ਦੱਖਣੀ ਜਾਪਾਨ ਵਿੱਚ ਭਾਰੀ ਮੀਂਹ ਪੈਣ ਕਾਰਨ 76 ਮਰੇ


ਹਿਰੋਸਿ਼ਮਾ, ਜਾਪਾਨ, 8 ਜੁਲਾਈ (ਪੋਸਟ ਬਿਊਰੋ) : ਲਗਾਤਾਰ ਤੀਜੇ ਦਿਨ ਵੀ ਜਾਰੀ ਰਹਿਣ ਵਾਲੇ ਮੀਂਹ ਕਾਰਨ ਦੱਖਣੀ ਜਾਪਾਨ ਨਾ ਸਿਰਫ ਝੰਬਿਆ ਗਿਆ ਹੈ ਸਗੋਂ ਇੱਥੇ ਹੁਣ ਤੱਕ 76 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਐਤਵਾਰ ਰਾਤ ਵੀ ਲੋਕਾਂ ਦੀ ਭਾਲ ਦਾ ਕੰਮ ਜਾਰੀ ਰਿਹਾ। ਸਰਕਾਰ ਵੱਲੋਂ ਮਰਨ ਵਾਲਿਆਂ ਦੀ ਗਿਣਤੀ 48 ਦੱਸੀ ਗਈ ਹੈ ਜਦਕਿ 28 ਲੋਕਾਂ ਦੇ ਹੋਰ ਮਾਰੇ ਜਾਣ ਦਾ ਖਤਰਾ ਬਣਿਆ ਹੋਇਆ ਹੈ।
ਜਾਪਾਨ ਸਰਕਾਰ ਦੇ ਬੁਲਾਰੇ ਯੋਸ਼ੀਹਿਦੇ ਸੂਗਾ ਨੇ ਦੱਸਿਆ ਕਿ ਅਜੇ ਵੀ 92 ਲੋਕਾਂ ਦਾ ਥਹੁ ਪਤਾ ਨਹੀਂ ਲੱਗ ਪਾ ਰਿਹਾ। ਇਨ੍ਹਾਂ ਵਿੱਚੋਂ ਬਹੁਤੇ ਹਿਰੋਸਿ਼ਮਾ ਦੇ ਦੱਖਣੀ ਹਿੱਸੇ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਮਿਲ ਚੁੱਕੀਆਂ ਹਨ। ਇਹ ਵੀ ਪਤਾ ਲੱਗਿਆ ਹੈ ਕਿ ਕਈ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਕਾਰਾਂ ਹੀ ਰੁੜ੍ਹ ਗਈਆਂ। ਰੈਸਕਿਊ ਮਿਸ਼ਨ ਲਈ 40 ਹੈਲੀਕਾਪਟਰ ਲਾਏ ਗਏ ਹਨ।
ਪ੍ਰਧਾਨ ਮੰਤਰੀ ਸਿ਼ੰਜ਼ੋ ਆਬੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਰੈਸਕਿਊ ਸਬੰਧੀ ਕੋਸਿ਼ਸ਼ਾਂ ਤਾਂ ਸਮੇਂ ਦੇ ਨਾਲ ਜੰਗ ਲੜਨ ਵਾਲੀ ਗੱਲ ਹੈ। ਰੈਸਕਿਊ ਟੀਮਾਂ ਆਪਣੀ ਪੂਰੀ ਵਾਹ ਲਾ ਕੇ ਲੋਕਾਂ ਨੂੰ ਬਚਾਅ ਰਹੀਆਂ ਹਨ। ਜਾਪਾਨ ਦੇ ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਕੋਚੀ ਵਿੱਚ ਇੱਕ ਇਲਾਕੇ ਵਿੱਚ ਲਗਾਤਾਰ ਤਿੰਨ ਘੰਟੇ ਪਏ ਮੀਂਹ ਕਾਰਨ ਜਲ ਥਲ ਹੋ ਗਈ। ਇਸ ਦੌਰਾਨ 26.3 ਸੈਂਟੀਮੀਟਰ ਤੱਕ ਮੀਂਹ ਪਿਆ ਜੋ ਕਿ 1976 ਤੋਂ ਬਾਅਦ ਸੱਭ ਤੋਂ ਵੱਧ ਦਰਜ ਕੀਤਾ ਗਿਆ।
ਮੀਂਹ ਕਾਰਨ ਕਈ ਥਾਂਵਾਂ ਉੱਤੇ ਹੜ੍ਹ ਆ ਜਾਣ, ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਸਹੀ ਗਿਣਤੀ ਦਾ ਅੰਦਾਜ਼ਾ ਲਾ ਪਾਉਣਾ ਕਾਫੀ ਮੁਸ਼ਕਲ ਹੋਇਆ ਪਿਆ ਹੈ। ਹਿਰੋਸਿ਼ਮਾ ਦੇ ਕਈ ਇਲਾਕਿਆਂ ਵਿੱਚ ਪਾਣੀ ਰਿਹਾਇਸ਼ੀ ਥਾਂਵਾਂ ਉੱਤੇ ਵੜ ਗਿਆ, ਕਈ ਥਾਂਵਾਂ ਉੱਤੇ ਟੈਲੀਫੋਨ ਦੇ ਖੰਭੇ ਡਿੱਗ ਗਏ, ਰੁੱਖ ਜੜ੍ਹੋਂ ਪੁੱਟੇ ਗਏ ਤੇ ਚਿੱਕੜ ਕਾਰਨ ਅਜਿਹੀਆਂ ਥਾਂਵਾਂ ਉੱਤੇ ਕਾਫੀ ਨੁਕਸਾਨ ਹੋਇਆ। ਕਈ ਘਰ ਤਾਂ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਏ।