ਦੱਖਣੀ ਤੇ ਉੱਤਰੀ ਕੋਰੀਆ ਦਾ ਇੱਕ ਹੋਣਾ ‘ਭਾਰਤ-ਪਾਕਿਸਤਾਨ’ ਲਈ ਸਬਕ

-ਪ੍ਰੋ. ਦਰਬਾਰੀ ਲਾਲ, ਸਾਬਕਾ ਡਿਪਟੀ ਸਪੀਕਰ ਵਿਧਾਨ ਸਭਾ, ਪੰਜਾਬ
ਦੁਨੀਆ ਦੇ ਅਮਨ ਪਸੰਦ ਦੇਸ਼ਾਂ ਨੇ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਦੇ 65 ਸਾਲਾਂ ਦੇ ਤਣਾਅ ਪੂਰਨ ਸੰਬੰਧਾਂ ਤੋਂ ਬਾਅਦ ਦੋਸਤਾਨਾ ਮਾਹੌਲ ਪੈਦਾ ਹੋਣ ‘ਤੇ ਸੁੱਖ ਦਾ ਸਾਹ ਲਿਆ ਹੈ। ਆਪਸੀ ਮਸਲਿਆਂ ਨੂੰ ਹੱਲ ਕਰਨ ਦਾ ਇਹ ਇੱਕ ਹਾਂ-ਪੱਖੀ ਤਰੀਕਾ ਹੀ ਨਹੀਂ, ਇੱਕ ਨਵੇਂ ਯੁੱਗ ਦਾ ਆਗਾਜ਼ ਵੀ ਹੈ।
ਅਸਲ ਵਿੱਚ ਡੋਨਾਲਡ ਟਰੰਪ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਪਿੱਛੋਂ ਉੱਤਰੀ ਕੋਰੀਆ ਨਾਲ ਅਮਰੀਕਾ ਦੇ ਸੰਬੰਧ ਬਹੁਤ ਖਤਰਨਾਕ ਮੋੜ ‘ਤੇ ਪਹੁੰਚ ਗਏ ਸਨ ਤੇ ਲੱਗਦਾ ਸੀ ਕਿ ਕਿਸੇ ਵੀ ਸਮੇਂ ਦੋਵਾਂ ਦੇਸਾਂ ਵਿਚਾਲੇ ਐਟਮੀ ਜੰਗ ਵੀ ਛਿੜ ਸਕਦੀ ਹੈ ਤੇ ਤੀਜੀ ਸੰਸਾਰ ਜੰਗ ਦੀ ਬੁਨਿਆਦ ਰੱਖੀ ਜਾ ਸਕਦੀ ਹੈ। ਦੁਨੀਆ ਦੇ ਇਸ ਖੇਤਰ ਵਿੱਚ ਇਕਦਮ ਆਈ ਤਬਦੀਲੀ ਨਾਲ ਇੱਕ ਨਵੀਂ ਆਸ ਜਾਗੀ ਹੈ, ਕਿਉਂਕਿ ਦੂਜੀ ਸੰਸਾਰ ਜੰਗ ਦੀ ਸਮਾਪਤੀ ‘ਤੇ 1945 ਵਿੱਚ ਜਾਪਾਨ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਕੋਰੀਆ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ।
1953 ਵਿੱਚ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਉੱਤੇ ਅਚਾਨਕ ਹਮਲਾ ਕਰ ਕੇ ਉਸ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉੱਤਰੀ ਕੋਰੀਆ ਦੀ ਪਿੱਠ ਉੱਤੇ ਰੂਸ ਤਾਂ ਦੱਖਣੀ ਕੋਰੀਆ ਦੀ ਪਿੱਠ ‘ਤੇ ਅਮਰੀਕਾ ਖੜ੍ਹਾ ਸੀ। ਆਖਰ 1953 ਵਿੱਚ ਇਹ ਲੜਾਈ ਮੁੱਕ ਗਈ, ਜਿਸ ਵਿੱਚ 25 ਲੱਖ ਤੋਂ ਵੱਧ ਫੌਜੀਆਂ ਅਤੇ ਆਮ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ। ਇਨ੍ਹਾਂ ਦੋਵਾਂ ਦੇਸ਼ਾਂ ਨੂੰ ਇਕੱਠੇ ਕਰਨ ਲਈ ਕੁਝ ਵੱਡੀਆਂ ਤਾਕਤਾਂ ਨੂੰ ਅਧਿਕਾਰ ਦਿੱਤੇ ਗਏ। ਉਦੋਂ ਤੋਂ ਲੈ ਕੇ ਅੱਜ ਤੱਕ ਦੋਵਾਂ ਦੇਸ਼ਾਂ ਵਿਚਾਲੇ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਰਿਹਾ। ਇਨ੍ਹਾਂ 65 ਸਾਲਾਂ ਦੌਰਾਨ ਦੱਖਣੀ ਕੋਰੀਆ ਦੀ 2010 ਵਿੱਚ ਜੀ ਡੀ ਪੀ 73 ਲੱਖ ਕਰੋੜ ਰੁਪਏ ਸੀ, ਜੋ ਇਸ ਵੇਲੇ 94 ਲੱਖ ਕਰੋੜ ਰੁਪਏ ਹੋ ਚੁੱਕੀ ਹੈ ਤੇ ਇਸ ਦੀ ਜੀ ਡੀ ਪੀ ਸੰਸਾਰ ਦੀ ਅਰਥ ਵਿਵਸਥਾ ਦੇ 2.28 ਫੀਸਦੀ ਦੇ ਬਰਾਬਰ ਹੈ, ਜਦ ਕਿ ਉੱਤਰੀ ਕੋਰੀਆ ਦੀ ਜੀ ਡੀ ਪੀ 2010 ਵਿੱਚ 93 ਹਜ਼ਾਰ ਕਰੋੜ ਰੁਪਏ ਦੀ ਸੀ, 2016 ਵਿੱਚ 1.07 ਲੱਖ ਕਰੋੜ ਰੁਪਏ ਹੋ ਗਈ ਅਤੇ ਵਿਸ਼ਵ ਅਰਥ ਵਿਵਸਥਾ ‘ਚ ਇਸ ਦੀ ਜੀ ਡੀ ਪੀ 0.03 ਫੀਸਦੀ ਦੇ ਬਰਾਬਰ ਹੈ।
ਦੱਖਣੀ ਕੋਰੀਆ ਦੀ ਸਭ ਤੋਂ ਵੱਡੀ ਕੰਪਨੀ ਸੈਮਸੰਗ ਦਾ ਲਾਭ 2017 ਵਿੱਚ 3.3 ਲੱਖ ਕਰੋੜ ਰੁਪਏ ਸੀ, ਜਦ ਕਿ ਉੱਤਰੀ ਕੋਰੀਆ ਦੀ ਜੀ ਡੀ ਪੀ ਸੈਮਸੰਗ ਦੇ ਮੁਨਾਫੇ ਦਾ ਇੱਕ-ਤਿਹਾਈ ਹਿੱਸਾ ਹੈ। ਇਸ ਤੋਂ ਸਾਫ ਹੈ ਕਿ ਦੱਖਣੀ ਕੋਰੀਆ ਨੇ ਆਪਣੀ ਸਾਰੀ ਤਾਕਤ ਆਪਣੇ ਦੇਸ਼ ਦਾ ਉਦਯੋਗੀਕਰਨ ਕਰਨ ਅਤੇ ਵਿਕਾਸ ਦੇ ਰਾਹ ‘ਤੇ ਚੱਲਣ ਵਿੱਚ ਲਾ ਦਿੱਤੀ, ਜਦ ਕਿ ਉੱਤਰੀ ਕੋਰੀਆ ਸਿਰਫ ਐਟਮੀ ਹਥਿਆਰ ਬਣਾਉਣ ਵਿੱਚ ਸਮਾਂ ਬਰਬਾਦ ਕਰਦਾ ਰਿਹਾ, ਜਿਸ ਨਾਲ ਉਸ ਦੇਸ਼ ਦੇ ਲੋਕਾਂ ਦੀ ਮਾਲੀ ਹਾਲਤ ਦਿਨ ਬ ਦਿਨ ਵਿਗੜਦੀ ਗਈ, ਜਦ ਕਿ ਦੱਖਣੀ ਕੋਰੀਅ ਦੇ ਲੋਕ ਖੁਸ਼ਹਾਲ ਹੋ ਗਏ।
ਉੱਤਰੀ ਕੋਰੀਆ ਦੇ ਹਾਕਮ ਦਾ ਇਕਦਮ ਮਨ ਬਦਲ ਜਾਣਾ ਹੈਰਾਨ ਕਰਦਾ ਹੈ ਅਤੇ ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਉਹ ਆਪਣੇ ਦੇਸ਼ ਦੇ ਲੋਕਾਂ ਦੀ ਭਲਾਈ ਅਤੇ ਦੇਸ਼ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੁੰਦਾ ਹੈ। ਇਸ ਲਈ ਕਿਮ ਜੋਂਗ ਉਨ ਨੇ ਆਪਣੇ ਐਟਮੀ ਪ੍ਰੀਖਣ ਸਥਾਨਾਂ ਨੂੰ ਵੀ ਖਤਮ ਕਰਨ ਦਾ ਫੈਸਲਾ ਕੀਤਾ ਹੈ। ਡੋਨਾਲਡ ਟਰੰਪ ਨੇ ਵੀ ਇਸ ਦਾ ਖੁੱਲ੍ਹ ਕੇ ਸਵਾਗਤ ਕੀਤਾ ਹੈ।
ਦੋਵਾਂ ਕੋਰੀਆਈ ਦੇਸ਼ਾਂ ਵਿਚਾਲੇ ਸੰਬੰਧ ਸੁਧਰਨ ਨਾਲ ਦੁਨੀਆ ਦੇ ਦੇਸ਼ਾਂ ਲਈ ਇੱਕ ਮਿਸਾਲ ਕਾਇਮ ਹੋਈ ਹੈ, ਖਾਸ ਕਰ ਕੇ ਭਾਰਤ ਅਤੇ ਪਾਕਿਸਤਾਨ ਲਈ। ਜੇੇ ਉੱਤਰੀ ਤੇ ਦੱਖਣੀ ਕੋਰੀਆ 65 ਵਰ੍ਹਿਆਂ ਦੇ ਲੜਾਈ ਝਗੜੇ ਨੂੰ ਖਤਮ ਕਰ ਕੇ ਇੱਕ ਹੋ ਸਕਦੇ ਹਨ ਤਾਂ ਫਿਰ ਭਾਰਤ ਅਤੇ ਪਾਕਿਸਤਾਨ ਅਜਿਹਾ ਕਿਉਂ ਨਹੀਂ ਕਰ ਸਕਦੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰ ਸਾਲਾਂ ‘ਚ ਚੌਥੀ ਵਾਰ ਚੀਨ ਗਏ ਅਤੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨਾਲ ਮੁਲਾਕਾਤ ਕਰ ਕੇ ਇਹ ਸਾਫ ਕੀਤਾ ਕਿ ਭਾਰਤ ਤੇ ਚੀਨ ਮਿਲ ਕੇ ਵਿਸ਼ਵ ਸ਼ਾਂਤੀ ‘ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਅਸਲ ਵਿੱਚ ਇਹ ਇੱਕ ਗੈਰ-ਰਸਮੀ ਮੁਲਾਕਾਤ ਸੀ, ਜਿਸ ‘ਚ ਆਪਸੀ ਸੰਬੰਧ ਸੁਧਾਰਨ ਦਾ ਚੰਗਾ ਮੌਕਾ ਮਿਲਿਆ ਹੈ।
ਅਸਲੀਅਤ ਇਹ ਹੈ ਕਿ ਅੱਜ 21ਵੀਂ ਸਦੀ ‘ਚ ਰਹਿ ਰਹੇ ਲੋਕ ਇਹ ਗੱਲ ਚੰਗੀ ਤਰ੍ਹਾਂ ਸਮਝ ਗਏ ਹਨ ਕਿ ਜੰਗਾਂ, ਕਤਲੇਆਮ ਨਾਲ ਕੋਈ ਫਾਇਦਾ ਨਹੀਂ ਹੁੰਦਾ। ਸਰਹੱਦੀ ਵਿਵਾਦ ਤਾਂ ਦੁਨੀਆ ਦੇ ਕਈ ਦੇਸ਼ਾਂ ਵਿਚਾਲੇ ਰਹਿੰਦੇ ਹਨ, ਪਰ ਉਹ ਫੌਜੀ ਕਾਰਵਾਈ ਦੀ ਥਾਂ ਆਪਸ ‘ਚ ਮਿਲ ਕੇ ਹੱਲ ਕਰਨਾ ਚਾਹੁੰਦੇ ਹਨ। ਅੱਜ ਦੇ ਦੌਰ ਦੀ ਇਹੋ ਕੂਟਨੀਤੀ ਹੈ।
ਅਮਰੀਕਾ ਤੇ ਕੈਨੇਡਾ ਵਿਚਾਲੇ ਵੀ ਸਰਹੱਦੀ ਵਿਵਾਦ ਰਹੇ ਅਤੇ ਅਮਰੀਕਾ ਨੇ ਦੋ ਵਾਰ ਕੈਨੇਡਾ ‘ਤੇ ਚੜ੍ਹਾਈ ਕੀਤੀ, ਪਰ ਆਖਿਰ ਵਿੱਚ ਦੋਵਾਂ ਨੇ ਮਿਲ ਕੇ ਸਰਹੱਦੀ ਵਿਵਾਦ ਨੂੰ ਹਮੇਸ਼ਾ ਲਈ ਖਤਮ ਕਰ ਲਿਆ। ਚੀਨ ਤੇ ਰੂਸ ਦੇ ਕਈ ਜਗ੍ਹਾ ਸਰਹੱਦੀ ਵਿਵਾਦ ਹਨ ਤੇ ਰੂਸ ਅਤੇ ਜਾਪਾਨ ਦੇ ਵੀ, ਪਰ ਇਹ ਆਪਸ ਵਿੱਚ ਫੌਜੀ ਤਾਕਤ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਚਾਹੁੰਦੇ। ਇਸੇ ਕਾਰਨ ਇਹ ਦੇਸ਼ ਸ਼ਾਂਤੀ ਪੂਰਨ ਵਿਕਾਸ ਦੇ ਰਾਹ ‘ਤੇ ਚੱਲ ਰਹੇ ਹਨ ਅਤੇ ਆਰਥਿਕ ਪੱਖੋਂ ਮਜ਼ਬੂਤ ਹਨ, ਜਿਸ ਨਾਲ ਉਥੋਂ ਦੇ ਲੋਕਾਂ ਦੇ ਜੀਵਨ ਪੱਧਰ ‘ਚ ਵੀ ਬਹੁਤ ਸੁਧਾਰ ਆਇਆ ਹੈ।
ਭਾਰਤ ਤੇ ਪਾਕਿਸਤਾਨ ਨੂੰ ਇਨ੍ਹਾਂ ਸੰਬੰਧਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਅੱਜ ਦਾ ਪਾਕਿਸਤਾਨ ਤੇ ਬੰਗਲਾ ਦੇਸ਼ 1947 ਤੋਂ ਪਹਿਲਾਂ ਭਾਰਤ ਦਾ ਹਿੱਸਾ ਸਨ। ਇਹ ਅੰਗਰੇਜ਼ਾਂ ਦੀ ਸਾਜ਼ਿਸ਼ ਦਾ ਸ਼ਿਕਾਰ ਬਣੇ ਅਤੇ ਭਾਰਤ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਅੱਜ 132 ਕਰੋੜ ਭਾਰਤੀ ਦਿਲੋਂ ਚਾਹੁੰਦੇ ਹਨ ਕਿ ਪਾਕਿਸਤਾਨ ਤੇ ਬੰਗਲਾ ਦੇਸ਼ ਵੀ ਚੰਗੇ ਗੁਆਂਢੀ ਵਾਂਗ ਰਹਿਣ, ਉਥੋਂ ਦੇ ਲੋਕਾਂ ਦੀ ਗੁਰਬਤ ਘਟੇ, ਪਰ ਪਾਕਿਸਤਾਨ ਨੇ ਭਾਰਤ ਹੀ ਨਹੀਂ, ਦੁਨੀਆ ਦੇ ਕਈ ਦੇਸ਼ਾਂ ਲਈ ਅੱਤਵਾਦ ਦੀ ਸਮੱਸਿਆ ਪੈਦਾ ਕਰ ਕੇ ਇੱਕ ਬਹੁਤ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਭਾਰਤ ਨਾਲੋਂ ਅੱਡ ਹੋਣ ਤੋਂ ਬਾਅਦ ਛੇਤੀ ਹੀ ਪਾਕਿਸਤਾਨ ਨੇ ਕਸ਼ਮੀਰ ‘ਤੇ ਹਮਲਾ ਕਰ ਦਿੱਤਾ ਤੇ ਉਸ ਤੋਂ ਬਾਅਦ 1965, 1971 ਅਤੇ 1999 ‘ਚ ਵੀ ਭਾਰਤ ਨਾਲ ਪੰਗਾ ਲਿਆ, ਪਰ ਹਰ ਵਾਰ ਉਸ ਨੂੰ ਭਾਰਤ ਹੱਥੋਂ ਕਰਾਰੀ ਹਾਰ ਮਿਲੀ।
ਅੱਜ ਪਾਕਿਸਤਾਨ ਅੱਤਵਾਦ ਦੇ ਜ਼ਰੀਏ ਕਸ਼ਮੀਰ ‘ਚ ਲਗਾਤਾਰ ਗੜਬੜ ਕਰ ਰਿਹਾ ਹੈ ਅਤੇ ਉਸ ਵੱਲੋਂ ਟ੍ਰੇਂਡ ਕੀਤੇ ਗਏ ਅੱਤਵਾਦੀ ਵੀ ਰੋਜ਼ ਮਾਰੇ ਜਾ ਰਹੇ ਹਨ। ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਦੇਸ਼ ਦੇ ਸਾਰੇ ਪ੍ਰਧਾਨ ਮੰਤਰੀਆਂ ਨੇ ਪਾਕਿਸਤਾਨ ਨਾਲ ਚੰਗੇ ਸੰਬੰਧ ਬਣਾਉਣ ‘ਚ ਕਸਰ ਨਹੀਂ ਛੱਡੀ, ਪਰ ਪਾਕਿਸਤਾਨ ਨੇ ਅਜਿਹਾ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ ਕਿ ਉਹ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆ ਰਿਹਾ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਉੱਤਰੀ ਅਤੇ ਦੱਖਣੀ ਵੀਅਤਨਾਮ ਇਕੱਠੇ ਹੋ ਸਕਦੇ ਹਨ, ਪੂਰਬੀ ਤੇ ਪੱਛਮੀ ਜਰਮਨੀ ਇੱਕ ਦੇਸ਼ (1990 ‘ਚ) ਬਣ ਸਕਦੇ ਹਨ ਅਤੇ ਉਤਰੀ ਤੇ ਦੱਖਣੀ ਕੋਰੀਆ ਨੇ ਦੁਨੀਆ ਸਾਹਮਣੇ ਨਵੀਂ ਮਿਸਾਲ ਪੇਸ਼ ਕੀਤੀ ਹੈ, ਤਾਂ ਪਾਕਿਸਤਾਨ ਦੇ ਹਾਕਮ ਇਸ ਤੋਂ ਸਬਕ ਕਿਉਂ ਨਹੀਂ ਲੈ ਸਕਦੇ? ਇਹ ਪਾਕਿਸਤਾਨ ਦੇ ਹਿੱਤ ਵਿੱਚ ਹੈ ਕਿ ਉਹ ਅੱਤਵਾਦ ‘ਤੇ ਕਾਬੂ ਪਾਵੇ, ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇਣਾ ਬੰਦ ਕਰੇ। ਖੁਦ ਵੀ ਸਨਮਾਨ ਨਾਲ ਰਹੇ ਤੇ ਗੁਆਂਢੀਆਂ ਨੂੰ ਵੀ ਸ਼ਾਂਤੀ ਨਾਲ ਰਹਿਣ ਦੇਵੇ। ਆਖਰ ਭਾਰਤ ਤੇ ਪਾਕਿਸਤਾਨ ਦੋਵੇਂ ਹੀ ਧਰਤੀ ਦੇ ‘ਜਾਏ’ ਹਨ।
ਪਾਕਿਸਤਾਨ ਅਤੇ ਬੰਗਲਾ ਦੇਸ਼ ‘ਚ ਰਹਿਣ ਵਾਲੇ ਲੋਕ ਅੱਜ ਤੋਂ ਕੁਝ ਸਦੀਆ ਪਹਿਲਾਂ ਹਿੰਦੂ ਹੀ ਸਨ। ਧਰਮ ਬਦਲ ਜਾਣਾ ਕੋਈ ਨਫਰਤ ਦੀ ਬੁਨਿਆਦ ਨਹੀਂ ਹੁੰਦੀ। ਜਦ ਦੁਨੀਆ ਦੇ ਦੂਸਰੇ ਲੋਕ ਵੱਖ-ਵੱਖ ਧਰਮਾਂ ਨੂੰ ਮੰਨਦੇ ਹੋਏ ਆਪਸ ‘ਚ ਮਿਲ-ਜੁਲ ਕੇ ਰਹਿ ਸਕਦੇ ਹਨ ਤਾਂ ਭਾਰਤ ਅਤੇ ਪਾਕਿਸਤਾਨ ਦੀ ਕੀ ਮੁਸ਼ਕਲ ਹੈ।