ਧਰਤੀ ਹੋਰੁ ਪਰੈ ਹੋਰੁ ਹੋਰੁ!

-ਡਾ. ਕੁਲਦੀਪ ਸਿੰਘ ਧੀਰ
ਕਿਸੇ ਦੂਜੀ, ਤੀਜੀ, ਚੌਥੀ ਜਾਂ ਪੰਜਵੀਂ ਧਰਤੀ ਦੀ ਗੱਲ ਵਿਗਿਆਨੀ ਪੈਂਟੀਅਮ ਟੂ, ਥਰੀ, ਫੋਰ, ਫਾਈਵ ਵਾਂਗ ਕਰਨ ਜੋਗੇ ਹੋ ਗਏ ਹਨ। ਏਲੀਅਨਜ਼ ਵੀ ਹੁਣ ਸਿਰਫ਼ ਮਿਥ ਨਹੀਂ ਰਹਿ ਗਏ। ਏਲੀਅਨ ਅਤੇ ਹੋਰ ਧਰਤੀਆਂ ਬਾਰੇ ਗੱਲ ਹੁਣ ‘ਜੇ’ ਨਾਲ ਜੁੜ ਕੇ ਕਰਨ ਦੀ ਥਾਂ ‘ਕਦੋਂ’, ‘ਕਿਵੇਂ’, ‘ਕੌਣ’ ਅਤੇ ‘ਕਿੱਥੇ’ ਵਰਗੇ ਪ੍ਰਸ਼ਨਾਂ ਵੱਲ ਮੁੜਨ ਦੇ ਮੌਕੇ ਪੈਦਾ ਹੋ ਰਹੇ ਹਨ। ਪਿਛਲੇ ਦੋ ਕੁ ਦਹਾਕਿਆਂ ਵਿੱਚ ਅਜਿਹਾ ਵਾਰ-ਵਾਰ ਹੋਇਆ ਹੈ। ਹਰ ਵਾਰ ਇਸ ਦੀ ਚਰਚਾ ਤੇ ਸ਼ੋਰ ਦੀ ਸੁਰ ਉਚੇਰੀ ਹੁੰਦੀ ਗਈ ਹੈ। ਤਾਜ਼ਾ ਰੌਲਾ-ਗੌਲਾ 22 ਫਰਵਰੀ 2017 ਦੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪ੍ਰੈੱਸ ਨੋਟ ਨੇ ਪੈਦਾ ਕੀਤਾ ਹੈ। ਇਸ ਪ੍ਰੈੱਸ ਨੋਟ ਨੇ ਸਾਢੇ ਤੇਈ ਸੌ ਖਰਬ ਮੀਲ ਦੂਰ ਅਕੁਏਰੀਅਸ ਤਾਰਾ ਗਰੁੱਪ ਵਿੱਚ ਟਰੈਪਿਸਟ-1 ਨਾਂ ਦੇ ਤਾਰੇ (ਸੂਰਜ) ਦੁਆਲੇ ਚੱਕਰ ਕੱਟ ਰਹੀਆਂ ਸੱਤ ਨਿੱਕੀਆਂ-ਵੱਡੀਆਂ ਧਰਤੀਆਂ ਲੱਭਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਨੌਂ ਕੁ ਮਹੀਨੇ ਪਹਿਲਾਂ ਚਿਲੀ ਵਿੱਚ ਲੱਗੇ ਇੱਕ ਵੱਡੇ ਟੈਲੀਸਕੋਪ ਨਾਲ ਟਰੈਪਿਸਟ ਤਾਰੇ ਦੁਆਲੇ ਤਿੰਨ ਅਜਿਹੇ ਗ੍ਰਹਿਆਂ ਦੀ ਦੱਸ ਪਾਈ ਗਈ। ਉਂਜ ਟਰੈਪਿਸਟ, ਚਿਲੀ ਦੇ ਇੱਕ ਵੱਡੇ ਟੈਲੀਸਕੋਪ ਦਾ ਸੰਖੇਪ ਨਾਂ ਹੈ। ਟਰੈਪਿਸਟ-1 ਉਸੇ ਦਾ ਲੱਭਿਆ ਤਾਰਾ (ਸੂਰਜ) ਹੈ ਤੇ ਇਹ ਤਿੰਨ ਗ੍ਰਹਿ ਵੀ ਉਸ ਨੇ ਮਈ 2016 ਵਿੱਚ ਲੱਭੇ।
ਨਾਸਾ ਨੇ ਇਨ੍ਹਾਂ ਦੀ ਛਾਣਬੀਣ ਸਪਿਟਜ਼ਰ ਸਪੇਸ ਟੈਲੀਸਕੋਪ ਅਤੇ ਹੱਬਲ ਸਪੇਸ ਟੈਲੀਸਕੋਪ ਨਾਲ ਕਰਨ ਦਾ ਬੀੜਾ ਚੁੱਕਿਆ। ਤਿੰਨ ਵਿੱਚੋਂ ਦੋ ਗ੍ਰਹਿਆਂ ਦੀ ਪੁਸ਼ਟੀ ਤਾਂ ਹੋਈ ਹੀ, ਪੰਜ ਹੋਰ ਗ੍ਰਹਿਆਂ ਦਾ ਵੀ ਪਤਾ ਲੱਗਾ। ਸਾਰੇ ਸੱਤ ਗ੍ਰਹਿਆਂ ਉੱਤੇ ਜੀਵਨ ਦਾਤਾ ਪਾਣੀ ਦੀ ਸੰਭਾਵਨਾ ਪ੍ਰਤੀਤ ਹੋਈ। ਇਨ੍ਹਾਂ ਵਿੱਚੋਂ ਤਿੰਨ ਦੀ ਆਪਣੇ ਸੂਰਜ ਤੋਂ ਦੂਰੀ ਇਨ੍ਹਾਂ ਨੂੰ ਜੀਵਾਂ ਦੇ ਵਾਸੇ ਯੋਗ ਦੱਸਦੀ ਹੈ। ਨਾਸਾ ਦੇ ਸਾਇੰਸ ਮਿਸ਼ਨ ਡਾਇਰੈਕਟੋਰੇਟ ਦੇ ਐਸੋਸੀਏਟ ਐਡਮਿਨਿਸਟ੍ਰੇਟਰ ਥਾਮਸ ਜ਼ੁਰਬੁਚੇਨ ਨੂੰ ਇਹ ਲੱਭਤ ਏਲੀਅਨਜ਼ ਤੇ ਨਵੀਆਂ ਧਰਤੀਆਂ ਦੀ ਖੋਜ ਦੇ ਖੇਤਰ ਵੱਲ ਸ਼ਾਨਦਾਰ ਕਦਮ ਪ੍ਰਤੀਤ ਹੋਈ ਹੈ। ਉਂਜ, ਇਸ ਗ੍ਰਹਿ-ਮੰਡਲ ਦਾ ਸੂਰਜ ਸਾਡੇ ਸੂਰਜ ਵਰਗਾ ਗਰਮ ਨਹੀਂ। ਇਹ ਇੱਕ ਬੌਣਾ ਜਿਹਾ ਸੂਰਜ ਹੈ। ਇੰਨਾ ਠੰਢਾ ਕਿ ਇਸ ਦੇ ਖਾਸੇ ਨੇੜੇ ਚੱਕਰ ਕੱਟ ਰਹੇ ਗ੍ਰਹਿਆਂ ਉੱਤੇ ਵੀ ਤਰਲ ਪਾਣੀ ਦੀ ਸੰਭਾਵਨਾ ਹੈ। ਸਾਡੇ ਸੂਰਜ ਪਰਿਵਾਰ ਵਿਚਲੇ ਬੁੱਧ ਗ੍ਰਹਿ ਨਾਲੋਂ ਵੀ ਵੱਧ ਨੇੜੇ ਹਨ ਇਹ ਸੱਤ ਦੇ ਸੱਤ ਗ੍ਰਹਿ। ਆਪਸ ਵਿੱਚ ਵੀ ਨੇੜਲੇ ਗੁਆਂਢੀਆਂ ਵਾਂਗ। ਇਨ੍ਹਾਂ ਵਿੱਚੋਂ ਕਿਸੇ ਉੱਤੇ ਵੀ ਖੜੇ ਬੰਦੇ ਨੂੰ ਉਪਰ ਆਸਮਾਨ ਵਿੱਚ ਦੂਜੇ ਗ੍ਰਹਿ ਸਾਡੇ ਚੰਨ ਨਾਲੋਂ ਵੱਡੇ ਦਿਸ ਸਕਦੇ ਹਨ। ਗ੍ਰਹਿ ਤਾਂ ਕੀ, ਉਨ੍ਹਾਂ ਦੇ ਨੈਣ-ਨਕਸ਼ ਵੀ ਖਾਸੇ ਉੱਭਰਵੇਂ ਨਜ਼ਰ ਆ ਸਕਦੇ ਹਨ।
ਆਪਣੇ ਸੂਰਜ ਦੇ ਅਤਿ ਨੇੜੇ ਹੋਣ ਕਾਰਨ ਇਹ ਗ੍ਰਹਿ ਉਸ ਨਾਲ ਇੰਜ ਬੱਝ ਗਏ ਕਿ ਇਨ੍ਹਾਂ ਦਾ ਇੱਕ ਪਾਸਾ ਸਦਾ ਲਈ ਸੂਰਜ ਵੱਲ ਤੇ ਦੂਜਾ ਉਸ ਤੋਂ ਪਰਲੇ ਪਾਸੇ ਰਹਿੰਦਾ ਹੈ। ਠੀਕ ਉਵੇਂ, ਜਿਵੇਂ ਸਾਡੇ ਚੰਨ ਦਾ ਮੂੰਹ ਸਾਡੇ ਪਾਸੇ ਤੇ ਪਿੱਠ ਦੂਜੇ ਪਾਸੇ ਰਹਿੰਦੀ ਹੈ। ਇਨ੍ਹਾਂ ਦੇ ਇੱਕ ਪਾਸੇ ਤਾਪਮਾਨ ਉੱਚਾ ਤੇ ਦੂਜੇ ਪਾਸੇ ਨੀਵਾਂ ਹੋਣ ਕਾਰਨ ਇਨ੍ਹਾਂ ਉੱਤੇ ਨਿਰੰਤਰ ਤੇਜ਼ ਹਵਾਵਾਂ ਵਗਣੀਆਂ ਲਾਜ਼ਮੀ ਹਨ। ਇਹ ਟਰੈਪਿਸਟ ਪਰਿਵਾਰ ਸਾਡੀ ਧਰਤੀ ਤੋਂ ਉਨਤਾਲੀ ਪ੍ਰਕਾਸ਼ ਵਰ੍ਹੇ ਦੂਰ ਹੈ। ਉੱਥੋਂ ਕਿਸੇ ਦੀ ਉੱਘ-ਸੁੱਘ ਕੀ ਆਵੇਗੀ। ਜੇ ਕਿਤੇ ਇਧਰੋਂ ਜਾਂ ਉਧਰੋਂ ਹੈਲੋ ਕਰਨ ਵਾਲਾ ਰੇਡੀਓ ਸਿਗਨਲ ਭੇਜਿਆ ਵੀ ਜਾਵੇ ਤਾਂ ਦੂਜੇ ਪਾਸੇ ਪਹੁੰਚਦਿਆਂ ਉਨਤਾਲੀ ਸਾਲ ਲੱਗ ਜਾਣਗੇ। ਵਾਪਸੀ ਹੈਲੋ ਦੇ ਲਈ ਹੋਰ ਉਨਤਾਲੀ ਸਾਲ। ਇਸ ਲਈ ਦੂਜੀ ਧਰਤੀ ਅਤੇ ਏਲੀਅਨਜ਼ ਬਾਰੇ ਇੰਨਾ ਰੌਲਾ-ਗੌਲਾ ਬੇਮਤਲਬ ਹੈ।
ਟਰੈਪਿਸਟ ਪਰਿਵਾਰ ਤੋਂ ਨੇੜੇ ਕਈ ਵਰ੍ਹੇ ਪਹਿਲਾਂ ਗਲੀਜ਼-581 ਦਾ ਪਰਿਵਾਰ ਲੱਭ ਚੁੱਕਾ ਹੈ। ਉਸ ਦੇ ਗ੍ਰਹਿ ਵੀ ਧਰਤੀ ਜਿਹੇ ਸਨ ਤੇ ਇਹ ਪਰਿਵਾਰ ਧਰਤੀ ਤੋਂ ਵੀਹ ਪ੍ਰਕਾਸ਼ ਵਰ੍ਹੇ ਦੂਰ ਹੈ। ਇੰਜ ਹੀ ਸਾਡੇ ਤੋਂ ਤੇਰਾਂ ਪ੍ਰਕਾਸ਼ ਵਰ੍ਹੇ ਦੂਰ ਦੋ ਵਿਸ਼ਾਲ ਧਰਤੀਆਂ 2014 ਵਿੱਚ ਲੱਭੀਆਂ ਸਨ। ਇਨ੍ਹਾਂ ਦੇ ਸੂਰਜ ਦੀ ਉਮਰ ਬ੍ਰਹਿਮੰਡ ਦੀ ਉਮਰ ਤੋਂ ਦੋ-ਢਾਈ ਅਰਬ ਸਾਲ ਘੱਟ ਹੈ। ਇਨ੍ਹਾਂ ਧਰਤੀਆਂ ਦੀ ਉਮਰ ਸਾਡੀ ਧਰਤੀ ਤੋਂ ਢਾਈ ਗੁਣਾ ਹੈ। ਟਰੈਪਿਸਟ ਧਰਤੀਆਂ ਦਾ ਆਕਾਰ, ਸਥਿਤੀ ਤੇ ਪਾਣੀ ਦੀ ਸ਼ਕਤੀਸ਼ਾਲੀ ਸੰਭਾਵਨਾ ਬਹੁਤੇ ਰੌਲੇ ਦਾ ਆਧਾਰ ਹੈ। ਇਸ ਤੋਂ ਬਿਨਾਂ ਹੋਰ ਬਹੁਤ ਕੁਝ ਹੈ। ਇਨ੍ਹਾਂ ਧਰਤੀਆਂ ਦੀ ਦੂਰੀ ਸਭ ਤੋਂ ਵੱਡੀ ਗੱਲ ਹੈ। ਕੋਈ ਇਨ੍ਹਾਂ ਉੱਤੇ ਕਿਵੇਂ ਪਹੁੰਚ ਸਕੇਗਾ? ਇਸ ਵਕਤ ਸਭ ਤੋਂ ਤੇਜ਼ ਚੱਲਣ ਵਾਲਾ ਪੁਲਾੜੀ ਜਹਾਜ਼ ਨਿਊ ਹੋਰਾਈਜ਼ਨਜ਼ ਹੈ। ਇਹ ਬੱਤੀ ਹਜ਼ਾਰ ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਉੱਤੇ ਸਾਡੇ ਸੂਰਜ ਪਰਿਵਾਰ ਤੋਂ ਬਾਹਰਲੇ ਪੁਲਾੜ ਵਿੱਚ ਜਾ ਰਿਹਾ ਹੈ। ਇਹ ਇਸੇ ਰਫ਼ਤਾਰ ਉੱਤੇ ਨਿਰਵਿਘਨ ਚੱਲੀ ਜਾਵੇ ਤਾਂ ਵੀ ਟਰੈਪਿਸਟ ਧਰਤੀਆਂ ਤਕ ਪਹੁੰਚਣ ਵਿੱਚ ਤਿੰਨ ਲੱਖ ਸਤਾਰਾਂ ਹਜ਼ਾਰ ਸਾਲ ਲੱਗ ਜਾਣਗੇ। ਹੋਰ ਤਾਂ ਹੋਰ, ਸਾਡੇ ਸਭ ਤੋਂ ਨੇੜਲੇ ਤਾਰੇ ਪਰਾਕਸਿਮਾ ਦੀ ਦੂਰੀ ਹੀ ਢਾਈ ਸੌ ਖਰਬ ਮੀਲ ਹੈ।
ਫਿਰ ਵੀ ਵਿਗਿਆਨੀ ਉਤਸ਼ਾਹਿਤ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕਦਮ ਪਹਿਲਾਂ ਤੋਂ ਕਿਤੇ ਅਗੇਰੇ ਦਾ ਹੈ। ਇੰਜ ਹੋਣਾ ਕੁਦਰਤੀ ਹੈ। ਮੰਜ਼ਲ ਨੂੰ ਤੁਰਦੇ ਬੰਦੇ ਦਾ ਹਰ ਕਦਮ ਪਹਿਲੇ ਕਦਮ ਤੋਂ ਅੱਗੇ ਹੁੰਦਾ ਹੈ। ਟਰੈਪਿਸਟ ਸੂਰਜ ਤੇ ਉਸ ਦੇ ਗ੍ਰਹਿ ਪਰਿਵਾਰ ਦੀ ਤਸਵੀਰ 23 ਫਰਵਰੀ 2017 ਦੇ ਨੇਚਰ ਰਸਾਲੇ ਦੇ ਟਾਈਟਲ ਉੱਤੇ ਹੈ ਅਤੇ ਅੰਦਰ ਇਸ ਬਾਰੇ ਵਿਗਿਆਨਕ ਜਾਣਕਾਰੀ। ਟਰੈਪਿਸਟ ਸੂਰਜ ਦੀ ਰੌਸ਼ਨੀ/ ਸੇਕ ਸਾਡੇ ਸੂਰਜ ਦਾ ਦੋ ਹਜ਼ਾਰਵਾਂ ਹਿੱਸਾ ਹੀ ਹਨ। ਉਸ ਦੀਆਂ ਧਰਤੀਆਂ ਦਾ ਨਿੱਘ ਸਿਰਫ਼ ਇਸ ਕਰਕੇ ਹੈ ਕਿ ਉਨ੍ਹਾਂ ਦੇ ਇੱਕ ਪਾਸੇ ਨਿਰੰਤਰ ਸੂਰਜ ਚਮਕਦਾ ਹੈ। ਟਰੈਪਿਸਟ ਦੀਆਂ ਇਹ ਧਰਤੀਆਂ ਸਾਡੀ ਧਰਤੀ ਦੇ ਇੱਕ ਚੌਥਾਈ ਭਾਗ ਤੋਂ ਲੈ ਕੇ ਧਰਤੀ ਤੋਂ ਦਸ ਫ਼ੀਸਦੀ ਤਕ ਵਧੇਰੇ ਆਕਾਰਾਂ ਦੀਆਂ ਹਨ। ਕੋਈ ਚੱਪਾ ਕੁ ਧਰਤੀ ਹੈ ਤੇ ਕੋਈ ਧਰਤੀ ਤੋਂ ਰਤਾ ਕੁ ਵੱਡੀ।
ਸਾਡੇ ਸੂਰਜ ਪਰਿਵਾਰ ਵਿੱਚ ਬੁੱਧ, ਸੂਰਜ ਦੇ ਸਭ ਤੋਂ ਨੇੜੇ ਦਾ ਗ੍ਰਹਿ ਹੈ। ਟਰੈਪਿਸਟ ਪਰਿਵਾਰ ਦੀ ਸਭ ਤੋਂ ਦੁਰੇਡੀ ਧਰਤੀ ਦੀ ਆਪਣੇ ਸੂਰਜ ਤੋਂ ਜਿੰਨੀ ਦੂਰੀ ਹੈ, ਬੁੱਧ ਸਾਡੇ ਸੂਰਜ ਕੋਲੋਂ ਉਸ ਤੋਂ ਛੇ ਗੁਣਾ ਦੂਰ ਹੈ। ਫਿਰ ਬੁੱਧ ਉੱਤੇ ਜੀਵਨ ਦੀ ਕੋਈ ਕਲਪਨਾ ਨਹੀਂ ਕਰ ਸਕਦਾ। ਜੇ ਫਿਰ ਵੀ ਵਿਗਿਆਨੀ ਇਨ੍ਹਾਂ ਧਰਤੀਆਂ ਉੱਤੇ ਜੀਵਨ ਦੀ ਸੰਭਾਵਨਾ ਵੇਖਦੇ ਹਨ ਤਾਂ ਸਿਰਫ਼ ਇਸ ਲਈ ਕਿ ਇਨ੍ਹਾਂ ਦਾ ਸੂਰਜ ਕਾਫ਼ੀ ਠੰਢਾ ਹੈ। ਉਨ੍ਹਾਂ ਧਰਤੀਆਂ ਉੱਤੇ ਉਹ ਸਾਡੇ ਸੂਰਜ ਤੋਂ ਦਸ ਗੁਣਾ ਵੱਡਾ ਦਿੱਸਦਾ ਹੈ, ਕਿਉਂਕਿ ਉਹ ਅਤਿ ਨੇੜੇ ਹੈ। ਕੈਂਬਰਿਜ ਯੂਨੀਵਰਸਿਟੀ ਦੇ ਤਾਰਾ ਵਿਗਿਆਨੀ ਮੁਤਾਬਿਕ ਇਨ੍ਹਾਂ ਧਰਤੀਆਂ ਉੱਤੇ ਜੀਵਨ ਦੇ ਕੱਚ-ਸੱਚ ਨੂੰ ਨਿਰਖਣ-ਪਰਖਣ ਨੂੰ ਦਸ ਸਾਲ ਲੱਗ ਜਾਣਗੇ।
ਸਾਡਾ ਸਾਲ 365 ਦਿਨ ਦਾ ਹੈ, ਕਿਉਂਕਿ ਧਰਤੀ ਸੂਰਜ ਦੀ ਪਰਿਕਰਮਾ ਲਈ ਇੰਨੇ ਦਿਨ ਲਾ ਰਹੀ ਹੈ। ਟਰੈਪਿਸਟ ਧਰਤੀਆਂ ਟਰੈਪਿਸਟ ਦੀ ਪਰਿਕਰਮਾ ਡੇਢ ਤੋਂ ਵੀਹ ਦਿਨਾਂ ਵਿੱਚ ਪੂਰੀ ਕਰ ਰਹੀਆਂ ਹਨ। ਇੰਜ ਇਨ੍ਹਾਂ ਦੇ ਸਾਲ ਵੀ ਇਨ੍ਹਾਂ ਦੇ ਸੂਰਜ ਵਾਂਗ ਬੌਣੇ ਹਨ। ਹਬਲ ਟੈਲੀਸਕੋਪ ਨਾਲ ਜੁੜੇ ਯੰਤਰਾਂ ਨੇ ਇਨ੍ਹਾਂ ਉੱਤੇ ਮੀਥੇਨ ਗੈਸ ਅਤੇ ਪਾਣੀ ਦੀ ਦੱਸ ਪਾਈ ਹੈ, ਪਰ ਮੀਥੇਨ ਤੇ ਪਾਣੀ ਦੀ ਹੋਂਦ ਦਾ ਮਤਲਬ ਸਾਡੇ ਵਰਗੇ ਮਨੁੱਖਾਂ ਦੀ ਲਾਜ਼ਮੀ ਮੌਜੂਦਗੀ ਦਾ ਪ੍ਰਮਾਣ ਨਹੀਂ। 2017 ਵਿੱਚ ਜੇਮਜ਼ ਵੈੱਬ ਟੈਲੀਸਕੋਪ ਅਤੇ ਫਿਰ 2023 ਵਿੱਚ ਜਾਇੰਟ ਮੈਗੇਲਾਨ ਟੈਲੀਸਕੋਪ ਲਾਂਚ ਹੋ ਰਹੇ ਹਨ। ਇਨ੍ਹਾਂ ਨਾਲ ਕੀਤੀ ਬਾਰੀਕ ਛਾਣਬੀਣ ਦੇ ਨਾਲ ਕੰਪਿਊਟਰਾਂ ਤੇ ਵਿਗਿਆਨਕ ਯੰਤਰਾਂ ਨਾਲ ਹੀ ਜੀਵਨ ਬਾਰੇ ਕੋਈ ਪੱਕੀ ਗੱਲ ਕੀਤੀ ਜਾ ਸਕੇਗੀ। ਇੱਕ ਗੱਲ ਹੋਰ। ਇਹ ਬੌਣੇ ਸੂਰਜ ਇਨਫਰਾਰੈੱਡ ਤੇ ਪਰਾਬੈਂਗਣੀ ਕਿਰਨਾਂ ਦੀਆਂ ਤੀਬਰ ਬੁਛਾੜਾਂ ਛੱਡਦੇ ਹਨ। ਇਹ ਜੀਵਨ ਲਈ ਘਾਤਕ ਹਨ। ਵਿਗਿਆਨੀ ਕਹਿੰਦੇ ਹਨ ਕਿ ਜੇ ਹੁਣ ਉੱਥੇ ਜੀਵਨ ਨਹੀਂ ਤਾਂ ਨਾ ਸਹੀ, ਭਵਿੱਖ ਵਿੱਚ ਕਦੇ ਹੋਣ ਦੀ ਸੰਭਾਵਨਾ ਹੈ। ਟਰੈਪਿਸਟ ਬੜੀ ਹੌਲੀ-ਹੌਲੀ ਬੁਝੇਗਾ। ਅਜੇ ਤਾਂ ਸਾਡੇ ਸੂਰਜ ਨੇ ਸਾਢੇ ਚਾਰ ਅਰਬ ਸਾਲ ਜੀਣਾ ਹੈ। ਟਰੈਪਿਸਟ ਦੀ ਉਮਰ ਤਾਂ ਖਰਬਾਂ ਸਾਲ ਹੈ।
ਜੀਵਨ ਤੇ ਫਿਰ ਮਨੁੱਖੀ ਜੀਵਨ ਦਾ ਵਿਕਾਸ ਧਰਤੀ ਉੱਤੇ ਇਕਦਮ ਨਹੀਂ ਹੋ ਗਿਆ। ਢਾਈ ਅਰਬ ਸਾਲ ਤਕ ਤਾਂ ਇੱਥੇ ਆਕਸੀਜਨ ਨਾ ਹੋਣ ਬਰਾਬਰ ਸੀ। ਇਹ ਸਿਆਨੋ ਬੈਕਟੀਰੀਆ ਨੇ ਬਣਾਈ ਸੀ। ਆਕਸੀਜਨ ਤੇ ਕਾਰਬਨ ਡਾਇਆਕਸਾਈਡ ਦੇ ਵਾਧੇ-ਘਾਟੇ ਨਾਲ ਧਰਤੀ ਉੱਤੇ ਕਿੰਨੀ ਵਾਰ ਜੀਵ ਜੰਤੂਆਂ ਦੀਆਂ ਕਈ ਨਸਲਾਂ ਪੈਦਾ ਹੋਈਆਂ। ਕਈ ਭਾਂਤ ਦੀ ਬਨਸਪਤੀ ਪੈਦਾ ਹੋਈ। ਕਿੰਨੀ ਵਾਰ ਇਨ੍ਹਾਂ ਦਾ ਨਾਂ ਨਿਸ਼ਾਨ ਮਿਟ ਕੇ ਨਵੀਂ ਸ਼ੁਰੂਆਤ ਹੋਈ। ਡਾਇਨਾਸੋਰ ਜਿਹੇ ਵਿਸ਼ਾਲ ਆਕਾਰ ਦੇ ਭਿਅੰਕਰ ਜੀਵ ਪੈਦਾ ਹੋਏ ਤੇ ਮਿਟੇ। ਚਿੰਪੈਂਜ਼ੀ, ਲੰਗੂਰ, ਬਾਂਦਰ, ਗੁਰੀਲਾ ਜਿਹੇ ਥਣ ਧਾਰੀਆਂ ਤੋਂ ਕਦਮ ਦਰ ਕਦਮ ਮਨੁੱਖ ਬਣੇ ਨੂੰ ਬਹੁਤਾ ਸਮਾਂ ਨਹੀਂ ਹੋਇਆ। ਸਾਡੇ ਜਿਹੇ ਮਨੁੱਖਾਂ ਦੇ ਵੱਡੇ-ਵਡੇਰਿਆਂ ਨੂੰ ਅਫ਼ਰੀਕਾ ਦੇ ਸੰਘਣੇ ਜੰਗਲਾਂ ਤੋਂ ਪੰਜਾਬ ਦੇ ਪੋਠੋਹਾਰ ਦੀ ਧਰਤੀ ਉੱਤੇ ਪੈਰ ਧਰਿਆਂ ਬੱਸ ਸੱਤਰ ਹਜ਼ਾਰ ਸਾਲ ਹੀ ਲੰਘੇ ਹਨ।
ਟਰੈਪਿਸਟ ਧਰਤੀਆਂ ਤੋਂ ਪਹਿਲਾਂ ਅਸੀਂ ਚੰਨ, ਮੰਗਲ ਅਤੇ ਸੂਰਜ ਪਰਿਵਾਰ ਦੀ ਛਾਣਬੀਣ ਜੀਵਨ ਲਈ ਕਰ ਚੁੱਕੇ ਹਾਂ। ਕੁਝ ਖ਼ਾਸ ਹੱਥ ਨਹੀਂ ਲੱਗਿਆ। ਚੰਨ ਵੀ ਉਜਾੜ ਹੈ ਅਤੇ ਮੰਗਲ ਵੀ। ਹਾਲ ਦੀ ਘੜੀ ਕਿਤੇ ਕੁਝ ਨਹੀਂ। ਵਿਗਿਆਨੀ ਕਹਿੰਦੇ ਹਨ ਕਿ ਬ੍ਰਹਿਸਪਤੀ ਦਾ ਚੰਨ ਯੂਰੋਪਾ ਸਾਡੇ ਸੂਰਜ ਪਰਿਵਾਰ ਵਿੱਚ ਮਨੁੱਖ ਲਈ ਦੂਜੀ ਵਧੀਆ ਠਾਹਰ ਹੋਣ ਦੇ ਆਸਾਰ ਹਨ। ਇਹ ਗੱਲ ਉਨ੍ਹਾਂ ਨੇ ਫਰਵਰੀ 2013 ਵਿੱਚ ਬੜੇ ਦਾਅਵੇ ਨਾਲ ਆਖੀ ਸੀ। ਭਾਂਤ ਭਾਂਤ ਦੇ ਸੂਰਜਾਂ ਤੇ ਧਰਤੀਆਂ ਬਾਰੇ ਗੰਭੀਰ ਖੋਜਾਂ ਨੇ ਦੱਸਿਆ ਕਿ ਸਾਡੇ ਵਰਗੇ ਪੰਜ ਸੂਰਜਾਂ ਪਿੱਛੇ ਇੱਕ ਕੋਲ ਸਾਡੇ ਸੂਰਜ ਵਰਗਾ ਗ੍ਰਹਿ ਪਰਿਵਾਰ ਹੋਣ ਦੀ ਸੰਭਾਵਨਾ ਹੈ। ਇਸ ਹਿਸਾਬ ਨਾਲ ਸਾਡੇ ਵਰਗੀਆਂ ਘੱਟੋ ਘੱਟ ਗਿਆਰਾਂ ਅਰਬ ਧਰਤੀਆਂ ਹੋਰ ਹੋਣਗੀਆਂ। ਉਹ ਵੀ ਜੇ ਅਸੀਂ ਆਪਣੇ ਵਰਗੇ ਸੂਰਜਾਂ ਤਕ ਹੀ ਸੀਮਿਤ ਰਹੀਏ। ਜੇ ਅਸੀਂ ਬੌਣੇ ਸੂਰਜ (ਰੈੱਡ-ਡਵਾਰਫ) ਵੀ ਗਿਣ ਲਈਏ ਤਾਂ ਇਹ ਗਿਣਤੀ ਚਾਰ ਗੁਣਾ ਹੋ ਜਾਵੇਗੀ। ਮਨੁੱਖੀ ਵਾਸੇ ਅਤੇ ਜੀਵਨ ਦੀ ਯੋਗਤਾ ਲਈ ਇਨ੍ਹਾਂ ਧਰਤੀਆਂ ਦੀ ਆਪਣੇ ਸੂਰਜ ਤੋਂ ਸਥਿਤੀ ਇੱਕ ਨਿਸ਼ਚਿਤ ਖੇਤਰ ਵਿੱਚ ਹੋਣੀ ਜ਼ਰੂਰੀ ਹੈ। ਵਿਗਿਆਨੀ ਇਸ ਨੂੰ ਗੋਲਡੀਲਾਕ ਜ਼ੋਨ ਕਹਿੰਦੇ ਹਨ। ਇਸ ਵਿੱਚ ਤਾਪਮਾਨ ਨਾ ਬਹੁਤਾ ਗਰਮ ਹੁੰਦਾ ਹੈ, ਨਾ ਠੰਢਾ।
ਵਾਯੂ ਮੰਡਲ ਜੀਵਨ ਲਈ ਸਾਜ਼ਗਾਰ। ਤਰਲ ਪਾਣੀ ਤੇ ਭੋਜਨ ਦੀ ਉਚਿਤ ਸੰਭਾਵਨਾ ਹੁੰਦੀ ਹੈ। ਭਾਂਤ ਭਾਂਤ ਦੇ ਜੀਵਾਂ ਉੱਤੇ ਆਧਾਰਿਤ ਸੰਤੁਲਿਤ ਜੀਵਨ ਚੱਕਰ ਸੰਭਵ ਹੁੰਦਾ ਹੈ। ਅਜੇ ਤਕ ਅਜਿਹੇ ਆਦਰਸ਼ ਹਾਲਾਤ ਕਿਤੇ ਨਹੀਂ ਮਿਲੇ। ਫਿਰ ਵੀ ਵਿਗਿਆਨ ਦੇ ਕਦਮ ਕਦੇ ਰੁਕੇ ਨਹੀਂ।
ਆਪਣੀ ਧਰਤੀ ਅਤੇ ਇਸ ਦੇ ਸੂਰਜ ਪਰਿਵਾਰ ਤੋਂ ਬਾਹਰ ਹੋਰ ਧਰਤੀਆਂ ਦੀ ਤਲਾਸ਼ ਮਨੁੱਖ ਨੂੰ ਦੇਰ ਤੋਂ ਰਹੀ ਹੈ। ਚੰਨ ਉੱਤੇ ਕਦਮ ਰੱਖਣ ਤੋਂ ਬਾਅਦ ਇਹ ਸਪੱਸ਼ਟ ਰੂਪ ਵਿੱਚ ਨਿਸ਼ਚਿਤ ਨਿਸ਼ਾਨਾ ਬਣੀ। ਇਨ੍ਹਾਂ ਧਰਤੀਆਂ ਨੂੰ  ਐਕਸੋਪਲੈਨੈੱਟ ਭਾਵ ਧਰਤ ਬਾਹਰੇ ਗ੍ਰਹਿ ਕਿਹਾ ਗਿਆ। ਪਹਿਲੇ ਅਜਿਹੇ ਗ੍ਰਹਿ ਦੀ ਪਛਾਣ ਦਾ ਪਹਿਲਾ ਸੰਕੇਤ 1988 ਵਿਚ ਕੀਤਾ ਗਿਆ। ਲਿਨ ਤੇ ਉਸ ਦੇ ਸਾਥੀਆਂ ਨੇ 1991 ਵਿੱਚ ਇੱਕ ਪਲਸਾਰ ਦੁਆਲੇ ਐਕਸੋਪਲੈਨੈੱਟ ਲੱਭਣ ਦਾ ਦਾਅਵਾ ਕੀਤਾ, ਪਰ ਪ੍ਰੈੱਸ ਕਾਨਫਰੰਸ ਸਮੇਂ ਉਸ ਨੇ ਇਹ ਦਾਅਵਾ ਵਾਪਸ ਲੈ ਲਿਆ। ਵਾਲਸਕਜ਼ਾਨ ਨੇ 1992 ਵਿੱਚ ਇੱਕ ਪਲਸਾਰ ਦੁਆਲੇ ਐਕਸੋਪਲੈਨੈੱਟ ਦੀ ਹੋਂਦ ਦਾ ਪੱਕਾ ਦਾਅਵਾ ਤੇ ਸਬੂਤ ਪੇਸ਼ ਕੀਤੇ। ਕਿਸੇ ਸਾਧਾਰਨ ਤਾਰੇ/ ਸੂਰਜ ਦੁਆਲੇ ਕਿਸੇ ਐਕਸੋਪਲੈਨੈੱਟ ਲੱਭਣ ਦਾ ਪਹਿਲਾ ਐਲਾਨ ਮੇਅਰ ਤੇ ਕੁਈਲੋਜ਼ ਦੇ ਹਿੱਸੇ ਆਇਆ। ਉਨ੍ਹਾਂ 6 ਅਕਤੂਬਰ 1995 ਨੂੰ 51-ਪੈਗਾਸੀ-ਬੀ ਨਾਂ ਦੇ ਗ੍ਰਹਿ ਦੀ ਲੱਭਤ ਦਾ ਐਲਾਨ ਕੀਤਾ ਜੋ 51-ਪੈਗਾਸੀ ਤਾਰੇ ਦੁਆਲੇ ਘੁੰਮ ਰਿਹਾ ਸੀ। ਇੰਜ ਐਕਸੋਪਲੈਨੈੱਟਾਂ ਦੀ ਤਲਾਸ਼ ਦੀ ਉਮਰ ਅਜੇ ਮਹਿਜ਼ ਇੱਕੀ ਸਾਲ ਹੀ ਹੋਈ ਹੈ।
ਸ਼ੁਰੂ ਸ਼ੁਰੂ ਵਿੱਚ ਲੱਭੇ ਬਹੁਤੇ ਐਕਸੋਪਲੈਨੈੱਟ ਅਤਿ ਵੱਡੇ ਆਕਾਰ ਦੇ ਸਨ। ਛੋਟੇ ਗ੍ਰਹਿ ਲੱਭਣ ਵਾਲੇ ਤਾਕਤਵਰ ਟੈਲੀਸਕੋਪ ਅਜੇ ਬਣੇ ਨਹੀਂ ਸਨ ਤੇ ਉਸ ਤੋਂ ਕਈ ਗੁਣਾ ਵੱਡੇ ਇਨ੍ਹਾਂ ਗ੍ਰਹਿਆਂ ਦਾ ਤਾਪਮਾਨ ਅਤਿ ਉੱਚਾ ਹੋਣ ਕਾਰਨ ਇਨ੍ਹਾਂ ਨੂੰ ਗਰਮ ਬ੍ਰਹਿਸਪਤੀ (ਹਾਟ ਜੁਪੀਟਰਜ਼) ਕਿਹਾ ਗਿਆ। ਇਹ ਸਥਿਤੀ ਦੇ ਪੱਖੋਂ ਸੂਰਜ ਦੇ ਨੇੜੇ ਹੋਣ ਕਾਰਨ ਵਿਗਿਆਨੀਆਂ ਨੂੰ ਵਚਿੱਤਰ ਲੱਗੇ। ਸਾਡੇ ਸੂਰਜ ਪਰਿਵਾਰ ਵਿੱਚ ਬ੍ਰਹਿਸਪਤੀ ਅਤੇ ਹੋਰ ਵੱਡ-ਆਕਾਰੀ ਗ੍ਰਹਿ ਸੂਰਜ ਤੋਂ ਦੂਰ ਹਨ, ਜਦੋਂ ਕਿ ਛੋਟੇ ਗ੍ਰਹਿ ਨੇੜੇ ਹਨ। ਵਿਗਿਆਨੀ ਇਸ ਬਾਰੇ ਅਜੇ ਦੁਬਿਧਾ ਵਿੱਚ ਹਨ ਕਿ ਵੱਡੇ ਗ੍ਰਹਿ ਨੇੜੇ ਬਣ ਕੇ ਦੂਰ ਜਾਂਦੇ ਹਨ ਜਾਂ ਦੂਰ ਬਣ ਕੇ ਨੇੜੇ ਆਉਂਦੇ ਹਨ। ਕੁਝ ਵੀ ਹੋਵੇ 1995 ਵਿੱਚ ਪਹਿਲਾ ਐਕਸੋਪਲੈਨੈੱਟ ਲੱਭਣ ਦੇ ਇੱਕ ਸਾਲ ਦੇ ਸਮੇਂ ਵਿੱਚ ਹੀ ਭਾਵ 1996 ਦੇ ਅੰਤ ਤਕ ਸੱਤ ਅਜਿਹੇ ਹੋਰ ਗ੍ਰਹਿ ਲੱਭ ਪਏ। 1999 ਤਕ ਇਨ੍ਹਾਂ ਦੀ ਗਿਣਤੀ 24 ਹੋ ਗਈ। ਸ਼ੁਰੂ ਵਿੱਚ ਮਾਰਸੀ ਤੇ ਬਟਲਰ ਨੂੰ ਨਵੇਂ ਗ੍ਰਹਿ ਖੋਜਣ ਵਾਲੀਆਂ ਮਸ਼ੀਨਾਂ ਕਿਹਾ ਗਿਆ। ਫਿਰ ਇਹੀ ਸ਼ੋਹਰਤ ਮੇਅਰ ਤੇ ਕੁਈਲੋਜ਼ ਨੂੰ ਮਿਲੀ। ਉਨ੍ਹਾਂ ਨੇ ਕੋਰੈਲੀ ਨਾਂ ਦੇ ਸਪੈਕਟਰੋਸਕੋਪ ਤੇ ਪ੍ਰਾਪਤ ਟੈਲੀਸਕੋਪਾਂ ਨਾਲ ਇੱਕੋ ਸਾਲ ਵਿੱਚ 18 ਗ੍ਰਹਿ ਲੱਭੇ। ਕਮਾਲ ਇਹ ਹੈ ਕਿ ਹਾਰਵਰਡ ਕਾਲਜ ਆਬਜ਼ਰਵੇਟਰੀ ਦੀਆਂ ਮਹਿਲਾਵਾਂ ਦੀ ਇੱਕ ਟੋਲੀ ਨੇ ਗ੍ਰਹਿਆਂ ਦਾ ਕੇਂਦਰ ਬਿੰਦੂ ਬਣਨ ਵਾਲੇ ਤਾਰਿਆਂ ਦਾ ਵਰਗੀਕਰਨ ਕਰ ਕੇ ਤਾਰਾ ਵਿਗਿਆਨੀਆਂ ਦਾ ਕੰਮ ਸੌਖਾ ਕੀਤਾ। ਓ, ਬੀ, ਏ, ਐੱਫ, ਜੀ, ਕੇ, ਐੱਮ ਵਾਲੇ ਉਨ੍ਹਾਂ ਦੇ ਲੇਬਲ ਸਭ ਨੇ ਪ੍ਰਵਾਨ ਕੀਤੇ। ਇਹ ਤਾਰਿਆਂ ਦੇ ਤਾਪਮਾਨ ਦਾ ਸ਼ੀਸ਼ਾ ਹਨ। ਇਸ ਵਰਗੀਕਰਨ ਅਨੁਸਾਰ ਸਾਡਾ ਸੂਰਜ ਜੀ 2 ਵਰਗ ਦਾ ਤਾਰਾ ਹੈ।
ਸ਼ਕਤੀਸ਼ਾਲੀ ਟੈਲੀਸਕੋਪਾਂ, ਆਬਜ਼ਰਵੇਟਰੀਆਂ, ਸਪੈਕਟਰੋਸਕੋਪਾਂ, ਪੁਲਾੜ ਏਜੰਸੀਆਂ ਅਤੇ ਵਿਗਿਆਨੀਆਂ ਦੇ ਸਾਂਝੇ ਉੱਦਮ ਨੇ ਦੋ ਕੁ ਦਹਾਕਿਆਂ ਵਿੱਚ ਐਕਸੋਪਲੈਨੈੱਟ ਲੱਭਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਹੈ। ਜੂਨ 2002 ਤਕ ਇੱਕੋ ਦਿਨ ਸਤਾਰਾਂ ਗ੍ਰਹਿ ਲੱਭਣ ਦਾ ਰਿਕਾਰਡ ਸੀ। 19 ਅਕਤੂਬਰ 2009 ਵਿੱਚ ਇੱਕੋ ਦਿਨ ਤੀਹ ਐਕਸੋਪਲੈਨੈੱਟ ਲੱਭਣ ਦਾ ਨਵਾਂ ਰਿਕਾਰਡ ਬਣਿਆ। ਹਾਲਤ ਇਹ ਹੈ ਕਿ ਹੁਣ ਲਗਪਗ ਹਰ ਢਾਈ ਸਾਲ ਵਿੱਚ ਐਕਸੋਪਲੈਨੈੱਟਾਂ ਦੀ ਗਿਣਤੀ ਦੁੱਗਣੀ ਹੋ ਰਹੀ ਹੈ। 2007 ਵਿੱਚ ਤੀਹ-ਚਾਲੀ ਗ੍ਰਹਿ ਲੱਭੇ। 2008 ਵਿੱਚ ਇਹ ਗਿਣਤੀ ਪੰਜਾਹ ਤੋਂ ਟੱਪ ਗਈ। ਫਿਰ 2009 ਤੋਂ 2013 ਤਕ ਸੌ ਡੇਢ ਸੌ ਐਕਸੋਪਲੈਨੈੱਟ ਹਰ ਸਾਲ ਲੱਭੇ। 2014 ਦੇ ਇੱਕੋ ਸਾਲ ਵਿੱਚ ਇੱਕ ਹਜ਼ਾਰ ਗ੍ਰਹਿ ਲੱਭੇ। 2016 ਵਿੱਚ ਇਹ ਗਿਣਤੀ 1400 ਤਕ ਪਹੁੰਚ ਗਈ। 22 ਫਰਵਰੀ ਦੇ ਤਾਜ਼ਾ ਐਲਾਨ ਸਮੇਂ 3583 ਐਕਸੋਪਲੈਨੈੱਟ ਲੱਭੇ ਜਾ ਚੁੱਕੇ ਹਨ। ਹਾਰਪਸ, ਕੈਪਲਰ ਤੇ ਸਪਿਟਜ਼ਰ ਆਦਿ ਕਈ ਪ੍ਰੋਜੈਕਟ ਇਸ ਕੰਮ ਵਿੱਚ ਜੁਟੇ ਹੋਏ ਹਨ। ਕੋਸ਼ਿਸ਼ ਇਹ ਹੈ ਕਿ ਦੂਰ ਦੀ ਥਾਂ ਨੇੜੇ ਤੋਂ ਨੇੜੇ ਨਵਾਂ ਗ੍ਰਹਿ ਲੱਭਿਆ ਜਾਵੇ। ਇਹ ਯਤਨ ਕੀਤਾ ਜਾਵੇ ਕਿ ਉਹ ਛੋਟੇ ਆਕਾਰ ਦਾ ਹੋਵੇ। ਧਰਤੀ ਦੇ ਆਕਾਰ ਤੋਂ ਰਤਾ ਵੱਡਾ-ਛੋਟਾ। ਉਹ ਗੋਲਡੀਲਿੰਕਸ ਜ਼ੋਨ ਵਿੱਚ ਭਾਵ ਵੱਸਣ ਯੋਗ ਖੇਤਰ ਵਿੱਚ ਹੋਵੇ। ਇਸ ਤਲਾਸ਼ ਨੂੰ ਵਿਗਿਆਨੀ ਧਰਤੀ ਦੇ ਜੁੜਵੇਂ ਭਾਈਵੰਦਾਂ ਦੀ ਖੋਜ ਕਹਿੰਦੇ ਹਨ।
ਧਰਤੀ ਦੇ ਜੌੜੇ ਭਰਾਵਾਂ ਜਾਂ ਵੱਡੇ-ਛੋਟੇ ਭਾਈਵਾਲਾਂ ਦੇ ਨਾਲ ਹੀ ਉੱਥੇ ਵਸਦੇ ਏਲੀਅਨਾਂ ਦੀ ਸੰਭਾਵਨਾ ਬਾਰੇ ਬਹਿਸ ਸ਼ੁਰੂ ਹੋ ਗਈ ਹੈ। ਬਾਹਰੀ ਪੁਲਾੜ ਵਿੱਚ ਏਲੀਅਨਜ਼ ਦੀ ਹੋਂਦ ਅਤੇ ਉਨ੍ਹਾਂ ਨਾਲ ਸੰਪਰਕ ਦੇ ਪ੍ਰਾਜੈਕਟ ਇਸੇ ਦਿਸ਼ਾ ਵੱਲ ਵਧ ਰਹੇ ਕਦਮ ਹਨ। ਦੂਰੀਆਂ ਹੀ ਇੰਨੀਆਂ ਹਨ ਕਿ ਅਜੇ ਤਕ ਕਿਸੇ ਪਾਸਿਓਂ ਕੋਈ ਖ਼ਬਰ ਨਹੀਂ ਮਿਲੀ। ਸ਼ਾਇਦ ਦਿੱਲੀ ਅਜੇ ਵੀ ਦੂਰ ਹੈ। ਥੋੜ੍ਹੀ ਨਹੀਂ, ਕਾਫ਼ੀ ਦੂਰ। ਏਲੀਅਨਜ਼ ਤੇ ਹੋਰ ਧਰਤੀਆਂ ਨਾਲ ਸਾਡੇ ਸੰਪਰਕ ਵਿੱਚ ਅਸਾਧਾਰਨ ਕਠਿਨਾਈਆਂ ਦੇ ਮੱਦੇਨਜ਼ਰ ਫਰਮੀ ਨਾਂ ਦੇ ਵਿਗਿਆਨੀ ਨੇ ਫਰਮੀ ਪੈਰਾਡੌਕਸ ਦਾ ਸੰਕਲਪ ਪੇਸ਼ ਕੀਤਾ ਸੀ। ਉਸ ਦਾ ਵਿਚਾਰ ਹੈ ਕਿ ਸਾਡੇ ਅਤੇ ਹੋਰ ਧਰਤੀਆਂ/ ਏਲੀਅਨਜ਼ ਵਿਚਾਲੇ ਗਰੇਟ ਫਿਲਟਰ ਹੈ। ਸੰਪਰਕ ਅਸੰਭਵ ਨਹੀਂ ਤਾਂ ਅਤਿ ਕਠਿਨ ਜ਼ਰੂਰ ਹੈ। ਜਾਂ ਤਾਂ ਹੋਰ ਕਿਤੇ ਸਾਡੇ ਵਰਗਾ ਜੀਵਨ ਨਹੀਂ ਜਾਂ ਉਹ ਬਹੁਤ ਦੂਰ ਹੈ। ਇਹੀ ਨਹੀਂ ਸਾਡੀ ਧਰਤੀ ਦੇ ਕਥਿਤ ਸਿਆਣੇ/ ਵਿਕਸਤ ਮਨੁੱਖ ਅਖੀਰ ਆਪਣੀ ਮੌਤ ਦਾ ਸਾਮਾਨ ਆਪੇ ਪੈਦਾ ਕਰ ਲੈਂਦੇ ਹਨ। ਕੀ ਪਤਾ ਕਿੰਨੀਆਂ ਧਰਤੀਆਂ ਉੱਤੇ ਕਿੰਨੀਆਂ ਮਨੁੱਖੀ ਨਸਲਾਂ ਨੇ ਆਪਣਾ ਵਿਨਾਸ਼ ਆਪਣੇ ਹੱਥੀਂ ਕੀਤਾ ਹੋਵੇ। ਅੱਜ ਦੁਨੀਆਂ ਵਿੱਚ ਹਰ ਦੇਸ਼ ਵੱਡੇ ਤੋਂ ਵੱਡੇ ਐਟਮ ਬੰਬ ਤੇ ਹਾਈਡਰੋਜਨ ਬੰਬ ਬਣਾ ਰਿਹਾ ਹੈ। ਇਹ ਘੁੱਗੀਆਂ-ਕਬੂਤਰਾਂ ਨੂੰ ਮਾਰਨ ਵਾਲੇ ਨਹੀਂ। ਇਨ੍ਹਾਂ ਨਾਲ ਜਦੋਂ ਚਾਹੇ, ਕੋਈ ਸਿਰ ਫਿਰਿਆ ਆਪਣੇ ਸਮੇਤ ਸਾਰੀ ਮਨੁੱਖੀ ਨਸਲ ਦਾ ਸਫਾਇਆ ਕਰ ਦੇਵੇ। ਤਰੱਕੀ, ਨਵੀਆਂ ਧਰਤੀਆਂ ਅਤੇ ਏਲੀਅਨਾਂ ਦੇ ਸਾਰੇ ਦਾਅਵੇ ਉਦੋਂ ਧਰੇ-ਧਰਾਏ ਰਹਿ ਜਾਣਗੇ। ਧਰਤੀ ਦੇ ਕਿਸੇ ਜੌੜੇ ਭਰਾ ਅਤੇ ਏਲੀਅਨ ਜੀ ਸਦਕੇ ਲੱਭੋ, ਪਰ ਪਹਿਲਾਂ ਆਪਣੀ ਇਸ ਧਰਤੀ ਨੂੰ ਤਾਂ ਸੰਭਾਲੋ।