ਦੱਖਣੀ ਕਿਊਬਿਕ ਲਈ ਐਨਵਾਇਰਮੈਂਟ ਕੈਨੇਡਾ ਨੇ ਜਾਰੀ ਕੀਤਾ ਸਮੌਗ ਐਲਰਟ


ਮਾਂਟਰੀਅਲ, 13 ਨਵੰਬਰ (ਪੋਸਟ ਬਿਊਰੋ) : ਐਨਵਾਇਰਮੈਂਟ ਕੈਨੇਡਾ ਵੱਲੋਂ ਐਤਵਾਰ ਦੇਰ ਰਾਤ ਨੂੰ ਦੱਖਣੀ ਕਿਊਬਿਕ ਲਈ ਸਮੌਗ ਐਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਮੰਗਲਵਾਰ ਸਾਰਾ ਦਿਨ ਤੇ ਬੁੱਧਵਾਰ ਸਵੇਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਪ੍ਰੋਵਿੰਸ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਮਾਂਟਰੀਅਲ ਤੋਂ ਲੈ ਕੇ ਕਿਊਬਿਕ ਸਿਟੀ ਤੇ ਪੂਰਬੀ ਟਾਊਨਸਿੱ਼ਪਸ ਤੇ ਕਿਊਬਿਕ ਸਿਟੀ ਦੇ ਨੌਰਥਈਸਟ ਵਿੱਚ ਸਥਿਤ ਬਿਊਸ ਰੀਜਨ ਤੇ ਮੌਂਟਮੈਗਨੀ ਸ਼ਾਮਲ ਹਨ। ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਇਹ ਐਲਰਟ ਸੰਭਾਵੀ ਤੌਰ ਉੱਤੇ ਲੱਕੜ ਨਾਲ ਚੱਲਣ ਵਾਲੇ ਸਟੋਵਜ਼ ਤੋਂ ਇਲਾਵਾ ਕਾਰਾਂ ਤੇ ਇੰਡਸਟਰੀਅਲ ਗਤੀਵਿਧੀਆਂ ਕਾਰਨ ਜਾਰੀ ਕਰਨਾ ਪਿਆ ਹੈ।
ਬੁਲਾਰੇ ਬਰੂਨੋ ਮਾਰਕਿਸ ਦਾ ਕਹਿਣਾ ਹੈ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਵਾਤਾਵਰਣੀ ਹਾਲਾਤ ਸਥਿਰ ਹਨ ਤੇ ਹਵਾਵਾਂ ਨਹੀਂ ਚੱਲ ਰਹੀਆਂ ਹਨ। ਇਸ ਲਈ ਪ੍ਰਦੂਸ਼ਣ ਜ਼ਮੀਨ ਦੇ ਨੇੜੇ ਹੀ ਹੈ। ਸਮੌਗ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਹੋ ਸਕਦੀਆਂ ਹਨ ਜਿਵੇਂ ਸਾਹ ਲੈਣ ਵਿੱਚ ਤਕਲੀਫ, ਖੰਘ ਤੇ ਅੱਖਾਂ ਵਿੱਚ ਜਲਣ ਆਦਿ। ਇਸ ਨਾਲ ਦਮੇਂ ਦੀ ਸਿ਼ਕਾਇਤ ਵਿੱਚ ਵੀ ਵਾਧਾ ਹੋ ਸਕਦਾ ਹੈ।