ਧਰਤੀ ਵਰਗੇ ਗ੍ਰਹਿ ਉੱਤੇ ਪਹਿਲੀ ਵਾਰ ਵਾਯੂ ਮੰਡਲ ਮਿਲਿਆ

planet like earth
ਬਰਲਿਨ, 8 ਅਪ੍ਰੈਲ (ਪੋਸਟ ਬਿਊਰੋ)- ਖਗੋਲ ਵਿਗਿਆਨੀਆਂ ਨੇ ਧਰਤੀ ਵਰਗੇ ਨਜ਼ਰ ਆਉਂਦੇ ਗ੍ਰਹਿ ਉੱਤੇ ਪਹਿਲੀ ਵਾਰ ਵਾਯੂ ਮੰਡਲ ਦੀ ਮੌਜੂਦਗੀ ਦਾ ਪਤਾ ਲਾਇਆ ਹੈ। ਇਹ ਗ੍ਰਹਿ ਧਰਤੀ ਤੋਂ ਸਿਰਫ 39 ਪ੍ਰਕਾਸ਼ ਸਾਲ ਦੂਰ ਹੈ। ਸਾਡੇ ਸੂਰਜੀ ਮੰਡਲ ਦੇ ਬਾਹਰ ਜੀਵਨ ਦਾ ਪਤਾ ਲਾਉਣ ਵੱਲ ਇਹ ਜ਼ਿਕਰ ਯੋਗ ਕਦਮ ਹੈ।
ਜਰਮਨੀ ਦੇ ਮੈਕਸ ਪਲਾਂਕ ਇੰਸਟੀਚਿਊਟ ਫਾਰ ਐਸਟ੍ਰੋਨੋਮੀ ਦੇ ਵਿਗਿਆਨਕਾਂ ਨੇ ਜੀ ਜੇ 1132ਬੀ ਨਾਂ ਦੇ ਗ੍ਰਹਿ ਦਾ ਅਧਿਐਨ ਕੀਤਾ ਹੈ। ਇਹ ਗ੍ਰਹਿ ਸਾਡੀ ਧਰਤੀ ਤੋਂ 1.4 ਗੁਣਾ ਵੱਡਾ ਹੈ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਇਹ ਇਕ ਤਾਰੇ ਦੀ ਪਰਿਕਰਮਾ ਕਰਦਾ ਹੈ। ਜਦੋਂ ਇਹ ਗ੍ਰਹਿ ਉਸ ਤਾਰੇ ਦੇ ਸਾਹਮਣੇ ਲੰਘਦਾ ਹੈ ਤਾਂ ਉਸ ਦੀ ਰੌਸ਼ਨੀ ਦੇ ਅਸਰ ਨਾਲ ਇਸ ਦੀ ਚਮਕ ਅਤੇ ਵਾਯੂ ਮੰਡਲ ‘ਚ ਥੋੜ੍ਹੀ ਕਮੀ ਆ ਜਾਂਦੀ ਹੈ। ਖੋਜ ਕਰਤਾਵਾਂ ਨੇ ਦੱਸਿਆ ਕਿ ਜੀ ਜੇ 1132ਬੀ ਦਾ ਵਾਲਿਊਮ ਅਤੇ ਰੇਡੀਅਸ ਲਗਭਗ ਧਰਤੀ ਵਾਂਗ ਹੈ। ਇਸ ਤਰ੍ਹਾਂ ਦੇ ਗ੍ਰਹਿ ‘ਤੇ ਪਹਿਲੀ ਵਾਰ ਵਾਯੂ ਮੰਡਲ ਦਾ ਪਤਾ ਲੱਗਾ ਹੈ। ਇਸ ਦਾ ਆਕਾਰ ਵੀ ਸਾਡੀ ਧਰਤੀ ਵਾਂਗ ਹੈ। ਮੌਜੂਦਾ ਪ੍ਰਸੰਗ ਵਿੱਚ ਇਸ ਦੇ ਵਾਯੂ ਮੰਡਲ ਦੇ ਵਿਸ਼ਲੇਸ਼ਣ ਲਈ ਪਹਿਲਾ ਕਦਮ ਚੁੱਕਿਆ ਗਿਆ ਹੈ। ਜੀ ਜੇ 1132ਬੀ ਧਰਤੀ ਤੋਂ 39 ਪ੍ਰਕਾਸ਼ ਸਾਲ ਦੂਰ ਰੈਡ ਡਵਾਰਫ ਸਟਾਰ ਜੀ ਜੇ 1132 ਦੀ ਪਰਿਕਰਮਾ ਕਰਦਾ ਹੈ।
ਖੋਜ ਕਰਤਾਵਾਂ ਦੀ ਟੀਮ ਨੇ ਚਿਲੀ ਵਿਖੇ ਯੂਰਪੀ ਸਦਰਨ ਆਬਜ਼ਰਵੇਟਰੀ ਦੀ ਦੂਰਬੀਨ ਦੀ ਮਦਦ ਨਾਲ ਇਸ ਦੀ ਜਾਣਕਾਰੀ ਹਾਸਲ ਕੀਤੀ ਹੈ। ਹਾਲੇ ਏਨਾ ਸਟੀਕ ਅੰਕੜਾ ਨਹੀਂ ਮਿਲਿਆ ਹੈ, ਜਿਸ ਨਾਲ ਇਸ ਨਤੀਜੇ ‘ਤੇ ਪਹੁੰਚਿਆ ਜਾ ਸਕੇ ਕਿ ਜੀ ਜੇ 1132ਬੀ ਕਿੰਨਾ ਕੁ ਧਰਤੀ ਵਾਂਗ ਹੈ।