ਧਰਤੀ ਮਾਂ ਹੁੰਦੀ ਹੈ

-ਸੁਖਚੈਨ ਸਿੰਘ ਭੰਡਾਰੀ
ਨਾਂ ਤਾਂ ਉਸ ਦਾ ਗੁਰਜੰਟ ਸਿੰਘ ਸੀ, ਪਰ ਨਿੱਕੇ ਹੁੰਦਿਆਂ ਤੋਂ ਉਸ ਨੂੰ ਘਰ ਤੇ ਪਿੰਡ ਵਾਲੇ ਜੰਟਾ ਕਹਿ ਕੇ ਹੀ ਬੁਲਾਉਂਦੇ ਸਨ। ਜਦੋਂ ਉਹ ਸ਼ਾਮ ਨੂੰ ਖੇਤਾਂ ਤੋਂ ਮੁੜ ਕੇ ਘਰ ਆਉਂਦਾ ਤੇ ਰੋਟੀ ਟੁੱਕ ਖਾ ਕੇ ਪਿੰਡ ਦੀ ਕਿਸੇ ਹੱਟੀ ਦੇ ਥੜ੍ਹੇ ਉਤੇ ਗੱਲਾਂ ਮਾਰਨ ਲਈ ਆ ਬਹਿੰਦਾ ਤਾਂ ਕੁਝ ਹੋਰ ਪਿੰਡ ਵਾਸੀ ਵੀ ਉਸ ਨਾਲ ਆ ਜੁੜਦੇ। ਗੁਰਜੰਟ ਬੜੇ ਅੰਦਾਜ਼ ਨਾਲ ਏਧਰ ਓਧਰ ਦੀਆਂ ਬਾਤਾਂ ਛੱਡ ਦਿੰਦਾ ਤੇ ਉਸ ਕੋਲ ਬੈਠੇ ਹਰ ਉਮਰ ਦੇ ਬੰਦੇ ਬੜੇ ਰਸ ਲੈ-ਲੈ ਗੱਲਾਂ ਸੁਣਦੇ।
ਗੁਰਜੰਟ ਸਿੰਘ ਦਾ ਪਰਵਾਰ ਦੇਸ਼ ਵੰਡ ਸਮੇਂ ਜ਼ਿਲਾ ਮਿੰਟਗੁਮਰੀ ਦੇ ਪਿੰਡ ਸੈਦੇਵਾਲ ਤੋਂ ਉਜੜ ਕੇ ਹਰਿਆਣਾ ਦੇ ਜ਼ਿਲਾ ਹਿਸਾਰ ਦੇ ਪਿੰਡ ਰਾਮਬਾਸ ਵਿੱਚ ਆ ਵਸਿਆ ਸੀ। ਉਸ ਵੇਲੇ ਇਹ ਜ਼ਿਲਾ ਪੰਜਾਬ ਦਾ ਹੀ ਅੰਗ ਸੀ, ਪਰ ਬਾਅਦ ਵਿੱਚ ਪੰਜਾਬ ਦੀ ਵੰਡ ਸਮੇਂ ਇਹ ਹਰਿਆਣਾ ਸੂਬੇ ਦਾ ਹਿੱਸਾ ਬਣਿਆ। ਉਸ ਦੇ ਦੂਰ ਦੇ ਰਿਸ਼ਤੇ ਦੇ ਮਾਮਾ ਕਸ਼ਮੀਰ ਸਿੰਘ ਦੇ ਕਹਿਣ ‘ਤੇ ਗੁਰਜੰਟ ਸਿੰਘ ਦਾ ਪਰਵਾਰ ਵੀ ਹਿਸਾਰ ਆਇਆ। ਫਿਰ ਸਰਕਾਰ ਨੂੰ ਦਰਖਾਸਤ ਦੇ ਕੇ ਪਾਕਿਸਤਾਨ ਰਹਿ ਗਈ ਆਪਣੀ ਜ਼ਮੀਨ ਦਾ ਕਲੇਮ ਪਾਸ ਕਰਵਾ ਕੇ ਉਸ ਨੂੰ ਨਾਲ ਦੇ ਪਿੰਡ ਰਾਮਬਾਸ ਵਿੱਚ ਅਬਾਦ ਕਰਾ ਲਿਆ। ਇਸ ਪਿੰਡ ਵਿੱਚ ਬਹੁਤੀ ਵਸੋਂ ਪਹਿਲਾਂ ਤੋਂ ਰਹਿ ਰਹੇ ਬਾਗੜੀ ਲੋਕਾਂ ਦੀ ਹੀ ਸੀ, ਪਰ ਨਾਲ ਕਈ ਘਰ ਝਿਉਰਾਂ, ਘੁਮਿਆਰਾਂ ਤੇ ਪੰਜਾਬੀਆਂ ਦੇ ਵੀ ਸਨ। ਬਾਗੜੀਆਂ ਵਿੱਚ ਜਾਟਾਂ ਦੀ ਵਸੋਂ ਕਿਧਰੇ ਜ਼ਿਆਦਾ ਸੀ।
ਦੇਸ਼ ਵੰਡ ਸਮੇਂ ਗੁਰਜੰਟ ਸਿੰਘ ਮਸਾਂ ਤਿੰਨ ਚਾਰ ਵਰ੍ਹਿਆਂ ਦਾ ਸੀ। ਉਸ ਦੇ ਮਾਪੇ ਵਰਿਆਮ ਸਿੰਘ ਤੇ ਭਾਗਵੰਤੀ ਉਸ ਨੂੰ ਨਾਲ ਲੈ ਕੇ ਕਾਫਲੇ ਵਿੱਚ ਪਾਕਿਸਤਾਨ ਤੋਂ ਫਿਰੋਜ਼ਪੁਰ ਛਾਉਣੀ ਪੁੱਜੇ। ਉਥੇ ਕੁਝ ਦਿਨ ਕੈਂਪ ਵਿੱਚ ਗੁਜ਼ਾਰ ਕੇ ਉਹ ਹਿਸਾਰ ਆ ਗਏ। ਗੁਰਜੰਟ ਸਿੰਘ ਨੂੰ ਯਾਦ ਹੈ ਕਿ ਉਸ ਦੀ ਮਾਂ ਤੇ ਬਾਪੂ ਨਵੇਂ ਪਿੰਡ ਰਾਮਬਾਸ ਵਿੱਚ ਵਸਣ ਪਿੱਛੋਂ ਵੀ ਕਈ ਦਿਨ ਰੋਂਦੇ ਰਹੇ ਸਨ। ਬਾਪੂ ਕਈ ਵਾਰ ਉਸ ਦੀ ਮਾਂ ਨੂੰ ਹਾਉਕਾ ਭਰ ਕੇ ਕਹਿ ਉਠਦਾ, ‘ਜੰਟੇ ਦੀ ਮਾਂ! ਇਸ ਮਿੱਟੀ ਵਿੱਚ ਮਨ ਨਹੀਂ ਲੱਗਦਾ। ਇੰਜ ਜਾਪਦਾ ਹੈ ਕਿ ਜਿਵੇਂ ਇਹ ਮੇਰੀ ਮਤਰੇਈ ਮਾਂ ਹੋਵੇ। ਸਾਡੀ ਅਸਲ ਮਾਂ ਤਾਂ ਪਾਕਿਸਤਾਨ ਵਿੱਚ ਰਹਿ ਗਈ। ਮੈਂ ਕਿਵੇਂ ਉਸ ਕੋਲ ਜਾਵਾਂ, ਜੰਟੋ ਦੀ ਮਾਂ।’
…ਤੇ ਗੁਰਜੰਟ ਦੀ ਮਾਂ ਆਪ ਵੀ ਸਿਰ ‘ਤੇ ਲਏ ਲੀੜੇ ਦੇ ਪੱਲੇ ਨਾਲ ਆਪਣੀਆਂ ਭਰ ਆਈਆਂ ਅੱਖਾਂ ਪੂੰਝਣ ਲੱਗ ਪੈਂਦੀ। ਗੁਰਜੰਟ ਦੂਰ ਖਲੋਤਾ ਬਿਟਰ-ਬਿਟਰ ਮਾਂ ਪਿਓ ਦੀਆਂ ਉਦਾਸ ਅੱਖਾਂ ਵੱਲ ਝਾਕਦਾ ਰਹਿੰਦਾ, ਪਰ ਉਸ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਆਉਂਦੀ ਕਿ ਮਿੱਟੀ ਮਤਰੇਈ ਕਿਵੇਂ ਹੁੰਦੀ ਹੈ। ਵਕਤ ਲੰਘਦਾ ਗਿਆ। ਹੁਣ ਗੁਰਜੰਟ ਮੁੱਛਫੁੱਟ ਹੋ ਗਿਆ ਸੀ। ਪਿੰਡ ਵਿੱਚ ਚੌਥੀ ਤੱਕ ਦਾ ਹੀ ਸਕੂਲ ਸੀ। ਉਸ ਦੇ ਬਾਪੂ ਵਰਿਆਮ ਸਿੰਘ ਨੇ ਉਸ ਨੂੰ ਚਾਰ ਜਮਾਤਾਂ ਤੱਕ ਹੀ ਪੜ੍ਹਾਇਆ। ਅੱਗੇ ਪੜ੍ਹਨ ਲਈ ਉਸ ਨੇ ਗੁਰਜੰਟ ਨੂੰ ਸ਼ਹਿਰ ਨਾ ਭੇਜਿਆ। ਉਹ ਚਾਹੁੰਦਾ ਸੀ ਕਿ ਗੁਰਜੰਟ ਵਾਹੀ ਦਾ ਕੰਮ ਸੰਭਾਲੇ ਤੇ ਗੁਰਜੰਟ ਸਿੰਘ ਨੇ ਆਪਣੇ ਪਿਓ ਦੀ ਗੱਲ ਦਾ ਪੂਰਾ ਮਾਣ ਰੱਖਦਿਆਂ ਵਾਹੀ ਦੇ ਕੰਮ ਨੂੰ ਦਿਲੋਂ ਕਬੂਲ ਲਿਆ। ਉਹ ਖੇਤਾਂ ਵਿੱਚ ਹਲ ਵਾਹੁਣ ਦੇ ਨਾਲ-ਨਾਲ ਆਪਣੇ ਮਾਲ ਡੰਗਰ ਨੂੰ ਜੀਅ ਜਾਨ ਤੋਂ ਵੱਧ ਪਿਆਰਦਾ। ਉਸ ਦੇ ਬਾਪੂ ਨੇ ਇਕ ਦੋ ਸੀਰੀ ਵੀ ਰੱਖੇ ਹੋਏ ਸਨ, ਪਰ ਤਾਂ ਵੀ ਗੁਰਜੰਟ ਨੂੰ ਆਪਣੇ ਹੱਥੀਂ ਕੰਮ ਕਰਕੇ ਬੜਾ ਸੁਆਦ ਆਉਂਦਾ।
ਗੁਰਜੰਟ ਸਿੰਘ ਨੂੰ ਜਵਾਨ ਹੋਇਆ ਦੇਖ ਕੇ ਜਿਥੇ ਪਿੰਡ ਦੇ ਹੋਰ ਮੁੰਡੇ ਰਸ਼ਕ ਕਰਦੇ, ਉਥੇ ਕਈ ਮੁਟਿਆਰਾਂ ਚੁੱਪ ਚੁਪੀਤੇ ਆਪਣੇ ਦਿਲਾਂ ਵਿੱਚ ਉਸ ਦੀ ਥਾਂ ਵੀ ਬਣਾ ਬੈਠੀਆਂ। ਉਸੇ ਪਿੰਡ ਦੀ ਇਕ ਹਰਿਆਣਵੀ ਕੁੜੀ ਸੰਤੋ ਨੇ ਖੇਤਾਂ ਨੂੰ ਜਾਂਦਿਆਂ ਉਸ ਦਾ ਰਾਹ ਵੀ ਡੱਕ ਲਿਆ ਤੇ ਮਟਕ ਕੇ ਕਿਹਾ ਸੀ, ‘ਕਿਉਂ ਰੈ ਜੰਟੇ, ਤੇਰਾ ਮਨ ਸੈ ਕੇ ਪੱਥਰ। ਅਰੇ ਕਦੀ ਤੋ ਦੋ ਬੋਲ ਮਾਹਰੇ ਸੰਗ ਬੀ ਟੂਕ ਦੇ ਜ਼ਾਲਿਮ। ਜਦ ਦੇਖੋ ਊਠ ਕੀ ਢਾਲ ਭਾਗਾ ਈ ਜਾਵੇ।’ ਤੇ ਗੁਰਜੰਟ ਹੱਸ ਕੇ ਕੋਲੋਂ ਦੀ ਲੰਘ ਗਿਆ। ਵਿਚਾਰੀ ਸੰਤੋ ਦਿਲ ਮਸੋਸ ਕੇ ਰਿਹ ਗਈ।
ਗੁਰਜੰਟ ਸਿੰਘ ਦੀ ਜਵਾਨ ਉਮਰ ਦੇਖ ਕੇ ਉਸ ਦੇ ਬਾਪੂ ਵਰਿਆਮ ਸਿੰਘ ਨੇ ਉਸ ਦੇ ਮੁਕਤਸਰ ਨੇੜਲੇ ਪਿੰਡ ਸ਼ਾਮੇਕੇ ਦੇ ਚੰਗੇ ਰੱਜੇ ਪੁੱਜੇ ਜ਼ਿਮੀਂਦਾਰ ਕਰਨੈਲ ਸਿੰਘ ਦੀ ਕੁੜੀ ਨਾਮੋ੍ਹ ਨਾਲ ਵਿਆਹ ਕਰ ਦਿੱਤਾ। ਨਾਮ੍ਹੋ ਵੀ ਗੁਰਜੰਟ ਵਾਂਗ ਲੰਮ ਸਲੰਮੀ ਤੇ ਹੱਦੋਂ ਸੋਹਣੀ ਸੀ। ਜੰਟਾ ਜਿਵੇਂ ਨਾਮੋ੍ਹ ਦੇ ਹੁਸਨ ਦਾ ਭਾਰ ਝੱਲ ਨਾ ਸਕੇ। ਉਸ ਨੂੰ ਆਪਣਾ ਆਪਾ ਜਿਵੇਂ ਹੋਰ ਵੀ ਵਧੀਆ ਜਾਪਣ ਲੱਗ ਪਿਆ। ਉਹ ਨਾਮ੍ਹੋ ਨੂੰ ਨਾਲ ਲੈ ਕੇ ਪਿੰਡ ਦੀਆਂ ਗਲੀਆਂ ਵਿੱਚੋਂ ਲੰਘਦਾ ਹੋਇਆ ਖੇਤਾਂ ਨੂੰ ਜਾਂਦਾ ਤਾਂ ਰਾਹ ਵਿੱਚ ਉਸ ਨਾਲ ਸਾੜਾ ਕਰਦੇ ਗੱਭਰੂ ਤੇ ਉਸ ਨੂੰ ਮਨ ਹੀ ਮਨ ਪਿਆਰ ਕਰਨ ਵਾਲੀਆਂ ਮੁਟਿਆਰਾਂ ਦੋਵਾਂ ਨੂੰ ਦੇਖ ਕੇ ਠੰਢੇ ਹਉਕੇ ਭਰਨ ਲੱਗ ਪੈਂਦੀਆਂ। ਸੰਤੋ ਨੇ ਆਖ ਹੀ ਦਿੱਤਾ, ‘ਹੂ ਈਬ ਬੇਰਾ ਲਾਗਿਆ ਕੇ ਤੈਂ ਮਾਨ੍ਹੇਂ ਕਿਉਂ ਨਾਹੀਂ ਬੂਝੇ ਥਾ। ਯਾ ਪਰੀ ਜੋ ਪਟਾ ਰਾਖੀ ਥੀ।’
ਨਾਮ੍ਹੋ ਤਾਂ ਸੰਤੋ ਦੀ ਗੱਲ ਨਾ ਸਮਝ ਸਕੀ, ਪਰ ਗੁਰਜੰਟ ਸਿੰਘ ਪਹਿਲਾਂ ਦੀ ਤਰ੍ਹਾਂ ਜ਼ੋਰ ਦੀ ਹੱਸਿਆ ਤੇ ਮਜ਼ਾਕ ਨਾਲ ਕਹਿਣ ਲੱਗਿਆ, ‘ਤੈਂ ਠੀਕ ਕਹਵੈ ਸੈ ਸੰਤੀ। ਇਸ ਪਰੀ ਖਾਤਰ ਮੈ ਤਰਸੂੰ ਥਾ।’ ਇਸ ‘ਤੇ ਸੰਤੋ ਨੇ ਆਪਣੀਆਂ ਕਜਲੇ ਪਈਆਂ ਮੋਟੀਆਂ-ਮੋਟੀਆਂ ਅੱਖਾਂ ਨੂੰ ਨਚਾਉਂਦਿਆਂ ਕਿਹਾ, ‘ਅਰੇ ਦੇਖੀਏ, ਕਦੀ ਇਸ ਪਰੀ ਕੇ ਪ੍ਰੇਮ ਮੈ ਇੱਤੋ ਹੀ ਨਾ ਡੂਬ ਜਾਈਏ ਕਿ ਮਾਰ੍ਹੇ ਜੀਸੀ ਗਾਂਵ ਆਲੀਆਂ ਨੇ ਬਿਲਕੁਲ ਈ ਭੂਲ ਜਏ?’ ਇਹ ਸੁਣ ਕੇ ਗੁਰਜੰਟ ਹੋਰ ਵੀ ਜ਼ੋਰ ਦੀ ਹੱਸਿਆ ਤੇ ਨਾਮ੍ਹੋ ਦਾ ਹੱਥ ਫੜ ਕੇ ਤੇਜ਼ੀ ਨਾਲ ਅੱਗੇ ਵਧ ਗਿਆ।
ਗੁਰਜੰਟ ਦੇ ਵਿਆਹ ਤੋਂ ਕੋਈ ਦੋ ਸਾਲਾਂ ਪਿੱਛੋਂ ਉਨ੍ਹਾਂ ਦੇ ਘਰ ਲੜਕਾ ਹੋਇਆ। ਨਾਂ ਨਾਮ੍ਹੋ ਨੇ ਸ਼ੇਰਾ ਰੱਖਿਆ। ਸਾਰਾ ਘਰ ਖੁਸ਼ੀਆਂ ਨਾਲ ਭਰ ਗਿਆ। ਪਿੰਡ ਵਾਲਿਆਂ ਨੂੰ ਲੱਡੂ ਵੰਡੇ ਗਏ ਤੇ ਜਵਾਬ ਵਿੱਚ ਬੇਸ਼ੁਮਾਰ ਵਧਾਈਆਂ ਵੀ ਮਿਲੀਆਂ। ਉਨ੍ਹਾਂ ਦੀ ਖੁਸ਼ੀ ਵਿੱਚ ਪਿੰਡ ਦਾ ਹਰ ਵਰਗ ਸ਼ਾਮਲ ਸੀ। ਸਰਪੰਚ ਹਰੀ ਸਿੰਘ ਨੇ ਗੁਰਜੰਟ ਨੂੰ ਗਲ ਲਾਉਂਦਿਆਂ ਕਿਹਾ ਸੀ, ‘ਅਰੇ ਜੰਟ ਸਿੰਘ! ਯਾਰ ਛੋਰਾ ਤੋਂ ਤੇਰੀ ਢਾਲ ਕਾ ਹੀ ਦੀਖੇ। ਭਗਵਾਨ ਈਸ ਕੀ ਉਮਰ ਖੂਬ ਲੰਬੀ ਕਰੇ।’ ਤੇ ਗੁਰਜੰਟ ਨੇ ਝੁਕ ਕੇ ਸਰਪੰਚ ਹਰੀ ਸਿੰਘ ਦੇ ਪੈਰਾਂ ਨੂੰ ਹੱਥ ਲਾਇਆ ਸੀ।
ਗੁਰਜੰਟ ਸਿੰਘ ਹੁਣ ਆਪਣੀਆਂ ਪੈਲੀਆਂ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਦੇਖਭਾਲ ਕਰਨ ਲੱਗਿਆ। ਉਸ ਦਾ ਬਾਪੂ ਵਰਿਆਮ ਸਿੰਘ ਬਿਰਧ ਹੋ ਜਾਣ ਕਰਕੇ ਖੇਤਾਂ ਵੱਲ ਹੁਣ ਘੱਟ ਹੀ ਜਾਂਦਾ ਸੀ। ਉਂਜ ਉਹ ਆਪਣੇ ਪੁੱਤਰ ਜੰਟੇ ਦੇ ਮਿਹਨਤੀ ਸੁਭਾਅ ਤੋਂ ਪੂਰੀ ਤਰ੍ਹਾਂ ਵਾਕਿਫ ਸੀ। ਇਸ ਲਈ ਉਸ ਨੂੰ ਕੋਈ ਚਿੰਤਾ ਨਹੀਂ ਸੀ। ਉਹ ਘਰ ਰਹਿ ਕੇ ਆਪਣੇ ਪੋਤੇ ਸ਼ੇਰੇ ਨੂੰ ਖਿਡਾਉਂਦਾ ਰਹਿੰਦਾ ਜਾਂ ਮਾਲ ਡੰਗਰ ਦੇ ਚਾਰੇ ਆਦਿ ਵੱਲ ਝਾਤੀ ਮਾਰ ਲੈਂਦਾ।
..ਕੁਝ ਹੋਰ ਵਕਤ ਲੰਘ ਗਿਆ। ਸਾਲ 1987 ਦਾ ਇਕ ਦਿਨ। ਪਿੰਡ ਦੇ ਗੁਰਦੁਆਰੇ ਮੱਥਾ ਟੇਕ ਕੇ ਨਾਮ੍ਹੋ ਘਰ ਮੁੜੀ ਸੀ ਕਿ ਗੁਰਜੰਟ ਸਿੰਘ ਨੇ ਮਰੀ ਜਿਹੀ ਆਵਾਜ਼ ਵਿੱਚ ਦੱਸਿਆ, ‘ਨਾਮੋ੍ਹ! ਲੱਗਦੈ ਸਾਡੇ ਲਈ ਇਕ ਵਾਰੀ ਪਾਕਿਸਤਾਨ ਵਰਗੀ ਵੰਡ ਮੁੜ ਹੋਣ ਵਾਲੀ ਹੈ।’ ਅਚਾਨਕ ਇਸ ਤਰ੍ਹਾਂ ਦੀ ਗੱਲ ਸੁਣ ਕੇ ਉਹ ਹੈਰਾਨ ਹੋ ਗਈ। ਉਸ ਨੇ ਗੁਰਦੁਆਰਿਓਂ ਮਿਲੇ ਪ੍ਰਸ਼ਾਦ ਨੂੰ ਗੁਰਜੰਟ ਦੇ ਹੱਥਾਂ ਵਿੱਚ ਰੱਖਦਿਆਂ ਪੁੱਛਿਆ, ‘ਕੀ ਗੱਲ ਹੈ, ਸੁੱਖ ਤਾਂ ਹੈ?’
‘ਹੁਣੇ-ਹੁਣੇ ਆਪਣੇ ਪਿੰਡ ਦਾ ਸਰਪੰਚ ਚੌਧਰੀ ਹਰੀ ਸਿੰਘ ਸ਼ਹਿਰੋਂ ਮੁੜਿਆ ਹੈ ਤੇ ਬਾਹਰ ਕਿਸੇ ਨੂੰ ਆਖ ਰਿਹਾ ਸੀ ਕਿ ਰਾਤੀਂ ਕੁਝ ਲੋਕਾਂ ਨੇ ਹਿਸਾਰ ਤੋਂ ਕੋਈ ਚਾਲੀ ਪੰਜਾਹ ਕਿਲੋਮੀਟਰ ਦੂਰ ਇਕ ਬੱਸ ਨੂੰ ਰੁਕਵਾ ਕੇ ਉਸ ਅੰਦਰ ਬੈਠੀਆਂ ਤੀਹ ਪੈਂਤੀ ਸਵਾਰੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਹੈ। ਬਹੁਤੀਆਂ ਸਵਾਰੀਆਂ ਨੇੜੇ ਤੇੜੇ ਦੇ ਇਲਾਕਿਆਂ ਦੀਆਂ ਸਨ ਤੇ ਇਸ ਤੋਂ ਭੜਕ ਕੇ ਕਈ ਗਲਤ ਅਨਸਰ, ਸਿੱਖਾਂ ਦੀਆਂ ਦੁਕਾਨਾਂ ਤੇ ਮਕਾਨਾਂ ਲੁੱਟ ਕੇ ਅੱਗਾਂ ਲਾ ਰਹੇ ਹਨ।’ ਗੁਰਜੰਟ ਨੇ ਉਦਾਸ ਹੋ ਕੇ ਕੁਝ ਨੀਵੀ ਆਵਾਜ਼ ਵਿੱਚ ਸਾਰੀ ਗੱਲ ਦੱਸੀ।
‘ਹਾਏ, ਮੈਂ ਮਰ ਗਈ। ਹੁਣ ਕੀ ਬਣੂ? ਜੰਟਿਆ, ਕਿਧਰੇ ਉਹ ਨਫਰਤ ਦੀ ਅੱਗ ਸਾਡੇ ਪਿੰਡਾਂ ਤੱਕ ਵੀ ਨਾ ਪਹੁੰਚ ਜਾਏ।’ ਨਾਮ੍ਹੋ ਨੇ ਪ੍ਰੇਸ਼ਾਨ ਹੋ ਕੇ ਕਿਹਾ।
‘ਵਾਹਿਗੁਰੂ ਹੀ ਜਾਣੇ ਨਾਮ੍ਹੋ। ਪਤਾ ਨਹੀਂ ਕੀ ਹੁੰਦਾ ਜਾ ਰਿਹੈ। ਹਰ ਕੋਈ ਮਰਨ ਮਾਰਨ ‘ਤੇ ਤੁਲ ਗਿਐ। ਨਜ਼ਰ ਹੀ ਲੱਗ ਗਈ ਹੈ ਜਿਵੇਂ ਹੁਣ ਤਾਂ..।’ ਗੁਰਜੰਟ ਨੇ ਹਉਕਾ ਭਰ ਕੇ ਜਵਾਬ ਦਿੱਤਾ।
ਉਹ ਅਜੇ ਗੱਲਾਂ ਕਰ ਹੀ ਰਹੇ ਸਨ ਕਿ ਗੁਰਜੰਟ ਸਿੰਘ ਦਾ ਬਾਪੂ ਹੱਥ ਵਿੱਚ ਖੂੁੰਡਾ ਫੜੀ ਆਪਣੀ ਪਤਨੀ ਭਾਗਵੰਤੀ ਨੂੰ ਨਾਲ ਲੈ ਕੇ ਉਨ੍ਹਾਂ ਦੋਵਾਂ ਕੋਲ ਆ ਖਲੋਤਾ। ਉਸ ਦੇ ਚਿਹਰੇ ‘ਤੇ ਪ੍ਰੇਸ਼ਾਨੀ ਦੇ ਬੱਦਲ ਸਾਫ ਝਲਕ ਰਹੇ ਸਨ। ਉਸ ਨੇ ਹੌਲੀ ਜਿਹੀ ਗੁਰਜੰਟ ਸਿੰਘ ਨੂੰ ਆਖਿਆ, ‘ਸੁਣਿਆ ਈ ਜੰਟਿਆ, ਸ਼ਹਿਰ ਵਿੱਚ ਅੱਗਾਂ ਲੱਗੀਆਂ ਹੋਈਆਂ ਨੇ। ਕਹਿੰਦੇ, ਰਾਤੀਂ ਅਣਪਛਾਤੇ ਲੋਕਾਂ ਨੇ ਮੋਟਰ ਦੇ ਮੁਸਾਫਰ ਮਾਰ ਦਿੱਤੇ। ਬਦਲਾ ਲੈਣ ਲਈ ਕੁਝ ਗਲਤ ਅਨਸਰ, ਸਿੱਖਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਸਰਪੰਚ ਚੌਧਰੀ ਹੀਰਾ ਸਿਹੁੰ ਇਹ ਵੀ ਦੱਸਦਾ ਸੀ ਕਿ ਇਕ ਬਿਰਧ ਸਰਦਾਰ, ਜਿਸ ਦਾ ਸ਼ਹਿਰ ਦੇ ਵਿੱਚ ਬਾਗ ਸੀ ਤੇ ਉਥੇ ਹੀ ਆਪਣੀ ਪਤਨੀ ਨਾਲ ਰਹਿੰਦਾ ਸੀ, ਦੰਗਈਆਂ ਦਾ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ। ਉਸ ਨੇ ਆਪਣੇ ਪਿਸਤੌਲ ਨਾਲ ਇਕ ਲੁਟੇਰੇ ਨੂੰ ਮਾਰ ਵੀ ਦਿੱਤਾ ਸੀ।’
‘ਵਾਹਿਗੁਰੂ ਭਲੀ ਕਰੇ ਬਾਪੂ। ਖਬਰੇ ਇਹਦਾ ਕੀ ਨਤੀਜਾ ਹੋਊ!ਂ’ ਗੁਰਜੰਟ ਨੇ ਬਾਪੂ ਵੱਲ ਦੇਖਦਿਆਂ ਕਿਹਾ।
‘ਪੁੱਤਰਾ, ਅੱਗੇ ਕੁਝ ਸਾਲ ਪਹਿਲਾਂ ਦਿੱਲੀ ਵਿੱਚ ਵੀ ਆਪਾਂ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਸੀ। ਇਉਂ ਕਹੋ ਕਿ ਪੁੱਠੇ ਲੋਕਾਂ ਹੱਥੋਂ ਸਾਡੀ ਪੱਤ ਹੀ ਲੁੱਟੀ ਗਈ ਸੀ ਤੇ ਅਜੇ ਉਹ ਫੱਟ ਭਰੇ ਵੀ ਨਹੀਂ ਸਨ ਕਿ ਉਤੋਂ ਆਹ ਇਕ ਹੋਰ ਹਮਲਾ। ਮੇਰਾ ਤਾਂ ਜੰਟਿਆ ਸੁਣ ਕੇ ਮਨ ਹਿੱਲ ਗਿਐ। ਕੌਣ ਜਾਣੇ ਸ਼ਹਿਰੀ ਗਰਮ ‘ਵਾ ਸਾਡੇ ਪਿੰਡ ਵੱਲ ਮੁੜ ਪਵੇ। ਕਿਉਂ ਨਾ ਆਪਾਂ ਪੰਜਾਬ ਦੇ ਇਸ ਪਾਸੇ ਵੱਲ ਆਉਣ ਵਾਲੇ ਕਿਸੇ ਜ਼ਿਮੀਂਦਾਰ ਨਾਲ ਭੋਇੰ ਦਾ ਤਬਾਦਲਾ ਕਰਕੇ ਇਥੋਂ ਚੱਲੇ ਜਾਈਏ?’ ਬਾਪੂ ਵਰਿਆਮ ਸਿੰਘ ਨੇ ਤੌਖਲੇ ਭਰੀ ਆਵਾਜ਼ ਵਿੱਚ ਗੁਰਜੰਟ ਤੋਂ ਪੁੱਛਿਆ। ਸੁਣ ਕੇ ਗੁਰਜੰਟ ਇਕ ਪਲ ਲਈ ਹੈਰਾਨ ਹੋ ਗਿਆ ਤੇ ਇਕਦਮ ਮੁਸਕਰਾ ਕੇ ਕਹਿਣ ਲੱਗਿਆ, ‘ਵਾਹ ਬਾਪੂ! ਤੂੰ ਤਾਂ ਦਿਲ ਛੱਡ ਗਿਐ। ਸਾਡੇ ਵਾਂਗ ਹੋਰ ਵੀ ਲੱਖਾਂ ਸਾਡੇ ਭਰਾ ਪੰਜਾਬੋਂ ਬਾਹਰ ਵਸਦੇ ਹਨ। ਕੀ ਸਾਰੇ ਹੀ ਤੇਰੇ ਵਾਂਗ ਸੋਚਦੇ ਹੋਣਗੇ?’
‘ਉਹ ਤਾਂ ਪੁੱਤਰਾ ਠੀਕ ਏ, ਪਰ ਫਿਰ ਵੀ ਕਿਆਸ ਤਾਂ ਕਰਨਾ ਪੈਂਦਾ ਹੈ ਨਾ। ਮੈਨੂੰ ਯਾਦ ਹੈ ਜੰਟਿਆ, ਜਦੋਂ ਦੇਸ਼ ਦੀ ਵੰਡ ਹੋਈ ਸੀ। ਦੋਵਾਂ ਪਾਸੇ ਅੱਗ ਦੇ ਲਾਂਬੂ ਉਠੇ ਸਨ ਉਦੋਂ। ਲੱਕਾਂ ਲੋਕੀਂ ਉਸ ਨਫਰਤ ਦੀ ਅੱਗ ਵਿੱਚ ਸੜ ਕੇ ਸੁਆਹ ਹੋ ਗਏ ਸਨ। ਤੁਅੱਸਬੀ ਨਾਅਰਿਆਂ ਹੇਠ ਪਤਾ ਨਹੀਂ ਕਿੰਨੀਆਂ ਬੇਕਸੂਰ ਜ਼ਿੰਦਗੀਆਂ ਮੌਤ ਦੇ ਮੂੰਹ ਵਿੱਚ ਚਲੀਆਂ ਗਈਆਂ। ਮੈਂ ਜਾਨ ਬਚਾ ਕੇ ਕਿਵੇਂ ਤੁਹਾਡੇ ਕਾਫਲੇ ਨਾਲ ਇਥੇ ਲਿਆਂਦਾ, ਮੈਂ ਹੀ ਜਾਣਦਾ ਹਾਂ ਜੰਟੇ। ਪੁੱਛ ਲੈ ਆਪਣੀ ਬੇਬੇ ਤੋਂ। ਕਿਉਂ, ਕੀ ਆਹਨੀ ਏਂ ਭਾਗਵੰਤੀ?’ ਗੁਰਜੰਟ ਦੇ ਬਾਪੂ ਨੇ ਉਸ ਦੀ ਮਾਂ ਵੱਲ ਇਸ਼ਾਰਾ ਕੀਤਾ। ਉਹ ਆਪਣੇ ਸਿਰ ਦਾ ਲੀੜਾ ਠੀਕ ਕਰਦੀ ਹੋਈ ਬੋਲੀ, ‘ਆਹੋ ਪੁੱਤ! ਤੇਰਾ ਬਾਪੂ ਠੀਕ ਆਖਦੈ। ਬੜੇ ਲੋਕੀਂ ਵੱਢੇ ਗਏ ਸਨ ਉਦੋਂ। ਮੇਰੀ ਮੰਨ ਤਾਂ ਆਪਾਂ ਟੈਮ ‘ਤੇ ਈ ਇਥੋਂ ਦੀ ਜ਼ਮੀਨ ਵੇਚ ਕੇ ਦੂਜੇ ਪਾਸੇ ਟੁਰ ਚਲੀਏ। ਅਖੇ ਜਾਨ ਹੈ ਤਾਂ ਜਹਾਨ ਹੈ। ਭੋਇੰ ਦੇ ਬਦਲੇ ਭੋਇੰ ਹੀ ਤਾਂ ਲੈਣੀ ਹੋਊ। ਇਥੇ ਨਹੀਂ ਤਾਂ ਉਥੇ ਵਾਹ ਲਾਵਾਂਗੇ। ਕਿਉਂ ਜੰਟੇ ਦੇ ਬਾਪੂ?’
‘ਆਹੋ-ਆਹੋ, ਤੂੰ ਠੀਕ ਆਹਨੀਂ ਏ।’ ਗੁਰਜੰਟ ਸਿੰਘ ਦੇ ਬਾਪੂ ਨੇ ਕੋਲ ਪਈ ਮੰਜੀ ਉਤੇ ਬਹਿੰਦਿਆਂ ਹੁੰਗਾਰਾ ਭਰਿਆ। ਉਸ ਨੂੰ ਬਹਿੰਦਿਆਂ ਦੇਖ ਕੇ ਭਾਗਵੰਤੀ ਵੀ ਥੋੜ੍ਹਾ ਜਿਹਾ ਪਾਸੇ ਹਟ ਕੇ ਮੰਜੀ ਤੇ ਪਾਵੇ ਦਾ ਸਹਾਰਾ ਲੈਂਦੀ ਬਹਿ ਗਈ। ਉਨ੍ਹਾਂ ਦੋਵਾਂ ਦੀਆਂ ਗੱਲਾਂ ਸੁਣ ਕੇ ਗੁਰਜੰਟ ਸਿੰਘ ਸੋਚੀਂ ਪੈ ਗਿਆ। ਉਸ ਨੂੰ ਸੋਚੀਂ ਪਿਆ ਦੇਖ ਕੇ ਨਾਮ੍ਹੋ ਹੌਲੀ ਜਿਹੀ ਬੋਲੀ, ‘ਮਖਾਂ, ਬੇਬੇ ਤੇ ਬਾਪੂ ਠੀਕ ਆਂਹਦੇ ਨੇ। ਜੇ ਆਖੋ ਤਾਂ ਮੈਂ ਪੇਕੇ ਜਾ ਕੇ ਆਪਣੇ ਭਾਈਏ ਨਾਲ ਗੱਲ ਤੋਰਾਂ। ਉਹ ਆਪੇ ਕੋਈ ਖਰੀਦਦਾਰ ਜਾਂ ਜ਼ਮੀਨ ਤਬਾਦਲੇ ਵਾਲਾ ਬੰਦਾ ਭਾਲ ਲਊ।’ ‘ਪਰ ਨਾਮ੍ਹੀਏ, ਮੈਂ ਇਸ ਮਿੱਟੀ ‘ਤੇ ਆਪਣੀ ਉਮਰ ਦੇ ਚਾਲੀ ਵਰ੍ਹੇ ਲੰਘਾ ਦਿੱਤੇ। ਇਸ ਦੀ ਮਹਿਕ ਮੇਰੇ ਅੰਗ-ਅੰਗ ਵਿੱਚ ਵਸੀ ਹੋਈ ਏ। ਬੜੀਆਂ ਮਿਹਨਤਾਂ ਨਾਲ ਇਸ ਧਰਤੀ ਮਾਂ ਨੂੰ ਮੈਂ ਆਪਣਾ ਮੁੜਕਾ ਪਿਆ-ਪਿਆ ਸੰਵਾਰਿਆ। ਇਹ ਕਿਵੇਂ ਛੱਡਾਂ ਮੈਂ?’ ਗੁਰਜੰਟ ਨੇ ਪੂਰੇ ਜਜ਼ਬਾਤਾਂ ਵਿੱਚ ਡੁੱਬ ਕੇ ਬੜੀ ਗੰਭੀਰਤਾ ਨਾਲ ਸਭ ਤੋਂ ਗੱਲ ਪੁੱਛੀ।
‘ਪਰ ਪੁੱਤ ਓਧਰ ਵੀ ਧਰਤੀ ਹੋਵੇਗੀ। ਆਪਾਂ ਉਸ ਨੂੰ ਵੀ ਆਪਣਾ ਬਣਾ ਲਾਵਾਂਗੇ। ਜਾਏ ਖਾਣਿਆਂ ਦੇ ਇਸ ਰੋਜ਼-ਰੋਜ਼ ਦੇ ਡਰ ਤੋਂ ਛੁਟਕਾਰਾ ਮਿਲੂ।’ ਬੇਬੇ ਨੇ ਸਮਝਾਇਆ।
‘ਪਰ ਮਾਂ ਜੇ ਇੰਜ ਅਸੀਂ ਕਮਜ਼ੋਰੀ ਵਿਖਾ ਕੇ ਇਥੋਂ ਓਧਰ ਚਲੇ ਗਏ ਤਾਂ ਇਸ ਪਿੰਡ ਵਾਲੇ ਤੇ ਉਸ ਪਿੰਡ ਵਾਲੇ ਜਿਥੇ ਅਸੀਂ ਜਾ ਕੇ ਹੋਰ ਜ਼ਮੀਨ ਲਵਾਂਗੇ, ਉਹ ਕੀ ਸੋਚਣਗੇ। ਇਹ ਤਾਂ ਜਿਉਂਦਿਆਂ ਜੀਆਂ ਮਰਨ ਵਾਲੀ ਗੱਲ ਹੋ ਜਾਊ।’ ਗੁਰਜੰਟ ਨੇ ਕੁਝ ਤਲਖੀ ਵਿੱਚ ਕਿਹਾ। ਇਸ ‘ਤੇ ਉਸ ਦੇ ਬਾਪੂ ਨੇ ਆਪਣਾ ਖੂੰਡਾ ਜ਼ਮੀਨ ‘ਤੇ ਖੜਕਾਉਂਦਿਆਂ ਕਿਹਾ, ‘ਕਾਕਾ, ਵਕਤ ਨਾਲ ਸਮਝੌਤਾ ਕਰਨਾ ਕੋਈ ਕਮਜ਼ੋਰੀ ਜਾਂ ਬੁਜ਼ਦਿਲੀ ਨਹੀਂ। ਗੱਲ ਤਾਂ ਬੱਸ ਬੇਫਿਕਰ ਹੋ ਕੇ ਜਿਊਣ ਦੀ ਹੈ। ਤੂੰ ਮਨ ਛੋਟਾ ਨਾ ਕਰ?। ਵਾਹਿਗੁਰੂ ਸਭ ਭਲੀ ਕਰੂ।’
‘ਖੈਰ, ਜੇ ਤੁਹਾਡੀ ਸਭ ਦੀ ਇਹੀ ਮਰਜ਼ੀ ਹੈ ਤਾਂ ਮੈਂ ਕੀ ਕਰ ਸਕਦਾ ਹਾਂ। ਫਿਰ ਵੀ ਬਾਪੂ, ਮੈਂ ਇਕ ਵਾਰ ਪਿੰਡ ਦੇ ਸਰਪੰਚ ਨਾਲ ਗੱਲ ਤਾਂ ਕਰ ਵੇਖਾਂ। ਉਹ ਬੜਾ ਸਿਆਣਾ ਚੌਧਰੀ ਏ। ਚੰਗੀ ਮੱਤ ਹੀ ਦੇਵੇਗਾ।’ ਗੁਰਜੰਟ ਸਿੰਘ ਨੇ ਜਿਵੇਂ ਸਭ ਅੱਗੇ ਹਥਿਆਰ ਸੁੱਟਦਿਆਂ ਕੁਝ ਨਿਰਾਸ਼ਾ ਵਿੱਚ ਕਿਹਾ।
‘ਓਏ ਪੁੱਤਰ ਜੰਟਿਆ, ਤੂੰ ਅਸਲੋਂ ਭੋਲਾ ਏਂ। ਇਹ ਏਧਰ ਦਾ ਰਹਿਣ ਵਾਲਾ ਜਾਟ ਸਰਪੰਚ ਹੈ। ਭਲਾ ਉਹ ਕੀ ਰਾਇ ਦੇਊ? ਐਵੇਂ ਸਗੋਂ ਆਪਣੀ ਕਮਜ਼ੋਰੀ ਵਿਖਾਣੀ ਹੋਊ ਉਸ ਅੱਗੇ। ਬੇਗਾਨੇ ਤਾਂ ਪੁੱਤਰਾ ਬੇਗਾਨੇ ਹੀ ਹੁੰਦੇ ਨੇ।’ ਵਰਿਆਮ ਸਿੰਘ ਨੇ ਕੁਝ ਸੰਸਿਆਂ ਭਰੀ ਆਵਾਜ਼ ਵਿੱਚ ਆਖਿਆ।
‘ਸਾਰੇ ਬੰਦੇ ਬੇਈਮਾਨ ਨਹੀਂ ਹੁੰਦੇ ਬਾਪੂ। ਐਵੇਂ ਹਰ ਇਕ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ। ਇਨ੍ਹਾਂ ਚਾਲੀ ਸਾਲਾਂ ਵਿੱਚ ਆਪਾਂ ਨੂੰ ਇਸ ਪਿੰਡ ਦੇ ਵਸਨੀਕਾਂ ਕੋਲੋਂ ਕਦੇ ਤਕਲੀਫ ਨਹੀਂ ਹੋਈ। ਭਾਵੇਂ ਉਨ੍ਹਾਂ ਦੀ ਵਸੋਂ ਆਪਣੇ ਲੋਕਾਂ ਨਾਲੋਂ ਕਿਧਰੇ ਜ਼ਿਆਦਾ ਹੈ, ਤਾਂ ਵੀ ਉਹ ਸਾਡੇ ਨਾਲ ਸਕੇ ਭਰਾਵਾਂ ਵਾਂਗ ਰਹਿ ਰਹੇ ਹਨ।’ ਗੁਰਜੰਟ ਨੇ ਇਕ ਨਿਸ਼ਚੇ ਨਾਲ ਆਪਣੀ ਗੱਲ ਆਖੀ ਤੇ ਫਿਰ ਇਹ ਕਹਿ ਕੇ ਘਰੋਂ ਬਾਹਰ ਨਿਕਲ ਗਿਆ ਕਿ ਉਹ ਸਰਪੰਚ ਨੂੰ ਮਿਲ ਕੇ ਬਾਅਦ ਵਿੱਚ ਖੇਤਾਂ ਵੱਲ ਜਾਵੇਗਾ। ਉਸ ਦੇ ਜਾਂਦਿਆਂ ਹੀ ਉਸ ਦੀ ਬੇਬੇ ਭਾਗਵੰਤੀ ਵਾਹਿਗੁਰੂ-ਵਾਹਿਗੁਰੂ ਜਪਦੀ ਉਠ ਕੇ ਡਿਊੜੀ ਵਿੱਚ ਡਾਹੀ ਮੰਜੀ ‘ਤੇ ਜਾ ਕੇ ਲੇਟ ਗਈ ਤੇ ਵਰਿਆਮ ਸਿੰਘ ਆਪਣਾ ਖੂੰਡਾ ਫੜ ਕੇ ਉਠਦਾ ਹੋਇਆ ਨਾਮ੍ਹੋ ਨੂੰ ਕਹਿਣ ਲੱਗਾ, ‘ਧੀਏ, ਜੰਟੇ ਨੂੰ ਤੂੰ ਹੀ ਸਮਝਾ। ਪਤਾ ਨਹੀਂ ਕਿਉਂ ਇਸ ਮੁੰਡੇ ਨੂੰ ਸਾਡੀ ਗੱਲ ਈ ਨਹੀਂ ਸਮਝ ਆ ਰਹੀ। ਤੌਖਲੇ ਤਾਂ ਮਾਪਿਆਂ ਨੂੰ ਭੋਗਣੇ ਪੈਂਦੇ ਨੇ।’
‘ਤੁਸੀਂ ਚਿੰਤਾ ਨਾ ਕਰੋ ਬਾਪੂ ਜੀ। ਉਹ ਜਦੋਂ ਘਰ ਪਰਤਣਗੇ ਤਾਂ ਮੈਂ ਆਪ ਆਖਾਂਗੀ ਕਿ ਆਪਾਂ ਆਪਣੇ ਲੋਕਾਂ ਵਿੱਚ ਜਾ ਰਲੀਏ।’ ਨਾਮ੍ਹੋ ਨੇ ਜਿਵੇਂ ਆਪਣੇ ਸਹੁਰੇ ਵਰਿਆਮ ਸਿੰਘ ਨੂੰ ਤਸੱਲੀ ਦੇਣੀ ਚਾਹੀ।
‘ਸ਼ਾਬਾਸ਼ ਧੀਏ, ਸ਼ਾਬਾਸ਼। ਨੂੰਹ ਹੋਵੇ ਤਾਂ ਤੇਰੇ ਜਿਹੀ।’ ਤੇ ਇਹ ਕਹਿ ਕੇ ਵਰਿਆਮ ਸਿੰਘ ਖੂੰਡਾ ਫੜੀ ਹੌਲੀ-ਹੌਲੀ ਤੁਰਦਾ ਭਾਗਵੰਤੀ ਕੋਲ ਜਾ ਬੈਠਾ।
ਗੁਰਜੰਟ ਸਿੰਘ ਨੂੰ ਭਰੀ ਦੁਪਹਿਰ ਆਪਣੇ ਘਰ ਆਇਆ ਦੇਖ ਕੇ ਚੌਧਰੀ ਹਰੀ ਸਿੰਘ ਸਰਪੰਚ ਦੂਰੋਂ ਹੀ ਮੂੜ੍ਹੇ ਉੱਤੇ ਬੈਠਾ ਬੋਲਿਆ, ‘ਆ ਰੇ ਜੰਟ ਸਿੰਘ। ਆਜ ਰਾਸਤਾ ਭੂਲ ਆਇਆ ਰੇ। ਆ ਜਾ, ਅੜੇ ਮੇਰੇ ਕੰਨੇ ਹੀ ਬੈਠ ਜਾ।’ ਤੇ ਗੁਰਜੰਟ ਸਿੰਘ ਜਾ ਕੇ ਉਸ ਦੇ ਨਾਲ ਪਏ ਮੂੜ੍ਹੇ ‘ਤੇ ਬਹਿ ਗਿਆ।
‘ਔਰ ਫਿਰ ਸੁਣਾ, ਕੇ ਚਾਲ ਢਾਲ ਸੈ ਜੰਟਾ ਸਿੰਘ?’ ਸਰਪੰਚ ਨੇ ਗੱਲ ਟੋਰੀ।
‘ਬੱਸ ਠੀਕ ਹੀ ਨੇ ਚੌਧਰੀ ਸਾਹਿਬ।’ ਗੁਰਜੰਟ ਸਿੰਘ ਨੇ ਹੌਲੀ ਜਿਹੀ ਜਵਾਬ ਦਿੱਤਾ।
‘ਆਜ ਕਾਲ ਬੇਰਾਂ ਨੀ ਲੋਗਾਂ ਨੇ ਕੇ ਹੋ ਗਾਇਆ ਸੈ। ਮੇਰੇ ਮਟੇ ਨੂੰ ਈ ਲੜਦੇ ਭਿੜਦੇ ਫਿਰ ਸੈ। ਯਾਰ ਦੇਖ ਲੇ ਈਬ ਸਹਰ ਮੈ ਕੇ ਹੋਣ ਲਾਗ ਰਿਹਾ ਸੈ। ਜ਼ੁਲਮ ਤੇ ਕੋਈ ਕਰੇ ਔਰ ਭਰੇ ਕੋਈ। ਯਾ ਤੋ ਜੰਟੇ ਲੁਟੇਰੇ ਸੈਂ। ਇਨ ਲੋਗਾਂ ਨੇ ਕਿਸੀ ਸੇ ਕੋਈ ਹਮਦਰਦੀ ਕੋਨਾ। ਰਾਮ ਈ ਭਲੀ ਕਰੇ।’ ਸਰਪੰਚ ਨੇ ਆਪਣਾ ਹੁੱਕਾ ਫੜ ਕੇ ਗੁੜਗੁੜਾਉਂਦਿਆਂ ਗੁੱਸੇ ਵਿੱਚ ਕਿਹਾ।
‘ਹਾਂ ਸਰਪੰਚ ਜੀ! ਟੈਮ ਬੜਾ ਭੈੜਾ ਆ ਗਿਆ ਹੈ। ਮੈਂ ਵੀ ਤੁਹਾਡੇ ਨਾਲ ਕੁਝ ਅਜਿਹੀ ਗੱਲ ਸਾਂਝੀ ਕਰਨ ਆਇਆ ਹਾਂ।’ ਗੁਰਜੰਟ ਨੇ ਸਿੱਧੇ ਜਿਹੇ ਢੰਗ ਨਾਲ ਇਕਦਮ ਆਖਿਆ।
‘ਹਾਂ-ਹਾਂ, ਬੋਲ ਕੇ ਬਾਤ ਸੈ?’ ਚੌਧਰੀ ਹਰੀ ਸਿੰਘ ਨੇ ਗੁਰਜੰਟ ਦੀਆਂ ਅੱਖਾਂ ਵਿੱਚ ਝਾਕਦਿਆਂ ਪੁੱਛਿਆ।
‘ਚੌਧਰੀ ਸਾਬ੍ਹ, ਅੱਜ ਜਦੋਂ ਤੋਂ ਤੁਹਾਡੇ ਰਾਹੀਂ ਮੇਰੇ ਬਾਪੂ ਨੂੰ ਇਹ ਪਤਾ ਲੱਗਾ ਕਿ ਸ਼ਹਿਰ ਵਿੱਚ ਸਿੱਖਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਤਾਂ ਉਸ ਦਾ ਮਨ ਡੋਲ ਗਿਆ ਹੈ। ਉਹ ਚਾਹੁੰਦਾ ਹੈ ਕਿ ਅਸੀਂ ਇਥੋਂ ਜ਼ਮੀਨ ਵੇਚ ਕੇ ਜਾਂ ਕਿਸੇ ਪੰਜਾਬ ਦੇ ਬੰਦੇ ਨਾਲ ਤਬਦੀਲ ਕਰਕੇ ਚਲੇ ਜਾਈਏ।’ ਗੁਰਜੰਟ ਸਿੰਘ ਨੇ ਹੌਲੀ-ਹੌਲੀ ਆਪਣੇ ਮਨ ਦੀ ਗੰਢ ਖੋਲ੍ਹੀ। ਸੁਣ ਕੇ ਸਰਪੰਚ ਹਰੀ ਸਿੰਘ ਇਕ ਵਾਰ ਉਚਾ ਸਾਰਾ ਹੱਸਿਆ ਤੇ ਫਿਰ ਹੁੱਕੇ ਵਿੱਚੋਂ ਇਕ ਜ਼ੋਰ ਦਾ ਕਸ਼ ਲੈ ਕੇ ਬੋਲਿਆ, ‘ਅਰੇ! ਵਾਹ ਰੈ ਮੇਰੇ ਸੇਰ ਬਰਆਮ ਸਿੰਗ। ਆਛਾ ਛੋਰੇ ਜੰਟੇ ਨੇ ਡਰਾਵੇ ਸੈ। ਮੰਨੇ ਤੋਂ ਨਿਉਂ ਈ ਤੇਰੇ ਬਾਪੂ ਨੌਂ ਸਹਰ ਕੀ ਘਟਨਾ ਬਤਾਈ ਥੀ। ਮੇਰਾ ਮਤਲਬ ਯੋ ਥੋੜਾ ਥਾ ਕੇ ਵਾਹ ਈਸੀ ਭੋਡੀ ਸੋਚ ਕਰਨ ਲਾਗੇ। ਅਰੇ ਜੰਟੇ, ਯਾ ਤੋ ਲੋਗਾਂ ਨੇ ਪਾੜਨੀਏ ਈਸੀ ਘਟੀਆ ਚਾਲ ਚਾਲੋ। ਸੁਥਰਾ ਔਰ ਸਰੀਫ ਮਾਨਸ ਇਨ ਬਾਤਾਂ ਸੈ ਦੂਰ ਹੀ ਰਹਵੇ।’
‘ਉਹ ਤਾਂ ਠੀਕ ਏ ਚੌਧਰੀ ਜੀ, ਪਰ ਫਿਰ ਵੀ ਜੇ ਵਕਤ ‘ਤੇ ਆਦਮੀ ਸੰਭਲ ਜਾਵੇ ਤਾਂ ਸ਼ਾਇਦ ਉਹ ਬੁਰੀ ਘੜੀ ਤੋਂ ਬਚ ਜਾਵੇ। ਬੱਸ! ਇਸੇ ਕਰਕੇ ਮੈਂ ਤੁਹਾਡੇ ਨਾਲ ਰਾਇ ਕਰਨ ਆਇਆ ਸੀ ਕਿ ਅਸੀਂ ਆਪਣੀ ਜ਼ਮੀਨ ਦਾ ਬਾਹਰ ਤਬਾਦਲਾ ਕਰ ਲਈਏ।’ ਗੁਰਜੰਟ ਸਿੰਘ ਨੇ ਆਖਰ ਆਪਣੇ ਮਨ ਦੀ ਗੱਲ ਕਹਿ ਹੀ ਦਿੱਤੀ। ਸਰਪੰਚ ਸੁਣ ਕੇ ਗੰਭੀਰ ਹੋ ਗਿਆ। ਕੁਝ ਪਲ ਉਹ ਸੋਚਦਾ ਰਿਹਾ ਤੇ ਫਿਰ ਹੁੱਕੇ ਨੂੰ ਪਰ੍ਹਾਂ ਕਰਕੇ ਗੁਰਜੰਟ ਦੇ ਮੋਢੇ ‘ਤੇ ਹੱਥ ਰੱਖਦਿਆਂ ਬੋਲਿਆ, ‘ਸੁਣ ਰੈ ਛੋਰੇ! ਮੈਂ ਇਸ ਗਾਂਵ ਕਾ ਸਰਪੰਚ ਈ ਨਹੀਂ, ਤਾਰ੍ਹਾ ਭਾਈ ਬੀ ਸੂੰ। ਥਾਰ੍ਹੇ ਕੰਨੇ ਕੋਈ ਆਂਖ ਠਾ ਕੇ ਬੀ ਦੇਖ ਜਾਏ ਤੋ ਉਸ ਕੀ ਆਂਖ ਫੋੜ ਦੇਉਂ। ਅਰੇ ਬਾਵਲੇ! ਯਾਹ ਧਰਤੀ ਮਾਰ੍ਹੀ ਮਾਂ ਸੈਂ। ਈਸੀ ਮਾਂ, ਜਿਸ ਕੀ ਗੋਦ ਮੈਂ ਬੈਠ ਕੇ ਮੇਹ ਸਾਰੇ ਅਨਾਜ ਖਾਵੇਂ। ਮਾਰ੍ਹੀ ਜਣਨੀ ਮਾਂ ਤੇ ਏਕ ਦਿਨ ਮਰ ਬੀ ਜਾਵੇ, ਪਰ ਯਾਹ ਧਰਤੀ ਮਾਂ ਤੋਂ ਹਮੇਸ਼ਾ ਜਿੰਦਾ ਰਵ੍ਹੇ ਔਰ ਪੀੜ੍ਹੀ ਨੇ ਪਾਲੈ ਸੈ। ਇਸ ਨੇ ਨਿਊਂ ਛੋਡ ਕੇ ਭਾਗੋਗੇ ਤੋ ਕੇ ਪਾਪ ਨਾ ਲਾਗੇਗਾ?’
ਸੁਣ ਕੇ ਗੁਰਜੰਟ ਦਾ ਮਨ ਭਰ ਆਇਆ। ਉਸ ਨੇ ਭਰੇ ਗਲੇ ਨਾਲ ਕਿਹਾ, ‘ਹਾਂ ਚੌਧਰੀ ਜੀ! ਧਰਤੀ ਮਾਂ ਹੁੰਦੀ ਹੈ ਤੇ ਮੈਂ ਤਾਂ ਇਸ ਪਿੰਡ ਦੀ ਧਰਤੀ ‘ਤੇ ਆਪਣਾ ਬਚਪਨ, ਜਵਾਨੀ ਤੇ ਹੁਣ ਕੁਝ ਅਗਲਾ ਪੜਾਅ ਵੀ ਮਾਣ ਰਿਹਾ ਹਾਂ। ਮੈਂ ਕਿਵੇਂ ਛੱਡਾਂ ਇਸ ਮਾਂ ਨੂੰ!..ਪਰ ਹਾਲਾਤ ਤੇ ਘਰ ਵਾਲਿਆਂ ਦੀਆਂ ਮਜਬੂਰੀਆਂ। ਮੈਂ ਕਿਵੇਂ ਮੋੜਾਂ ਉਨ੍ਹਾਂ ਦੇ ਸੁਆਲ ਨੂੰ?’
‘ਤੈਂ ਕੋਈ ਫੀਕਰ ਨਾ ਕਰ ਰੈ ਜੰਟੇ। ਮੈਂ ਈਬੇ ਈ ਤੇਰੇ ਗੇਲ ਚਾਲ ਕੇ, ਤੇਰੇ ਬਾਪੂ ਸੈ ਬਾਤ ਕਰਤਾ ਹੂੰ। ਆਛਾ ਮੇਰਾ ਬਜ਼ੁਰਗ ਭਾਈ ਸੈ ਵਾਹ। ਨਿਉਂ ਈ ਬਹਿਮ ਮੈਂ ਪੜ ਗਇਆ ਸਿਰਦਾਰ। ਅਰੇ ਮੇਂਹ ਮਰ ਤੇ ਕੋਨੀ ਗਏ। ਗਾਂਵ ਮੇਂ ਰਹਿਣੀਆਂ, ਗਾਂਵ ਵਾਲਾ ਹੀ ਕਹਿਲਾਵੈ ਸੈ ਜੰਟੇ। ਵਾਹ ਚਾਹੇ ਕੀਸੀ ਜਾਤ ਬਰਾਦਰੀ ਸੇ ਬੀ ਕਿਉਂ ਨਾ ਹੋ। ਸੈ ਤੇ ਗਾਂਵ ਬਾਸੀ ਹੀ? ਵਾਹ ਉਸ ਗਾਂਵ ਕੀ ਧਰਤੀ ਕਾ ਬੇਟਾ ਬੇਟੀ ਹੋਵੇ ਸੈ, ਫਿਰ ਵੁਸ ਗਾਂਵ ਕੇ ਬੇਟੇ ਅਰ ਬੇਟੀ ਨੇ ਕੋਈ ਆ ਕੈ ਨੁਕਸਾਨ ਪਹੁੰਚਾਵੈ ਤੋ ਸਾਰੇ ਮਿਲ ਕੇ ਖੋਪਰ ਨਾ ਖੋਲ੍ਹ ਦੇਂਗੇ ਉਸ ਕਾ।..ਚਾਲ ਗੁਰਜੰਟ, ਆਜ ਕੀ ਰੋਟੀ ਬੀ ਤੇਰੇ ਘਰ ਚਾਲ ਕੈ, ਤੇਰੇ ਬਾਪ ਗੇਲ ਮਿਲ ਕੈ ਈ ਜੀਮੂੰਗਾ ਔਰ ਉਸ ਤੇ ਕਹੂੰਗਾ ਕਿ ਜਿਸ ਕਾ ਨਮਕ ਚਾਟ ਲੀਆ ਉਸ ਗੇਲ ਨਮਕ ਹਰਾਮੀ ਕੂਕਰ ਹੋ?’
ਤੇ ਗੁਰੰਜਟ ਨੇ ਭਰੀਆਂ ਅੱਖਾਂ ਨਾਲ ਦੇਖਿਆ ਕਿ ਸਰਪੰਚ ਚੌਧਰੀ ਹੀਰਾ ਸਿੰਘ ਕੋਲ ਹੀ ਦੂਜੇ ਮੂੜ੍ਹੇ ‘ਤੇ ਪਈ ਆਪਣੀ ਚਿੱਟੀ ਪਗੜੀ ਨੂੰ ਚੁੱਕ ਕੇ ਸਿਰ ‘ਤੇ ਵਲ੍ਹੇਟਣ ਲੱਗ ਗਿਆ ਹੈ।