਸਣ ਨਾਲ ਮਰੀਜ਼ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ, ਕਿਸੇ ਕੋਈ ਇੰਟਰਵਿਊ ਦੇਣ ਲਈ ਜਲਦੀ ਪਹੁੰਚਣਾ ਹੈ, ਭੀੜ ਵਿੱਚ ਫਸ ਕੇ ਉਸ ਦਾ ਭਵਿੱਖ ਖਤਰੇ ਵਿੱਚ ਪੈ ਸਕਦਾ ਹੈ।
ਭਾਰਤ ਦੇ ਅਨੇਕਾਂ ਧਰਮਾਂ ਵਿੱਚੋਂ ਅਸੀਂ ਗੁਰਮਤਿ ਦਰਸ਼ਨ ਨੂੰ ਵਧੇਰੇ ਪ੍ਰਗਤੀਸ਼ੀਲ ਅਤੇ ਕਲਿਆਣਕਾਰੀ ਪ੍ਰਵਾਨ ਕਰਦੇ ਹਾਂ। ਗੁਰਮਤਿ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਨੇ ਜਿਸ ਰਵਾਇਤੀ ਆਰਤੀ ਦਾ ਖੰਡਨ ਕਰਨ ਲਈ ਸ਼ਬਦ ਦੀ ਸਿਰਜਣਾ ਕੀਤੀ ਤੇ ਕਿਹਾ ਸੀ ਕਿ ਸਾਰਥਿਕ ਆਰਤੀ ਤਾਂ ਕੁਦਰਤੀ ਬ੍ਰਹਿਮੰਡ ਵਿੱਚ ਹੋ ਰਹੀ ਹੈ। ਅੱਜ ਉਸੇ ਸ਼ਬਦ ਨਾਲ ਧਾਰਮਿਕ ਸਥਾਨਾਂ ਵਿੱਚ ਦੁਨਿਆਵੀ ਆਰਤੀ ਕਰਨ ਦਾ ਰਿਵਾਜ ਚੱਲ ਪਿਆ ਹੈ ਤੇ ਥਾਲਾਂ ਵਿੱਚ ਪੈਸੇ ਪਵਾਏ ਜਾ ਰਹੇ ਹਨ।
ਅੱਜ ਕਈ ਥਾਵਾਂ ‘ਤੇ ਵੇਖਿਆ ਜਾਂਦਾ ਹੈ ਕਿ ਇਕੋ ਥਾਂ ਕਈ-ਕਈ ਇਕੱਠੇ ਅਖੰਡ ਪਾਠ ਸ਼ੁਰੂ ਕੀਤੇ ਜਾਂਦੇ ਹਨ ਅਤੇ ਕਈ ਥਾਂ ਅਖੰਡ ਪਾਠਾਂ ਦੀਆਂ ਲੜੀਆਂ ਸ਼ੁਰੂ ਕੀਤੀਆਂ ਜਾਂਦੀਆਂ ਹਨ। ਅਖੰਡ ਪਾਠ ਕਰਨ ਤੇ ਕਰਾਉਣ ਅਤੇ ਅਖੰਡ ਪਾਠਾਂ ਲਈ ਪੈਸੇ ਲੈਣ ਅਤੇ ਦੇਣ ਵਾਲੇ ਚਾਹੀਦੇ ਹਨ, ਪਾਠ ਸੁਣਨ ਵਾਲਿਆਂ ਦੀ ਕੋਈ ਲੋੜ ਨਹੀਂ ਸਮਝੀ ਜਾਂਦੀ। ਪਾਠ ਦੇ ਸੰਦੇਸ਼ ਨੂੰ ਸਿੱਖਣ, ਸਮਝਣ ਤੇ ਜੀਵਨ ਵਿੱਚ ਲਾਗੂ ਕਰਨ ਦੀ ਗੱਲ ਤਾਂ ਕਿਤੇ ਦੂਰ ਦੀ ਹੁੰਦੀ ਹੈ।
ਕਿਸੇ ਰਾਗੀ, ਢਾਡੀ, ਕੀਰਤਨੀਏ, ਕਵੀ, ਕਲਾਕਾਰ ਜਾਂ ਕਿਸੇ ਸਿਆਸੀ ਤੇ ਧਾਰਮਿਕ ਨੇਤਾ ਨੂੰ ਸਟੇਜ ਉਤੇ ਚਾੜ੍ਹ ਦਈਏ ਤੇ ਅੱਗੇ ਸੁਣਨ ਵਾਲਾ ਕੋਈ ਨਾ ਬੈਠਾ ਹੋਵੇ ਤਾਂ ਸਟੇਜ ‘ਤੇ ਚੜ੍ਹਿਆ ਬੰਦਾ ਹੇਠਾਂ ਉਤਰ ਕੇ ਪ੍ਰਬੰਧਕਾਂ ਦੇ ਕੰਨ ਖਿੱਚ ਕੇ ਕਹੇਗਾ, ਸਾਡੀ ਬੇਇੱਜ਼ਤੀ ਕਰਨ ਲਈ ਸਾਨੂੰ ਸਟੇਜ ‘ਤੇ ਚਾੜ੍ਹਿਆ ਹੈ? ਤਨਖਾਹਾਂ ਲੈ ਕੇ ਪਾਠ ਕਰਨ ਵਾਲੇ ਇਸ ਸਵਾਲ ਦਾ ਜਵਾਬ ਦੇਣ ਦੀ ਕੋਈ ਲੋੜ ਨਹੀਂ ਸਮਝਣਗੇ, ਕਿਸੇ ਵੀ ਧਾਰਮਿਕ ਗ੍ਰੰਥ ਦਾ ਇਸ ਤੋਂ ਵੱਡਾ ਹੋਰ ਨਿਰਾਦਰ ਕਿਹੜਾ ਹੈ ਕਿ ਪਾਠ ਚੱਲ ਰਿਹਾ ਹੋਵੇ ਤੇ ਅੱਗੇ ਸੁਣਨ ਵਾਲਾ ਕੋਈ ਨਾ ਬੈਠਾ ਹੋਵੇ।
ਹੁਣ ਧਾਰਮਿਕ ਗਤੀਵਿਧੀਆਂ ਨੇ ਵਪਾਰ ਦਾ ਰੂਪ ਧਾਰ ਲਿਆ ਹੈ। ਗੁਰਮਤਿ ਨਾਲ ਜੁੜੇ ਬਹੁਤੇ ਲੋਕ ਧਾਰਮਿਕ ਵਪਾਰ ਵੱਲ ਵਧ ਰਹੇ ਹਨ। ਵਿਦੇਸ਼ੀ ਸ਼ਰਧਾਲੂਆਂ ਕੋਲ ਧਾਰਮਿਕ ਰਸਮਾਂ ‘ਤੇ ਖਰਚਣ ਲਈ ਪੈਸਾ ਤਾਂ ਖੁੱਲ੍ਹਾ ਹੁੰਦਾ ਹੈ, ਪਰ ਸਮੇਂ ਦੀ ਅਕਸਰ ਘਾਟ ਹੁੰਦੀ ਹੈ। ਉਨ੍ਹਾਂ ਦੀ ਸਹੂਲਤ ਲਈ ਮਾਡਰਨ ਤਕਨੀਕ ਰਾਹੀਂ ਪਾਠ ਤੇ ਅਖੰਡ ਪਾਠ ਕਰਾਉਣ ਦਾ ਨਵਾਂ ਸੱਚ ਸਾਹਮਣੇ ਆਇਆ ਹੈ। ਇਨ੍ਹਾਂ ਦੀ ਸੁਵਿਧਾ ਲਈ ਇੰਟਰਨੈਟ ਰਾਹੀਂ ਪਾਠ ਜਾਂ ਅਖੰਡ ਪਾਠ ਬੁੱਕ ਕਰਕੇ ਤੇ ਕ੍ਰੈਡਿਟ ਕਾਰਡ ਰਾਹੀਂ ਕੀਤੇ ਕਰਾਏ ਪਾਠਾਂ ਦੇ ਪੈਸੇ ਵਸੂਲ ਕੇ ਈ ਮੇਲ ਰਾਹੀਂ ਰਸੀਦ ਭੇਜ ਦਿੱਤੀ ਜਾਂਦੀ ਹੈ।