ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਬਾਕ ਨੇ ਭ੍ਰਿਸ਼ਟਾਚਾਰ ਕੀਤਾ ਮੰਨਿਆ


ਸਿਓਲ, 15 ਮਾਰਚ (ਪੋਸਟ ਬਿਊਰੋ)- ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਹੋਏ ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਲੀ ਮਯੁੰਗ-ਬਾਕ ਨੇ ਵਕੀਲਾਂ ਨਾਲ ਕਈ ਘੰਟੇ ਲੰਮੀ ਪੁੱਛਗਿੱਛ ਵਿੱਚ ਇਸ ਗੱਲ ਨੂੰ ਮੰਨ ਲਿਆ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਉੱਤੇ ਹੁੰਦੇ ਹੋਏ ਉਨ੍ਹਾਂ ਨੇ ਸਰਕਾਰੀ ਖੁਫੀਆ ਏਜੰਸੀ ਤੋਂ ਇੱਕ ਲੱਖ ਡਾਲਰ ਦੀ ਰਕਮ ਹਾਸਲ ਕੀਤੀ ਸੀ। ਵੀਰਵਾਰ ਨੂੰ ਇਕ ਰਿਪੋਰਟ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ।
ਕਈ ਘੰਟੇ ਲੰਮੀ ਪੁੱਛਗਿੱਛ ਤੋਂ ਬਾਅਦ ਲੀ ਅੱਜ ਵੀਰਵਾਰ ਨੂੰ ਘਰ ਪਰਤੇ ਹਨ। ਇਸ ਸਭ ਤੋਂ ਬਾਅਦ ਅਪਰਾਧਿਕ ਜਾਂਚ ਵਿੱਚ ਘਿਰੇ ਹੋਏ ਦੇਸ਼ ਦੇ ਜਿਊਂਦੇ ਸਾਬਕਾ ਨੇਤਾਵਾਂ ਵਿੱਚ ਨਵਾਂ ਨਾਂਅ ਲੀ ਦਾ ਜੁੜ ਗਿਆ ਹੈ। ਇਕ ਖਬਰ ਏਜੰਸੀ ਨੇ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਨੇ ਭ੍ਰਿਸ਼ਟਾਚਾਰ ਦੇ ਕਈ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ, ਪਰ ਉਸ ਨੇ ਇਕ ਸਹਿਯੋਗੀ ਦੇ ਰਾਹੀਂ ਨੈਸ਼ਨਲ ਇੰਟੈਲੀਜੈਂਸ ਸਰਵਿਸ ਤੋਂ ਅਧਿਕਾਰਿਤ ਤੌਰ ਉੱਤੇ ਰਕਮ ਲੈਣ ਦੀ ਗੱਲ ਮੰਨ ਲਈ ਹੈ। ਲੱਖਾਂ ਡਾਲਰ ਦੀ ਰਿਸ਼ਵਤ ਦੇ ਕੇਸ ਵਿੱਚ ਚੱਲ ਰਹੀ ਜਾਂਚ ਬਾਰੇ ਇਸ ਦੇ ਹਫਤੇ ਵਿੱਚ 76 ਸਾਲਾਂ ਸਾਬਕਾ ਰਾਸ਼ਟਰਪਤੀ ਦੇ ਰਿਸ਼ਤੇਦਾਰਾਂ ਤੇ ਸਹਿਯੋਗੀਆਂ ਉੱਤੇ ਲੀ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗੇ ਸਨ। ਇਸ ਜਾਂਚ ਦਾ ਉਦੇਸ਼ ਦੱਖਣੀ ਕੋਰੀਆ ਦੇ ਸਾਰੇ ਚਾਰ ਜਿਊਂਦੇ ਸਾਬਕਾ ਰਾਸ਼ਟਰਪਤੀਆਂ ਨੂੰ ਇਨ੍ਹਾਂ ਦੋਸ਼ਾਂ ਲਈ ਦੋਸ਼ੀ ਠਹਿਰਾਉਣਾ, ਉਨ੍ਹਾਂ ਉੱਤੇ ਦੋਸ਼ ਤੈਅ ਕਰਨਾ ਜਾਂ ਅਪਰਾਧਿਕ ਦੋਸ਼ਾਂ ਲਈ ਜਾਂਚ ਦਾ ਸਾਹਮਣਾ ਕਰਵਾਉਣਾ ਹੈ ਅਤੇ ਇਹ ਕਾਰਵਾਈ ਲਗਾਤਾਰ ਚੱਲ ਰਹੀ ਹੈ।