ਦੱਖਣੀ ਤੇ ਉੱਤਰੀ ਕੋਰੀਆ ਨੇ ਆਪਣੇ ਆਗੂਆਂ ਲਈ ਸ਼ੁਰੂ ਕੀਤੀ ਹੌਟਲਾਈਨ

ਸਿਓਲ, 20 ਅਪਰੈਲ (ਪੋਸਟ ਬਿਊਰੋ) : ਪਯੌਂਗਯੈਂਗ ਨਾਲ ਪ੍ਰਮਾਣੂ ਖੜੋਤ ਨੂੰ ਖਤਮ ਕਰਨ ਲਈ ਅਗਲੇ ਹਫਤੇ ਹੋਣ ਜਾ ਰਹੇ ਸਿਖਰ ਸੰਮੇਲਨ ਦੀ ਤਿਆਰੀ ਵਜੋਂ ਉੱਤਰੀ ਤੇ ਦੱਖਣੀ ਕੋਰੀਆ ਨੇ ਆਪਣੇ ਲੀਡਰਾਂ ਲਈ ਹੌਟਲਾਈਨ ਸੁ਼ਰੂ ਕੀਤੀ ਹੈ।
ਦੱਖਣੀ ਕੋਰੀਆ ਦੇ ਪ੍ਰੈਜ਼ੀਡੈਂਸ਼ੀਅਲ ਆਫਿਸ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਇਸ ਹੌਟਲਾਈਨ ਰਾਹੀਂ ਸਿਓਲ ਦੇ ਪ੍ਰੈਜ਼ੀਡੈਂਸ਼ੀਅਲ ਬਲੂ ਹਾਊਸ ਤੇ ਪਯੌਗਯੈਂਗ ਦੇ ਸ਼ਕਤੀਸ਼ਾਲੀ ਸਟੇਟ ਅਫੇਅਰਜ਼ ਕਮਿਸ਼ਨ ਦਰਮਿਆਨ ਸਫਲਤਾਪੂਰਬਕ ਗੱਲਬਾਤ ਕੀਤੀ ਗਈ ਹੈ।
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਤੇ ਉੱਤਰੀ ਕੋਰੀਆ ਦੇ ਆਗੂ ਕਿੰਮ ਜੌਂਗ ਉਨ ਅਗਲੇ ਸ਼ੁੱਕਰਵਾਰ ਹੋਣ ਜਾ ਰਹੀ ਆਪਣੀ ਮੁਲਾਕਾਤ ਤੋਂ ਪਹਿਲਾਂ ਇੱਕ ਵਾਰੀ ਟੈਲੀਫੋਨ ਉੱਤੇ ਵੀ ਗੱਲਬਾਤ ਕਰਨਗੇ। ਇਹ ਮੁਲਾਕਾਤ ਸਰਹੱਦੀ ਪਿੰਡ ਪੈਨਮੁਨਜੌਮ ਵਿੱਚ ਕੀਤੀ ਜਾਵੇਗੀ। ਦੱਖਣੀ ਕੋਰੀਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੌਟਲਾਈਨ ਸਦਕਾ ਗੱਲਬਾਤ ਕਰਨ ਵਿੱਚ ਸੌਖ ਹੋਵੇਗੀ ਤੇ ਤਣਾਅ ਦੇ ਸਮੇਂ ਦੌਰਾਨ ਪੈਦਾ ਹੋਈ ਗਲਤਫਹਿਮੀ ਨੂੰ ਵੀ ਦੂਰ ਕੀਤਾ ਜਾ ਸਕੇਗਾ।