ਦੱਖਣੀ ਕੋਰੀਆ ਦੇ ਆਸਮਾਨ ਵਿੱਚ ਅਮਰੀਕਾ ਨੇ ਕੀਤਾ ਸ਼ਕਤੀ ਪ੍ਰਦਰਸ਼ਨ

ਸਿਓਲ, 6 ਦਸੰਬਰ (ਪੋਸਟ ਬਿਊਰੋ) : ਅਮਰੀਕਾ ਨੇ ਸ਼ਕਤੀ ਪ੍ਰਦਰਸ਼ਨ ਕਰਨ ਲਈ ਦੱਖਣੀ ਕੋਰੀਆ ਦੇ ਆਸਮਾਨ ਵਿੱਚ ਬੀ-1ਬੀ ਸੁਪਰਸੌਨਿਕ ਹਮਲਾਵਰ ਜਹਾਜ਼ ਉਡਾਏ। ਇਹ ਪ੍ਰਦਰਸ਼ਨ ਸਾਂਝੀਆਂ ਹਵਾਈ ਮਸ਼ਕਾਂ ਦਾ ਹੀ ਹਿੱਸਾ ਸੀ ਤੇ ਪਿਛਲੇ ਹਫਤੇ ਉੱਤਰੀ ਕੋਰੀਆ ਵੱਲੋਂ ਆਪਣੀ ਹੁਣ ਤੱਕ ਦੀ ਸੱਭ ਤੋਂ ਵੱਡੀ ਤੇ ਸ਼ਕਤੀਸ਼ਾਲੀ ਮਿਜ਼ਾਈਲ ਦੇ ਕੀਤੇ ਗਏ ਪ੍ਰਦਰਸ਼ਨ ਖਿਲਾਫ ਦਿੱਤੀ ਗਈ ਖੁੱਲ੍ਹੀ ਚੇਤਾਵਨੀ ਸੀ।
ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਆਖਿਆ ਕਿ ਗੁਆਮ ਸਥਿਤ ਟਿਕਾਣੇ ਤੋਂ ਦੱਖਣੀ ਕੋਰੀਆ ਦੇ ਪੂਰਬੀ ਤੱਟ ਲਾਗੇ ਸਥਿਤ ਫੌਜੀ ਮੈਦਾਨ ਉੱਤੇ ਅਮਰੀਕਾ ਤੇ ਦੱਖਣੀ ਕੋਰੀਆ ਦੇ ਫਾਈਟਰ ਜੈੱਟਜ਼ ਵੱਲੋਂ ਇਹ ਮਸ਼ਕਾਂ ਕੀਤੀਆਂ ਜਾ ਰਹੀਆਂ ਸਨ। ਫੌਜ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਆਖਿਆ ਗਿਆ ਕਿ ਇਸ ਡਰਿੱਲ ਰਾਹੀਂ ਦੱਖਣੀ ਕੋਰੀਆ ਤੇ ਅਮਰੀਕਾ ਨੇ ਉੱਤਰੀ ਕੋਰੀਆ ਵੱਲੋਂ ਆਪਣੇ ਪ੍ਰਮਾਣੂ ਹਥਿਆਰਾਂ ਤੇ ਮਿਜ਼ਾਈਲਾਂ ਰਾਹੀਂ ਧਮਕਾਏ ਜਾਣ ਦੀ ਸੂਰਤ ਵਿੱਚ ਉਸ ਨੂੰ ਸਬਕ ਸਿਖਾਉਣ ਦੀ ਆਪਣੀ ਸਮਰੱਥਾ ਦਾ ਮੁਜ਼ਾਹਰਾ ਕੀਤਾ।
ਸੋਮਵਾਰ ਤੋਂ ਸ਼ੁਰੂ ਹੋਈਆਂ ਇਨ੍ਹਾਂ ਪੰਜ ਰੋਜ਼ਾ ਮਸ਼ਕਾਂ ਵਿੱਚ 200 ਤੋਂ ਵੱਧ ਜਹਾਜ਼ ਸ਼ਾਮਲ ਹਨ, ਜਿਨ੍ਹਾਂ ਵਿੱਚ ਛੇ ਅਮਰੀਕੀ ਐਫ-22 ਤੇ 18 ਐਫ-35 ਲੜਾਕੂ ਜਹਾਜ਼ ਸ਼ਾਮਲ ਹਨ। ਉੱਤਰੀ ਕੋਰੀਆ ਨੂੰ ਐਨੀ ਨੇੜਿਓਂ ਅਮਰੀਕਾ ਵੱਲੋਂ ਮਾਰੀਆਂ ਜਾ ਰਹੀਆਂ ਫੌਜੀ ਬੜ੍ਹਕਾਂ ਪਸੰਦ ਨਹੀਂ ਆਉਂਦੀਆਂ। ਇੱਕ ਵਾਰੀ ਮੁੜ ਮੰਗਲਵਾਰ ਨੂੰ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਵਿੱਚ ਇਨ੍ਹਾਂ ਮਸ਼ਕਾਂ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਤੇ ਇਹ ਵੀ ਆਖਿਆ ਗਿਆ ਕਿ ਅਮਰੀਕਾ ਜਾਣਬੁੱਝ ਕੇ ਪ੍ਰਮਾਣੂ ਜੰਗ ਵਿੱਢਣ ਦਾ ਸੱਦਾ ਦੇ ਰਿਹਾ ਹੈ। ਇਹ ਵੀ ਆਖਿਆ ਗਿਆ ਕਿ ਇਹ ਮਸ਼ਕਾਂ ਨਹੀਂ ਸਗੋਂ ਉੱਤਰੀ ਕੋਰੀਆ ਉੱਤੇ ਕੀਤੇ ਜਾਣ ਵਾਲੇ ਧਾਵੇ ਦੀ ਰਿਹਰਸਲ ਹੈ।