ਦੱਖਣੀ ਕੋਰੀਆ ਦੀ ਸਾਬਕਾ ਰਾਸ਼ਟਰਪਤੀ ਨੂੰ 24 ਸਾਲ ਕੈਦ ਦੀ ਸਜ਼ਾ


ਸਿਓਲ, 6 ਅਪ੍ਰੈਲ (ਪੋਸਟ ਬਿਊਰੋ)- ਦੱਖਣੀ ਕੋਰੀਆ ਦੀ ਅਦਾਲਤ ਨੇ ਅੱਜ ਸ਼ੁੱਕਰਵਾਰ ਨੂੰ ਦੱਖਣੀ ਕੋਰੀਆ ਦੀ ਸਾਬਕਾ ਰਾਸ਼ਟਰਪਤੀ ਪਾਰਕ ਗੁਏਨ ਹੂ ਨੂੰ ਦੋਸ਼ੀ ਕਰਾਰ ਦੇਣ ਪਿੱਛੋਂ 24 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਪਾਰਕ ਉੱਤੇ ਰਿਸ਼ਵਤ ਲੈਣ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਲੱਗੇ ਹੋਏ ਹਨ।
ਸਾਬਕਾ ਰਾਸ਼ਟਰਪਤੀ ਪਾਰਕ ਗੁਏਨ ਹੂ ਦੇ ਵਿਰੁੱਧ ਕੇਸ ਲੜ ਰਹੇ ਵਕੀਲ ਨੇ ਅਪੀਲ ਕੀਤੀ ਸੀ ਕਿ ਪਾਰਕ ਨੂੰ ਘੱਟੋ-ਘੱਟ 30 ਸਾਲ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰਨਾਂ ਨੇਤਾਵਾਂ ਨੂੰ ਇਸ ਤੋਂ ਸਿੱਖਿਆ ਮਿਲੇ ਕਿ ਅਹੁਦੇ ਦੀ ਦੁਰਵਰਤੋਂ ਕਰਨ ਉੱਤੇ ਸਖਤ ਸਜ਼ਾ ਮਿਲਦੀ ਹੈ। ਪਾਰਕ ਗੁਏਨ ਹੂ ਦੇ ਸਮੱਰਥਕ ਲੋਕ ਉਸ ਦੀ ਰਿਹਾਈ ਲਈ ਲੰਮੇ ਸਮੇਂ ਤੋਂ ਰੈਲੀਆਂ ਕੱਢ ਰਹੇ ਸਨ, ਪਰ ਅਦਾਲਤ ਨੇ ਕਾਰਵਾਈ ਕਰਦੇ ਹੋਏ ਪਾਰਕ ਗੁਏਨ ਹੂ ਨੂੰ ਸਜ਼ਾ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ ਪਿਛਲੇ ਸਾਲ ਮਾਰਚ ਵਿੱਚ ਪਾਰਕ ਗੁਏਨ ਹੂ ਨੂੰ ਅਹੁਦੇ ਦੀ ਗਲਤ ਵਰਤੋਂ ਤੇ ਰਿਸ਼ਵਤ ਲੈਣ ਦੇ ਕਈ ਦੋਸ਼ਾਂ ਹੇਠ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਪਾਰਕ ਆਪਣੇ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਅਤੇ ਸਾਬਕਾ ਤਾਨਾਸ਼ਾਹ ਪਾਰਕ ਚੁੰਗ-ਹੀ ਦੀ ਧੀ ਹੈ। ਦੱਖਣੀ ਕੋਰੀਆ ਦੀ ਅਦਾਲਤ ਨੇ ਪਾਰਕ ਨੂੰ 24 ਸਾਲ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਕਿਹਾ, ‘ਰਾਸ਼ਟਰਪਤੀ ਨੇ ਨਾਗਰਿਕਾਂ ਵੱਲੋਂ ਦਿੱਤੀ ਹੋਈ ਸ਼ਕਤੀ ਦੀ ਦੁਰਵਰਤੋਂ ਕੀਤੀ ਹੈ।’ ਇਸ ਦੇ ਨਾਲ ਹੀ ਪਾਰਕ ਨੂੰ 17 ਮਿਲੀਅਨ ਡਾਲਰ ਦਾ ਜੁਰਮਾਨਾ ਵੀ ਲੱਗਾ ਹੈ। ਦੱਖਣੀ ਕੋਰੀਆ ਵਿੱਚ ਪਹਿਲੀ ਵਾਰ ਇਹੋ ਜਿਹਾ ਕੇਸ ਹੋਇਆ ਹੈ। ਇਸ ਫੈਸਲੇ ਦੌਰਾਨ ਸਾਬਕਾ ਰਾਸ਼ਟਰਪਤੀ ਪਾਰਕ ਗੁਏਨ ਹੂ ਅਦਾਲਤ ਵਿੱਚ ਨਹੀਂ ਸਨ। ਪਾਰਕ ਅਤੇ ਉਨ੍ਹਾਂ ਦੇ ਵਕੀਲ ਨੇ ਅਦਾਲਤ ਦੇ ਫੈਸਲੇ ਨੂੰ ਪ੍ਰਸਾਰਿਤ ਕਰਨ ਦਾ ਫੈਸਲਾ ਕਰਨ ਪਿੱਛੋਂ ਇਸ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।