ਦੱਖਣੀ ਕੋਰੀਆ ਨਾਲ ਅਗਸਤ ਵਿੱਚ ਹੋਣ ਵਾਲੀਆਂ ਫੌਜੀ ਮਸ਼ਕਾਂ ਅਮਰੀਕਾ ਵੱਲੋਂ ਮੁਲਤਵੀ


ਵਾਸਿ਼ੰਗਟਨ, 18 ਜੂਨ (ਪੋਸਟ ਬਿਊਰੋ) : ਸੋਮਵਾਰ ਨੂੰ ਪੈਂਟਾਗਨ ਵੱਲੋਂ ਰਸਮੀ ਤੌਰ ਉੱਤੇ ਅਗਸਤ ਵਿੱਚ ਦੱਖਣੀ ਕੋਰੀਆ ਨਾਲ ਕੀਤੀਆਂ ਜਾਣ ਵਾਲੀਆਂ ਸਾਂਝੀਆਂ ਮਸ਼ਕਾਂ ਮੁਲਤਵੀ ਕਰ ਦਿੱਤੀਆਂ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਤੇ ਉੱਤਰੀ ਕੋਰੀਆ ਦੇ ਹਾਕਮ ਕਿੰਮ ਜੌਂਗ ਉਨ ਵਿਚਾਲੇ ਹੋਈ ਸਿਖਰ ਵਾਰਤਾ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਰੱਖਿਆ ਮੰਤਰਾਲੇ ਦੀ ਤਰਜ਼ਮਾਨ ਡਾਨਾ ਵਾੲ੍ਹੀਟ ਨੇ ਆਖਿਆ ਕਿ ਗਰਮੀਆਂ ਵਿੱਚ ਹੋਣ ਜਾ ਰਹੀਆਂ ਇਨ੍ਹਾਂ ਮਸ਼ਕਾਂ ਦੀ ਯੋਜਨਾ ਰੋਕ ਦਿੱਤੀ ਗਈ ਹੈ ਤੇ ਦੱਖਣੀ ਕੋਰੀਆ ਨਾਲ ਅਜੇ ਹੋਰ ਫੌਜੀ ਮਸ਼ਕਾਂ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਂਤ ਮਹਾਸਾਗਰ ਵਿੱਚ ਹੋਰਨਾਂ ਮੁਲਕਾਂ ਨਾਲ ਚੱਲ ਰਹੀਆਂ ਫੌਜੀ ਮਸ਼ਕਾਂ ਜਾਰੀ ਰਹਿਣਗੀਆਂ।
ਕਿੰਮ ਨਾਲ ਮੁਲਾਕਾਤ ਤੋਂ ਬਾਅਦ ਪਿਛਲੇ ਮੰਗਲਵਾਰ ਇੱਕ ਨਿਊਜ਼ ਕਾਨਫਰੰਸ ਵਿੱਚ ਗੱਲ ਕਰਦਿਆਂ ਟਰੰਪ ਨੇ ਅਚਾਨਕ ਇਹ ਐਲਾਨ ਕੀਤਾ ਸੀ ਕਿ ਉਹ ਦੱਖਣੀ ਕੋਰੀਆ ਨਾਲ ਸਾਂਝੀਆਂ ਮਸ਼ਕਾਂ ਬੰਦ ਕਰਨ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਇਹ ਮਸ਼ਕਾਂ ਰੋਕ ਕੇ ਅਮਰੀਕਾ ਕਾਫੀ ਪੈਸੇ ਬਚਾਅ ਸਕਦਾ ਹੈ। ਇਸ ਤੋਂ ਇਲਾਵਾ ਟਰੰਪ ਨੇ ਆਖਿਆ ਕਿ ਇਹ ਕਾਫੀ ਭੜਕਾਊ ਵੀ ਹਨ।